43.38 ਮਿੰਟ ’ਚ 10,000 ਮੀਟਰ ਦੌੜ ਪੂਰੀ ਕਰ ਜਿੱਤਿਆ ਚਾਂਦੀ ਦਾ ਤਮਗ਼ਾ
ਨਵੀਂ ਦਿੱਲੀ: ਦੇਸ਼ ਦੀ ਧੀ ਨੇ ਰਾਸ਼ਟਰਮੰਡਲ ਖੇਡਾਂ ਵਿਚ ਇਕ ਹੋਰ ਮੈਡਲ ਭਾਰਤ ਦੀ ਝੋਲੀ ਪਾਇਆ ਹੈ। ਅਥਲੀਟ ਪ੍ਰਿਅੰਕਾ ਗੋਸਵਾਮੀ ਨੇ ਵਾਕ ਰੇਸ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਟੋਕੀਓ ਓਲੰਪਿਕ 'ਚ ਪੈਦਲ ਖਿਡਾਰੀ ਪ੍ਰਿਅੰਕਾ ਗੋਸਵਾਮੀ ਨੇ ਜ਼ਬਰਦਸਤ ਖੇਡ ਦਿਖਾਈ।
ਇਸ ਮੁਕਾਬਲੇ ਵਿਚ ਭਾਵੇਂ ਉਸ ਨੂੰ ਕੋਈ ਤਮਗਾ ਨਹੀਂ ਮਿਲਿਆ ਪਰ ਦੁਨੀਆਂ ਨੇ ਉਸ ਦਾ ਲੋਹਾ ਮੰਨਵਾਇਆ। ਗੋਲਡ ਦੀ ਉਮੀਦ ਨਾਲ ਬਰਮਿੰਘਮ ਪਹੁੰਚੀ ਪ੍ਰਿਅੰਕਾ ਗੋਸਵਾਮੀ ਨੇ 10 ਕਿਲੋਮੀਟਰ ਪੈਦਲ ਦੌੜ ਵਿਚ ਚਾਂਦੀ ਦਾ ਤਮਗ਼ਾ ਜਿੱਤਿਆ ਹੈ।
ਪ੍ਰਿਅੰਕਾ ਗੋਸਵਾਮੀ ਨੇ ਭਾਰਤ ਲਈ ਦਿਨ ਦਾ ਪਹਿਲਾ ਤਮਗਾ ਜਿੱਤਿਆ ਹੈ। ਉਸ ਨੇ ਔਰਤਾਂ ਦੀ 10,000 ਮੀਟਰ ਵਾਕ ਦੌੜ ਵਿਚ ਚਾਂਦੀ ਦਾ ਤਮਗਾ ਜਿੱਤਿਆ। ਪ੍ਰਿਅੰਕਾ ਨੇ ਆਪਣੀ ਦੌੜ 43.38 ਮਿੰਟ ਵਿਚ ਪੂਰੀ ਕੀਤੀ। ਆਸਟ੍ਰੇਲੀਆ ਦੀ ਜੇਮਿਮਾ ਨੇ 42.34 ਮਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਕੀਨੀਆ ਦੀ ਐਮਿਲੀ 43.50.86 ਮਿੰਟ 'ਚ ਤੀਜੇ ਸਥਾਨ 'ਤੇ ਰਹੀ।