
ਚੀਨ, ਜਾਪਾਨ ਅਤੇ ਦਖਣੀ ਕੋਰੀਆ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ ਭਾਰਤ
ਹਾਂਗਜ਼ੂ: ਭਾਰਤੀ ਖਿਡਾਰੀਆਂ ਨੇ ਪਿਛਲੇ ਪੰਦਰਵਾੜੇ ਵਿਚ ਅਪਣੇ ਖੂਨ, ਪਸੀਨੇ ਅਤੇ ਸਖਤ ਮਿਹਨਤ ਨਾਲ ਏਸ਼ਿਆਈ ਖੇਡਾਂ ਵਿਚ 107 ਤਮਗਿਆਂ ਦੇ ਜਾਦੂਈ ਅੰਕੜੇ ਨੂੰ ਛੂਹ ਕੇ ਦੇਸ਼ ਨੂੰ ਸਮੇਂ ਤੋਂ ਪਹਿਲਾਂ ਦੀਵਾਲੀ ਦਾ ਤੋਹਫਾ ਦੇਣ ਦੇ ਨਾਲ ਹੀ 2024 ਪੈਰਿਸ ਓਲੰਪਿਕ ’ਚ ਵੀ ਹੁਣ ਤਕ ਦੇ ਸਭ ਤੋਂ ਵਧੀਆ ਪ੍ਰਦਰਸ਼ਨ ਦਾ ਭਰੋਸਾ ਦਿਤਾ ਹੈ।
ਭਾਰਤੀ ਖਿਡਾਰੀਆਂ ਦੇ ਮੁਕਾਬਲੇ ਸ਼ਨਿਚਰਵਾਰ ਨੂੰ ਖਤਮ ਹੋ ਗਏ। ਐਤਵਾਰ ਨੂੰ ਮੁਕਾਬਲੇ ਦੇ ਆਖਰੀ ਦਿਨ ਹੋਣ ਵਾਲੇ ਕੁਝ ਮੁਕਾਬਲਿਆਂ ’ਚ ਦੇਸ਼ ਦਾ ਕੋਈ ਵੀ ਅਥਲੀਟ ਮੈਦਾਨ ’ਚ ਨਹੀਂ ਹੈ। ਭਾਰਤੀ ਖਿਡਾਰੀਆਂ ਨੇ ਹਾਂਗਜ਼ੂ ’ਚ 107 ਤਗ਼ਮਿਆਂ ਨਾਲ ਨਵਾਂ ਰੀਕਾਰਡ ਕਾਇਮ ਕੀਤਾ। ਇਹ ਅੰਕੜਾ ਘੱਟੋ-ਘੱਟ 2026 ’ਚ ਜਾਪਾਨ ਦੇ ਏਚੀ-ਨਾਗੋਆ ’ਚ ਹੋਣ ਵਾਲੀਆਂ ਅਗਲੀਆਂ ਖੇਡਾਂ ਤਕ ਖਿਡਾਰੀਆਂ ਦੇ ਦਿਮਾਗ ’ਚ ਜ਼ਰੂਰ ਬਣਿਆ ਰਹੇਗਾ।
ਭਾਰਤੀ ਖਿਡਾਰੀਆਂ ਨੇ 2018 ’ਚ ਇੰਡੋਨੇਸ਼ੀਆ ’ਚ 70 ਤਗਮੇ ਜਿੱਤੇ ਸਨ ਪਰ ਹਾਂਗਜ਼ੂ ’ਚ ਉਨ੍ਹਾਂ ਨੇ 28 ਸੋਨ, 38 ਚਾਂਦੀ ਅਤੇ 41 ਕਾਂਸੀ ਦੇ ਤਗਮੇ ਜਿੱਤ ਕੇ ਵੱਡਾ ਸੁਧਾਰ ਕੀਤਾ ਹੈ। ਭਾਰਤੀ ਖਿਡਾਰੀਆਂ ਨੇ ਅਪਣੀ ਮੁਹਿੰਮ ਦੇ ਆਖਰੀ ਦਿਨ 12 ਤਮਗ਼ੇ ਜਿੱਤੇ, ਜਿਸ ’ਚ ਛੇ ਸੋਨ, ਚਾਰ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਸ਼ਾਮਲ ਹਨ।
ਕੁਸ਼ਤੀ ’ਚ ਬਜਰੰਗ ਪੂਨੀਆ ਨੇ ਨਿਰਾਸ਼ ਕੀਤਾ, ਜਦਕਿ ਬੈਡਮਿੰਟਨ ਪੁਰਸ਼ ਡਬਲਜ਼ ’ਚ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਸੋਨ ਤਗਮਾ ਜਿੱਤ ਕੇ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿਤਾ। ਕਬੱਡੀ ’ਚ ਪੁਰਸ਼ ਅਤੇ ਮਹਿਲਾ ਟੀਮਾਂ ਨੇ ਜਕਾਰਤਾ ’ਚ ਨਿਰਾਸ਼ਾ ਝੱਲਣ ਮਗਰੋਂ ਵਾਪਸੀ ਕਰਦਿਆਂ ਸੋਨ ਤਮਗੇ ਜਿੱਤੇ। ਨੌਜਵਾਨ ਤੀਰਅੰਦਾਜ਼ ਓਜਸ ਦਿਓਤਲੇ ਅਤੇ ਅਭਿਸ਼ੇਕ ਵਰਮਾ ਨੇ ਕੰਪਾਊਂਡ ਪੁਰਸ਼ਾਂ ਦੇ ਵਿਅਕਤੀਗਤ ਮੁਕਾਬਲੇ ’ਚ ਸੋਨ ਅਤੇ ਚਾਂਦੀ ਦੇ ਤਗਮੇ ਜਿਤੇ।
ਤੀਰਅੰਦਾਜ਼ ਜੋਤੀ ਵੇਨਮ ਨੇ ਵੀ ਦੇਸ਼ ਦੇ ਮੁਕਾਬਲੇ ਦੇ ਆਖਰੀ ਦਿਨ ਅਪਣਾ ਸੁਨਹਿਰੀ ਪਲ ਸੀ। ਵਿਅਕਤੀਗਤ ਮਹਿਲਾ ਕੰਪਾਊਂਡ ਈਵੈਂਟ ’ਚ ਚੋਟੀ ਦਾ ਸਥਾਨ ਹਾਸਲ ਕਰ ਕੇ ਉਸ ਨੇ ਖੇਡ ਮਹਾਸ਼ਕਤੀ ਦਖਣੀ ਕੋਰੀਆ ਨੂੰ ਵਿਖਾਇਆ ਕਿ ਭਾਰਤ ਹੁਣ ਉਨ੍ਹਾਂ ਦੇ ਬਰਾਬਰ ਹੈ।
ਪੁਰਸ਼ ਅਤੇ ਮਹਿਲਾ ਸ਼ਤਰੰਜ ਟੀਮਾਂ ਨੇ ਦਿਨ ਦਾ ਅੰਤ ਦੋ-ਦੋ ਚਾਂਦੀ ਦੇ ਤਗਮਿਆਂ ਨਾਲ ਕੀਤਾ, ਜਿਸ ਨਾਲ ਭਾਰਤ ਚੀਨ, ਜਾਪਾਨ ਅਤੇ ਦਖਣੀ ਕੋਰੀਆ ਤੋਂ ਬਾਅਦ ਚੌਥੇ ਸਥਾਨ ’ਤੇ ਰਿਹਾ। ਭਾਰਤ ਦੇ ਚੌਥੇ ਸਥਾਨ ’ਤੇ ਕੋਈ ਬਦਲਾਅ ਨਹੀਂ ਹੋਇਆ ਹੈ ਕਿਉਂਕਿ ਪੰਜਵੇਂ ਸਥਾਨ ’ਤੇ ਕਾਬਜ਼ ਉਜ਼ਬੇਕਿਸਤਾਨ ਦੇ ਭਾਰਤ ਦੇ 28 ਦੇ ਮੁਕਾਬਲੇ 22 ਸੋਨ ਤਗਮੇ ਹਨ।
ਭਾਰਤ ਨੇ ਨਿਸ਼ਾਨੇਬਾਜ਼ਾਂ (22) ਅਤੇ ਟਰੈਕ ਅਤੇ ਫੀਲਡ ਐਥਲੀਟਾਂ (29 ਤਗਮੇ) ’ਚੋਂ ਵੀ 51 ਤਗਮੇ ਜਿੱਤੇ। ਇਸ ਨਾਲ ਭਾਰਤ ਨੇ ਬੁਧਵਾਰ ਨੂੰ ਹੀ ਇਨ੍ਹਾਂ ਖੇਡਾਂ ’ਚ ਅਪਣੇ ਪਿਛਲੇ ਬਿਹਤਰੀਨ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿਤਾ ਸੀ। ਭਾਰਤੀ ਦਲ ਨੇ ਕਈ ਅਣਕਿਆਸੇ ਤਗਮੇ ਵੀ ਜਿੱਤੇ, ਜਿਸ ’ਚ ਮਹਿਲਾ ਟੇਬਲ ਟੈਨਿਸ ਟੀਮ (ਸੁਤੀਰਥ ਮੁਖਰਜੀ ਅਤੇ ਅਹੀਕਾ ਮੁਖਰਜੀ) ਲਈ ਕਾਂਸੀ ਦਾ ਤਗਮਾ ਵੀ ਸ਼ਾਮਲ ਹੈ।
ਪਾਰੁਲ ਚੌਧਰੀ ਨੇ ਔਰਤਾਂ ਦੀ 5000 ਮੀਟਰ ਦੌੜ ’ਚ ਆਖਰੀ 30 ਮੀਟਰ ’ਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੋਨ ਤਗ਼ਮਾ ਜਿੱਤਿਆ। ਜੈਵਲਿਨ ਥ੍ਰੋਅ ’ਚ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਸੋਨ ਤਗਮਾ ਅਤੇ ਕਿਸ਼ੋਰ ਜੇਨਾ ਨੇ ਚਾਂਦੀ ਦਾ ਤਗਮਾ ਜਿੱਤਿਆ। ਅਰਜੁਨ ਸਿੰਘ ਅਤੇ ਸੁਨੀਲ ਸਿੰਘ ਨੇ ਕੈਨੋਇੰਗ ’ਚ ਇਤਿਹਾਸਕ ਕਾਂਸੀ ਦਾ ਤਗ਼ਮਾ ਜਿੱਤਿਆ ਜਦੋਂ ਕਿ ਰਾਮਬਾਬੂ ਅਤੇ ਮੰਜੂ ਰਾਣੀ ਨੇ ਵੀ 35 ਕਿਲੋਮੀਟਰ ਪੈਦਲ ’ਚ ਕਾਂਸੀ ਦਾ ਤਮਗ਼ਾ ਜਿੱਤਿਆ।