ਏ.ਬੀ. ਡਿਵਿਲੀਅਰਜ਼ ਨੇ ਹਾਲ ਹੀ ’ਚ ਅਪਣੇ ਯੂ-ਟਿਊਬ ਚੈਨਲ ’ਤੇ ਪ੍ਰਗਟਾਵਾ ਕੀਤਾ ਸੀ ਕਿ ਭਾਰਤ ਦਾ ਇਹ ਮਹਾਨ ਖਿਡਾਰੀ ਦੂਜੀ ਵਾਰ ਪਿਤਾ ਬਣਨ ਜਾ ਰਿਹਾ ਹੈ
ਨਵੀਂ ਦਿੱਲੀ: ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਨਿੱਜੀ ਕਾਰਨਾਂ ਕਰ ਕੇ ਇੰਗਲੈਂਡ ਵਿਰੁਧ ਤੀਜੇ ਅਤੇ ਚੌਥੇ ਟੈਸਟ ਮੈਚ ਤੋਂ ਬਾਹਰ ਹੋ ਸਕਦੇ ਹਨ। ਭਾਰਤੀ ਕ੍ਰਿਕਟ ਬੋਰਡ (BCCI) ਦੇ ਸੂਤਰਾਂ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ । ਕੋਹਲੀ ਨਿੱਜੀ ਕਾਰਨਾਂ ਕਰ ਕੇ ਪਹਿਲੇ ਦੋ ਟੈਸਟ ਮੈਚਾਂ ’ਚ ਨਹੀਂ ਖੇਡ ਸਕੇ ਸਨ। ਉਨ੍ਹਾਂ ਦਾ ਧਰਮਸ਼ਾਲਾ ’ਚ 7 ਤੋਂ 11 ਮਾਰਚ ਤਕ ਹੋਣ ਵਾਲੇ ਆਖਰੀ ਟੈਸਟ ’ਚ ਖੇਡਣਾ ਵੀ ਸ਼ੱਕੀ ਹੈ ਪਰ BCCI ਜ਼ਿਆਦਾ ਅੱਗੇ ਨਹੀਂ ਸੋਚ ਰਿਹਾ ਕਿਉਂਕਿ ਮੈਚ ਇਕ ਮਹੀਨੇ ਬਾਅਦ ਸ਼ੁਰੂ ਹੋਵੇਗਾ।
ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ 15 ਤੋਂ 19 ਫ਼ਰਵਰੀ ਤਕ ਰਾਜਕੋਟ ਵਿਚ ਖੇਡਿਆ ਜਾਵੇਗਾ, ਜਦਕਿ ਚੌਥਾ ਮੈਚ ਰਾਂਚੀ ਵਿਚ 23 ਤੋਂ 27 ਫ਼ਰਵਰੀ ਤਕ ਖੇਡਿਆ ਜਾਵੇਗਾ। ਕੋਹਲੀ ਦੇ ਦੋਸਤ ਅਤੇ ਦਖਣੀ ਅਫਰੀਕਾ ਦੇ ਸਾਬਕਾ ਕਪਤਾਨ ਏ.ਬੀ. ਡਿਵਿਲੀਅਰਜ਼ ਨੇ ਹਾਲ ਹੀ ’ਚ ਅਪਣੇ ਯੂ-ਟਿਊਬ ਚੈਨਲ ’ਤੇ ਪ੍ਰਗਟਾਵਾ ਕੀਤਾ ਸੀ ਕਿ ਭਾਰਤ ਦਾ ਇਹ ਮਹਾਨ ਖਿਡਾਰੀ ਦੂਜੀ ਵਾਰ ਪਿਤਾ ਬਣਨ ਜਾ ਰਿਹਾ ਹੈ ਅਤੇ ਇਸ ਲਈ ਉਹ ਇੰਗਲੈਂਡ ਵਿਰੁਧ ਨਹੀਂ ਖੇਡ ਪਾ ਰਿਹਾ ਹੈ।
BCCI ਦੇ ਇਕ ਸੂਤਰ ਨੇ ਅਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ ਕਿ BCCI ਇਕ ਵਾਰ ਫਿਰ ਸਪੱਸ਼ਟ ਕਰਨਾ ਚਾਹੁੰਦਾ ਹੈ ਕਿ ਜਦੋਂ ਪਰਵਾਰ ਕ ਮਾਮਲਿਆਂ ਦੀ ਗੱਲ ਆਉਂਦੀ ਹੈ ਤਾਂ ਬੋਰਡ ਹਮੇਸ਼ਾ ਕ੍ਰਿਕਟਰ ਦੇ ਨਾਲ ਖੜਾ ਹੁੰਦਾ ਹੈ ਅਤੇ ਇਹ ਉਨ੍ਹਾਂ ਦਾ ਫੈਸਲਾ ਹੋਵੇਗਾ ਕਿ ਵਿਰਾਟ ਕਦੋਂ ਵਾਪਸੀ ਕਰਨਾ ਚਾਹੁੰਦਾ ਹੈ। ਫਿਲਹਾਲ ਉਸ ਦੇ ਸੀਰੀਜ਼ ’ਚ ਖੇਡਣ ਦੀ ਸੰਭਾਵਨਾ ਨਹੀਂ ਹੈ।
ਦੂਜਾ ਵੱਡਾ ਸਵਾਲ ਜਸਪ੍ਰੀਤ ਬੁਮਰਾਹ ਦਾ ਵਰਕਲੋਡ ਮੈਨੇਜਮੈਂਟ ਹੈ। ਉਸ ਨੇ ਦੂਜੇ ਟੈਸਟ ਮੈਚ ’ਚ 33 ਓਵਰ ਸੁੱਟੇ, ਜਿਮ ਨੇ ਨੌਂ ਵਿਕਟਾਂ ਲੈ ਕੇ ਭਾਰਤ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ।
ਤੀਜੇ ਟੈਸਟ ਦਾ ਨਤੀਜਾ ਸੀਰੀਜ਼ ’ਚ ਅਹਿਮ ਭੂਮਿਕਾ ਨਿਭਾ ਸਕਦਾ ਹੈ ਅਤੇ ਇਸ ਲਈ ਰਾਜਕੋਟ ’ਚ ਹੋਣ ਵਾਲੇ ਮੈਚ ’ਚ ਬੁਮਰਾਹ ਨੂੰ ਆਰਾਮ ਦੇਣਾ ਆਸਾਨ ਨਹੀਂ ਹੋਵੇਗਾ। ਹਾਲਾਂਕਿ ਉਨ੍ਹਾਂ ਨੂੰ ਰਾਂਚੀ ’ਚ ਹੋਣ ਵਾਲੇ ਮੈਚ ਲਈ ਆਰਾਮ ਦਿਤਾ ਜਾ ਸਕਦਾ ਹੈ। ਕੇ.ਐਲ. ਰਾਹੁਲ ਦੀ ਤੀਜੇ ਮੈਚ ’ਚ ਵਾਪਸੀ ਤੈਅ ਹੈ ਅਤੇ ਅਜਿਹੇ ’ਚ ਰਜਤ ਪਾਟੀਦਾਰ ਨੂੰ ਬਾਹਰ ਬੈਠਣਾ ਪਵੇਗਾ ਜਦਕਿ ਸ਼੍ਰੇਅਸ ਅਈਅਰ ਨੂੰ ਇਕ ਹੋਰ ਮੌਕਾ ਮਿਲਣਾ ਨਿਸ਼ਚਿਤ ਹੈ।
ਰਵਿੰਦਰ ਜਡੇਜਾ ਵੀ ਹੈਮਸਟ੍ਰਿੰਗ ਸਟ੍ਰੇਨ ਤੋਂ ਠੀਕ ਹੋ ਰਹੇ ਹਨ ਪਰ ਉਨ੍ਹਾਂ ਦੇ ਰਾਜਕੋਟ ਦੇ ਅਪਣੇ ਘਰੇਲੂ ਮੈਦਾਨ ’ਤੇ ਖੇਡਣ ਦੀ ਸੰਭਾਵਨਾ ਨਹੀਂ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ, ਜਿਨ੍ਹਾਂ ਨੂੰ ਕੰਮ ਦੇ ਬੋਝ ਦੇ ਪ੍ਰਬੰਧਨ ਦੇ ਹਿੱਸੇ ਵਜੋਂ ਦੂਜੇ ਟੈਸਟ ਲਈ ਆਰਾਮ ਦਿਤਾ ਗਿਆ ਸੀ, ਤੀਜੇ ਟੈਸਟ ’ਚ ਮੁਕੇਸ਼ ਕੁਮਾਰ ਦੀ ਥਾਂ ਪਲੇਇੰਗ ਇਲੈਵਨ ’ਚ ਸ਼ਾਮਲ ਹੋਣਗੇ।