ਅਫਗਾਨਿਸਤਾਨ ਬਨਾਮ ਨਿਊਜ਼ੀਲੈਂਡ ਮੈਚ: ਸਹੂਲਤਾਂ ਦਾ ਬੁਰਾ ਹਾਲ, ਪਹਿਲੇ ਦਿਨ ਦਾ ਖੇਡ ਰੱਦ
ਗ੍ਰੇਟਰ ਨੋਇਡਾ: ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਇਤਿਹਾਸਕ ਇਕਲੌਤੇ ਟੈਸਟ ਮੈਚ ਦਾ ਪਹਿਲਾ ਦਿਨ ਸੋਮਵਾਰ ਨੂੰ ਸ਼ਹੀਦ ਵਿਜੇ ਸਿੰਘ ਪਾਥਿਕ ਸਪੋਰਟਸ ਕੰਪਲੈਕਸ ’ਚ ਖਰਾਬ ਪਾਣੀ ਦੀ ਨਿਕਾਸੀ, ਗਿੱਲੇ ਆਊਟਫੀਲਡ ਅਤੇ ਤਰਸਯੋਗ ਸਹੂਲਤਾਂ ਕਾਰਨ ਬਿਨਾਂ ਗੇਂਦ ਸੁੱਟੇ ਰੱਦ ਕਰ ਦਿਤਾ ਗਿਆ।
ਦੋਹਾਂ ਦੇਸ਼ਾਂ ਵਿਚਾਲੇ ਪਹਿਲੇ ਟੈਸਟ ਦੀਆਂ ਤਿਆਰੀਆਂ ਮੀਂਹ ਕਾਰਨ ਪ੍ਰਭਾਵਤ ਹੋਈਆਂ ਸਨ ਅਤੇ ਨਿਊਜ਼ੀਲੈਂਡ ਇਕ ਵੀ ਅਭਿਆਸ ਸੈਸ਼ਨ ਸਹੀ ਢੰਗ ਨਾਲ ਪੂਰਾ ਨਹੀਂ ਕਰ ਸਕਿਆ।
ਰਾਤ ਨੂੰ ਬੂੰਦਾਬਾਂਦੀ ਤੋਂ ਇਲਾਵਾ ਸੋਮਵਾਰ ਨੂੰ ਸਾਰਾ ਦਿਨ ਮੀਂਹ ਨਹੀਂ ਪਿਆ ਪਰ ਆਧੁਨਿਕ ਸਹੂਲਤਾਂ ਦੀ ਘਾਟ ਕਾਰਨ ਤਜਰਬਾਹੀਣ ਮੈਦਾਨਕਰਮੀਆਂ ਨੂੰ ਮੈਦਾਨ ਤਿਆਰ ਕਰਨ ਲਈ ਸੰਘਰਸ਼ ਕਰਨਾ ਪਿਆ।
ਅੰਪਾਇਰਾਂ ਨੇ ਦਿਨ ਭਰ ’ਚ ਛੇ ਵਾਰ ਜਾਂਚ ਕੀਤੀ। ਕਪਤਾਨ ਟਿਮ ਸਾਊਥੀ, ਆਲਰਾਊਂਡਰ ਮਿਸ਼ੇਲ ਸੈਂਟਨਰ ਅਤੇ ਰਚਿਨ ਰਵਿੰਦਰ ਸਮੇਤ ਨਿਊਜ਼ੀਲੈਂਡ ਦੇ ਕਈ ਖਿਡਾਰੀ ਵੀ ਮੈਦਾਨ ਦਾ ਜਾਇਜ਼ਾ ਲੈਣ ਪਹੁੰਚੇ। ਪਰ ਮਿਡ-ਆਨ ਅਤੇ ਮਿਡ-ਵਿਕਟ ਚਿੰਤਾ ਦਾ ਵਿਸ਼ਾ ਜਾਪਦੀ ਸੀ, ਜਦਕਿ 30 ਗਜ਼ ਦੇ ਘੇਰੇ ਦੇ ਅੰਦਰ ਵੀ ਬਹੁਤ ਸਾਰੇ ਪੈਚ ਸਨ।
ਧੁੱਪ ਨਿਕਲਣ ਨਾਲ ਇਕ ਵਾਰ ਲੱਗ ਰਿਹਾ ਸੀ ਕਿ ਮੈਚ ਸ਼ੁਰੂ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੋ ਸਕਿਆ। ਅਫਗਾਨਿਸਤਾਨ ਦੇ ਕੋਚ ਜੋਨਾਥਨ ਟਰਾਟ ਵੀ ਮੈਦਾਨਕਰਮੀਆਂ ਦੇ ਸੰਘਰਸ਼ ਤੋਂ ਨਾਖੁਸ਼ ਦਿਸੇ। ਦੁਪਹਿਰ 1 ਵਜੇ ਤੋਂ ਬਾਅਦ ਸੁਪਰ ਸੋਪਰ ਵੀ ਲਗਾਏ ਗਏ ਸਨ। ਆਖਰਕਾਰ, ਸ਼ਾਮ 4 ਵਜੇ, ਪਹਿਲਾ ਦਿਨ ਰੱਦ ਕਰ ਦਿਤਾ ਗਿਆ।
ਕੱਲ੍ਹ ਸਵੇਰੇ 9 ਵਜੇ ਟਾਸ ਤੈਅ ਕੀਤਾ ਗਿਆ ਹੈ ਅਤੇ ਬਾਕੀ ਚਾਰ ਦਿਨਾਂ ’ਚ 98 ਓਵਰ ਹੋਣਗੇ, ਜੋ ਸਵੇਰੇ 10 ਵਜੇ ਦੀ ਬਜਾਏ ਸਵੇਰੇ 9:30 ਵਜੇ ਸ਼ੁਰੂ ਹੋਣਗੇ।
ਮੈਦਾਨਕਰਮੀਆਂ ਨੇ ਅਫਗਾਨਿਸਤਾਨ ਦੇ ਟ੍ਰੇਨਿੰਗ ਸੈਸ਼ਨ ਲਈ ਮੈਦਾਨ ਨੂੰ ਸੁਕਾਉਣ ਲਈ ਟੇਬਲ ਫੈਨ ਦੀ ਵਰਤੋਂ ਕੀਤੀ। ਆਧੁਨਿਕ ਸਹੂਲਤਾਂ ਦੀ ਘਾਟ ਮੈਦਾਨ ਤੋਂ ਬਾਹਰ ਤਕ ਫੈਲੀ ਹੋਈ ਸੀ ਜਿਸ ਨਾਲ ਮੈਦਾਨ ਤੋਂ ਬਾਹਰ ਦੇ ਕੰਮਕਾਜ ਪ੍ਰਭਾਵਤ ਹੋਏ।
ਇਸ ਸਥਾਨ ’ਤੇ ਸਹੀ ਮੀਡੀਆ ਸਟੈਂਡ ਅਤੇ ਪ੍ਰਸ਼ੰਸਕਾਂ ਲਈ ਬੈਠਣ ਦਾ ਢੁਕਵਾਂ ਪ੍ਰਬੰਧ ਤਕ ਨਹੀਂ ਸੀ।
ਇਸ ਤੋਂ ਇਲਾਵਾ ‘ਮਾਨਤਾ ਪ੍ਰਾਪਤ’ ਮੀਡੀਆ, ਬਿਜਲੀ ਸਪਲਾਈ ਅਤੇ ਇੱਥੋਂ ਤਕ ਕਿ ਔਰਤਾਂ ਦੇ ਪਖਾਨੇ ਲਈ ਪਾਣੀ ਦੀ ਘਾਟ ਸੀ, ਜਿਸ ਕਾਰਨ ਸਾਰਿਆਂ ਨੂੰ ਬਹੁਤ ਸਾਰੀਆਂ ਅਸਹੂਲਤਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਸ਼ੰਸਕਾਂ ਨੂੰ ਵੀ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਸੀ ਕਿਉਂਕਿ ਐਲਾਨ ਪ੍ਰਣਾਲੀ ਦਾ ਕੋਈ ਪ੍ਰਬੰਧ ਨਹੀਂ ਸੀ। ਸਟੇਡੀਅਮ ਅਥਾਰਟੀ ਅਤੇ ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਵਿਚਾਲੇ ਮਾੜਾ ਸੰਚਾਰ ਅਤੇ ਪੂਰੀ ਤਰ੍ਹਾਂ ਕੁਪ੍ਰਬੰਧਨ ਸੀ।
ਏ.ਸੀ.ਬੀ. ਦੇ ਇਕ ਅਧਿਕਾਰੀ ਨੇ ਕਿਹਾ, ‘‘ਬਹੁਤ ਗੜਬੜ ਹੈ, ਅਸੀਂ ਇੱਥੇ ਕਦੇ ਵਾਪਸ ਨਹੀਂ ਆਵਾਂਗੇ। ਖਿਡਾਰੀ ਵੀ ਇੱਥੇ ਦੀਆਂ ਸਹੂਲਤਾਂ ਤੋਂ ਵੀ ਨਾਖੁਸ਼ ਹਨ।’’ ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਹੀ ਸਬੰਧਤ ਲੋਕਾਂ ਨਾਲ ਗੱਲ ਕੀਤੀ ਸੀ ਅਤੇ ਸਟੇਡੀਅਮ ਦੇ ਲੋਕਾਂ ਨੇ ਸਾਨੂੰ ਭਰੋਸਾ ਦਿਤਾ ਸੀ ਕਿ ਮੀਡੀਆ ਸਹੂਲਤਾਂ ਦੇ ਸਬੰਧ ਵਿਚ ਸੱਭ ਕੁੱਝ ਠੀਕ ਹੋ ਰਹੇਗਾ।’’
ਹਾਲਾਂਕਿ ਇਹ ਟੈਸਟ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਨਹੀਂ ਹੈ ਪਰ ਇਹ ਆਈ.ਸੀ.ਸੀ. ਨਾਲ ਜੁੜਿਆ ਹੋਇਆ ਹੈ। ਗ੍ਰੇਟਰ ਨੋਇਡਾ ਇੰਡਸਟਰੀਅਲ ਡਿਵੈਲਪਮੈਂਟ ਅਥਾਰਟੀ ਵਲੋਂ ਚਲਾਏ ਜਾ ਰਹੇ ਇਸ ਸਟੇਡੀਅਮ ਨੇ 2016 ’ਚ ਗੁਲਾਬੀ ਗੇਂਦ ਨਾਲ ਦਲੀਪ ਟਰਾਫੀ ਮੈਚ ਦੀ ਮੇਜ਼ਬਾਨੀ ਕੀਤੀ ਸੀ।
ਹਾਲਾਂਕਿ ਕਾਰਪੋਰੇਟ ਮੈਚਾਂ ਦੌਰਾਨ ਮੈਚ ਫਿਕਸਿੰਗ ਕਾਰਨ ਬੀ.ਸੀ.ਸੀ.ਆਈ. ਨੇ ਸਤੰਬਰ 2017 ’ਚ ਇਸ ’ਤੇ ਪਾਬੰਦੀ ਲਗਾ ਦਿਤੀ ਸੀ। ਉਦੋਂ ਤੋਂ ਇੱਥੇ ਬੀ.ਸੀ.ਸੀ.ਆਈ. ਨਾਲ ਜੁੜੇ ਕੋਈ ਮੈਚ ਨਹੀਂ ਹੋਏ ਹਨ।
ਇਹ ਸਟੇਡੀਅਮ ਪਹਿਲਾਂ ਅਫਗਾਨਿਸਤਾਨ ਲਈ ਘਰੇਲੂ ਮੈਦਾਨ ਵਜੋਂ ਕੰਮ ਕਰ ਚੁੱਕਾ ਹੈ। ਹਾਲਾਂਕਿ ਇਹ ਸਟੇਡੀਅਮ ਉੱਤਰ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ (ਯੂ.ਪੀ.ਸੀ.ਏ.) ਦੇ ਅਧੀਨ ਨਹੀਂ ਆਉਂਦਾ ਪਰ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਕੀ ਬੀ.ਸੀ.ਸੀ.ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਇਸ ਮਾਮਲੇ ਨੂੰ ਸੁਲਝਾ ਸਕਦੇ ਹਨ ਜਾਂ ਨਹੀਂ। (ਪੀਟੀਆਈ)