
ਰੀਕਾਰਡ 428 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੀ ਸ੍ਰੀਲੰਕਾ ਦੀ ਪੂਰੀ ਟੀਮ 44.5 ਓਵਰਾਂ ’ਚ 326 ਦੌੜਾਂ ਬਣਾ ਕੇ ਆਊਟ
ਨਵੀਂ ਦਿੱਲੀ: ਦਖਣੀ ਅਫ਼ਰੀਕਾ ਨੇ ਵਿਸ਼ਵ ਕ੍ਰਿਕੇਟ ਕੱਪ ਦੇ ਅਪਣੇ ਪਹਿਲੇ ਮੈਚ ’ਚ ਸ੍ਰੀਲੰਕਾ ਨੂੰ 102 ਦੌੜਾਂ ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ ਹੈ।
ਸ੍ਰੀਲੰਕਾ ਨੇ ਟਾਸ ਜਿੱਤ ਨੇ ਦਖਣੀ ਅਫ਼ਰੀਕਾ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿਤਾ ਸੀ, ਜਿਸ ਦਾ ਪੂਰਾ ਫ਼ਾਇਦਾ ਲੈਂਦਿਆਂ ਦਖਣੀ ਅਫ਼ਰੀਕਾ ਨੇ ਧਮਾਕੇਦਾਰ ਬੱਲੇਬਾਜ਼ੀ ਕੀਤੀ।
ਐਡੇਨ ਮਾਰਕਰਾਮ ਨੇ ਸਿਰਫ਼ 49 ਗੇਂਦਾਂ ’ਤੇ ਵਿਸ਼ਵ ਕੱਪ ਕ੍ਰਿਕੇਟ ਦੇ ਇਤਿਹਾਸ ਦਾ ਸਭ ਤੋਂ ਤੇਜ਼ ਸੈਂਕੜਾ ਬਣਾਇਆ, ਜਦਕਿ ਕੁਇੰਟਨ ਡੀਕੌਕ ਅਤੇ ਰਾਸੀ ਵਾਨ ਡੇਰ ਡੁਸੇਨ ਦੇ ਵੀ ਸੈਂਕੜਿਆਂ ਦੀ ਮਦਦ ਨਾਲ ਟੀਮ ਨੇ ਪੰਜ ਵਿਕਟਾਂ ’ਤੇ 428 ਦੌੜਾਂ ਬਣਾਈਆਂ ਜੋ ਟੂਰਨਾਮੈਂਟ ਦਾ ਨਵਾਂ ਰੀਕਾਰਡ ਹੈ।
ਸ੍ਰੀਲੰਕਾ ਨੇ ਇਸ ਵਿਸ਼ਾਲ ਸਕੋਰ ਦਾ ਮਜ਼ਬੂਤੀ ਨਾਲ ਪਿੱਛਾ ਕੀਤਾ, ਭਾਵੇਂ ਉਸ ਦਾ ਪਹਿਲਾਂ ਬੱਲੇਬਾਜ਼ ਪਾਥੁਮ ਨਿਸਾਂਕਾ ਸਿਰਫ਼ 1 ਦੇ ਕੁਲ ਸਕੋਰ ’ਤੇ ਹੀ ਆਊਟ ਹੋ ਗਿਆ ਸੀ। ਸ੍ਰੀਲੰਕਾ ਲਈ ਕੁਸਾਲ ਮੈਂਡਿਸ ਨੇ 76 ਦੌੜਾਂ ਨਾਲ, ਚਾਰਿਥ ਅਸਾਲੰਕਾ ਨੇ 79 ਅਤੇ ਦਾਸੁਨ ਸ਼ਨਾਕਾ ਨੇ 68 ਦੌੜਾਂ ਨਾਲ ਅੱਧੇ ਸੈਂਕੜੇ ਬਣਾਏ। ਹਾਲਾਂਕਿ ਥੋੜ੍ਹੀ-ਥੋੜ੍ਹੀ ਦੇਰ ਬਾਅਦ ਵਿਕਟਾਂ ਡਿੱਗਣ ਕਾਰਨ ਪੂਰੀ ਟੀਮ 44.5 ਓਵਰਾਂ ’ਚ 326 ਦੌੜਾਂ ਹੀ ਬਣਾ ਸਕੀ।
ਦਖਣੀ ਅਫ਼ਰੀਕਾ ਵਲੋਂ ਗੇਰਾਲਡ ਕੋਟਜ਼ੀ ਨੇ 3 ਵਿਕਟਾਂ ਲਈਆਂ, ਜਦਕਿ ਮਾਰਕੋ ਜੇਨਸੇਨ, ਕਾਗਿਸੋ ਰਬਾਡਾ, ਕੇਸ਼ਵ ਮਹਾਰਾਜ ਨੇ 2-2 ਵਿਕਟਾਂ ਲਈਆਂ। 1 ਵਿਕਟ ਲੁੰਗੀ ਨਾਗਿਡੀ ਨੇ ਲਈ।