ਆਈ.ਓ.ਏ. ਦੇ ਸੂਤਰਾਂ ਮੁਤਾਬਕ ਇਸ ਫੈਸਲੇ ਨੂੰ 13 ਅਗੱਸਤ ਨੂੰ ਜਨਤਕ ਕੀਤਾ ਜਾਵੇਗਾ।
ਪੈਰਿਸ: ਓਲੰਪਿਕ ਮਹਿਲਾ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਮੁਕਾਬਲੇ ਦੇ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿਤੀ ਗਈ ਭਾਰਤੀ ਭਲਵਾਨ ਵਿਨੇਸ਼ ਫੋਗਾਟ ਦੀ ਅਪੀਲ ’ਤੇ ਖੇਡਾਂ ਲਈ ਸਾਲਸੀ ਅਦਾਲਤ (ਸੀ.ਏ.ਐੱਸ.) ਦੀ ਐਡਹਾਕ ਡਿਵੀਜ਼ਨ ਐਤਵਾਰ ਨੂੰ ਅਪਣਾ ਫ਼ੈਸਲਾ ਸੁਣਾਏਗੀ। ਮਾਮਲੇ ’ਤੇ ਪਹਿਲਾਂ ਫੈਸਲਾ ਸਨਿਚਰਵਾਰ ਸ਼ਾਮ ਨੂੰ ਆਉਣਾ ਸੀ।
ਆਈ.ਓ.ਏ. ਨੇ ਇਕ ਬਿਆਨ ਵਿਚ ਕਿਹਾ, ‘‘ਸੀ.ਏ.ਐਸ. ਦੇ ਐਡਹਾਕ ਵਿਭਾਗ ਨੇ ਵਿਨੇਸ਼ ਫੋਗਾਟ ਬਨਾਮ ਯੂਨਾਈਟਿਡ ਵਰਲਡ ਕੁਸ਼ਤੀ ਬਨਾਮ ਕੌਮਾਂਤਰੀ ਓਲੰਪਿਕ ਕਮੇਟੀ ਦੇ ਮਾਮਲੇ ਵਿਚ ਸਿੰਗਲ ਆਰਬਿਟਰੇਟਰ ਡਾਕਟਰ ਐਨਾਬੇਲ ਬੇਨੇਟ ਦੇ ਮਾਮਲੇ ਵਿਚ ਫੈਸਲਾ ਲੈਣ ਦੀ ਸਮਾਂ ਸੀਮਾ ਇਕ ਦਿਨ ਵਧਾ ਕੇ 11 ਅਗੱਸਤ 2024 ਸ਼ਾਮ 6 ਵਜੇ (ਭਾਰਤੀ ਸਮੇਂ ਅਨੁਸਾਰ ਰਾਤ 9:30 ਵਜੇ) ਕਰ ਦਿਤਾ ਹੈ। ਇਸ ਮਾਮਲੇ ’ਤੇ ਵਿਸਥਾਰਤ ਫੈਸਲਾ ਬਾਅਦ ’ਚ ਜਾਰੀ ਕੀਤਾ ਜਾਵੇਗਾ।’’
ਆਈ.ਓ.ਏ. ਦੇ ਸੂਤਰਾਂ ਮੁਤਾਬਕ ਇਸ ਫੈਸਲੇ ਨੂੰ 13 ਅਗੱਸਤ ਨੂੰ ਜਨਤਕ ਕੀਤਾ ਜਾਵੇਗਾ। ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ 11 ਅਗੱਸਤ ਨੂੰ ਹੈ। ਸੁਣਵਾਈ ਸ਼ੁਕਰਵਾਰ ਨੂੰ ਸਮਾਪਤ ਹੋਈ ਜਿਸ ’ਚ ਸੀ.ਏ.ਐਸ. ਨੇ ਵਿਨੇਸ਼ ਦੀ ਅਪੀਲ ਨੂੰ ਮਨਜ਼ੂਰ ਕਰ ਲਿਆ। ਵਿਨੇਸ਼ ਨੇ ਫਾਈਨਲ ਦੀ ਸਵੇਰ ਨੂੰ 100 ਗ੍ਰਾਮ ਭਾਰ ਜ਼ਿਆਦਾ ਹੋਣ ਕਾਰਨ ਅਪਣੀ ਅਯੋਗਤਾ ਵਿਰੁਧ ਅਪੀਲ ਕੀਤੀ ਸੀ।
ਵਿਨੇਸ਼ ਦੀ ਥਾਂ ਫ਼ਾਈਨਲ ’ਚ ਕਿਊਬਾ ਦੀ ਭਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਉਤਰੀ ਸੀ, ਜੋ ਸੈਮੀਫਾਈਨਲ ’ਚ ਉਸ ਤੋਂ ਹਾਰ ਗਈ ਸੀ। ਅਪਣੀ ਅਪੀਲ ’ਚ ਭਾਰਤੀ ਭਲਵਾਨ ਨੇ ਲੋਪੇਜ਼ ਨਾਲ ਸਾਂਝੇ ਤੌਰ ’ਤੇ ਚਾਂਦੀ ਦਾ ਤਗਮਾ ਜਿੱਤਣ ਦੀ ਮੰਗ ਕੀਤੀ ਕਿਉਂਕਿ ਮੰਗਲਵਾਰ ਨੂੰ ਉਸ ਦੇ ਮੁਕਾਬਲਿਆਂ ਦੌਰਾਨ ਉਸ ਦਾ ਭਾਰ ਮਨਜ਼ੂਰ ਹੱਦ ਦੇ ਅੰਦਰ ਸੀ।