
ਇਕਤਰਫਾ ਮੈਚ ਵਿਚ ਬੰਗਲਾਦੇਸ਼ ਨੂੰ 137 ਦੌੜਾਂ ਨਾਲ ਹਰਾਇਆ
ਧਰਮਸ਼ਾਲਾ: ਸਲਾਮੀ ਬੱਲੇਬਾਜ਼ ਡੇਵਿਡ ਮਲਾਨ ਦੇ ਤਾਬੜਤੋੜ ਸੈਂਕੜੇ ਤੋਂ ਬਾਅਦ ਰੀਸ ਟੋਪਲੇ ਦੀ ਅਗਵਾਈ ਵਿਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਨੇ ਮੰਗਲਵਾਰ ਨੂੰ ਇੱਥੇ ਵਨਡੇ ਵਿਸ਼ਵ ਕੱਪ ਦੇ ਇਕਤਰਫਾ ਮੈਚ ਵਿਚ ਬੰਗਲਾਦੇਸ਼ ਨੂੰ 137 ਦੌੜਾਂ ਨਾਲ ਹਰਾ ਦਿਤਾ।
ਅਪਣੇ ਪਹਿਲੇ ਮੈਚ ’ਚ ਨਿਊਜ਼ੀਲੈਂਡ ਤੋਂ ਹਾਰ ਦਾ ਸਾਹਮਣਾ ਕਰਨ ਵਾਲੀ ਇੰਗਲੈਂਡ ਦੀ ਟੀਮ ਨੇ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਮਲਾਨ ਦੀ 107 ਗੇਂਦਾਂ ’ਚ 140 ਦੌੜਾਂ ਦੀ ਪਾਰੀ ਦੇ ਦਮ ’ਤੇ ਨੌਂ ਵਿਕਟਾਂ ’ਤੇ 364 ਦੌੜਾਂ ਬਣਾਈਆਂ ਅਤੇ ਬੰਗਲਾਦੇਸ਼ ਦੀ ਪਾਰੀ ਨੂੰ 48.2 ਓਵਰਾਂ ’ਚ 227 ਦੌੜਾਂ ’ਤੇ ਸਮੇਟ ਦਿਤਾ।
ਸੈਂਕੜਾ ਖੇਡਣ ਦੇ ਨਾਲ ਹੀ ਮਲਾਨ ਨੇ ਸਲਾਮੀ ਬੱਲੇਬਾਜ਼ ਜੌਨੀ ਬੇਅਰਸਟੋ (52) ਅਤੇ ਸਾਬਕਾ ਕਪਤਾਨ ਜੋ ਰੂਟ (82) ਨਾਲ ਪਹਿਲੀ ਅਤੇ ਦੂਜੀ ਵਿਕਟ ਲਈ ਸੈਂਕੜੇ ਵਾਲੀ ਸਾਂਝੇਦਾਰੀ ਕਰ ਕੇ ਵੱਡੇ ਸਕੋਰ ਦੀ ਨੀਂਹ ਰੱਖੀ। ਬੰਗਲਾਦੇਸ਼ ਲਈ ਮੇਹੇਦੀ ਹਸਨ ਨੇ 71 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਸ਼ਰੀਫੁਲ ਇਸਲਾਮ ਨੇ 75 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।
ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਲਈ ਸਿਰਫ ਲਿਟਨ ਦਾਸ (76) ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ (51) ਹੀ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਕੁਝ ਹੱਦ ਤਕ ਮੁਕਾਬਲਾ ਕਰ ਸਕੇ। ਇੰਗਲੈਂਡ ਲਈ ਰੀਸ ਟੋਪਲੇ ਨੇ 43 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਜਦਕਿ ਕ੍ਰਿਸ ਵੋਕਸ ਨੇ ਦੋ ਵਿਕਟਾਂ ਲਈਆਂ। ਮਾਰਕ ਵੁੱਡ, ਆਦਿਲ ਰਾਸ਼ਿਦ, ਲਿਆਮ ਲਿਵਿੰਗਸਟੋਨ ਅਤੇ ਸੈਮ ਕੁਰਾਨ ਨੂੰ ਇਕ-ਇਕ ਸਫਲਤਾ ਮਿਲੀ।
ਬੱਲੇਬਾਜ਼ੀ ’ਚ ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਟੋਪਲੇ ਨੇ ਆਪਣੇ ਪਹਿਲੇ ਓਵਰ ’ਚ ਲਗਾਤਾਰ ਗੇਂਦਾਂ ’ਚ ਤਨਜੀਦ ਹਸਨ (ਇੱਕ) ਅਤੇ ਨਜ਼ਮੁਲ ਹੁਸੈਨ ਸ਼ਾਂਤੋ (0) ਨੂੰ ਆਊਟ ਕੀਤਾ। ਇਸ ਗੇਂਦਬਾਜ਼ ਨੇ ਆਪਣੇ ਤੀਜੇ ਓਵਰ ’ਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ (ਇਕ) ਨੂੰ ਬੋਲਡ ਕਰ ਦਿਤਾ। ਮੇਹਦੀ ਹਸਨ ਮਿਰਾਜ (ਅੱਠ) ਨੇ ਕ੍ਰਿਸ ਵੋਕਸ ਦੀ ਗੇਂਦ ’ਤੇ ਚੌਕਾ ਲਗਾ ਕੇ ਖਾਤਾ ਖੋਲ੍ਹਿਆ ਪਰ ਨੌਵੇਂ ਓਵਰ ’ਚ ਉਹ ਗੇਂਦਬਾਜ਼ ਦੀ ਬਾਹਰ ਜਾਣ ਵਾਲੀ ਗੇਂਦ ’ਤੇ ਆਊਟ ਹੋ ਕੇ ਵਿਕਟਕੀਪਰ ਦੇ ਹੱਥੋਂ ਕੈਚ ਹੋ ਗਿਆ, ਜਿਸ ਕਾਰਨ ਟੀਮ ਨੇ ਨੌਵੇਂ ਓਵਰ ’ਚ 49 ਦੌੜਾਂ ’ਤੇ ਚਾਰ ਵਿਕਟਾਂ ਗੁਆ ਦਿਤੀਆਂ।
ਵਿਕਟਾਂ ਦੇ ਇਸ ਗਿਰਾਵਟ ਦਰਮਿਆਨ ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ ਨਿਡਰ ਹੋ ਕੇ ਬੱਲੇਬਾਜ਼ੀ ਕੀਤੀ। ਉਸ ਨੇ ਪਾਰੀ ਦੇ ਸ਼ੁਰੂਆਤੀ ਓਵਰ ’ਚ ਵੋਕਸ ਵਿਰੁਧ ਚੌਕੇ ਦੀ ਹੈਟ੍ਰਿਕ ਲਗਾ ਕੇ ਅਪਣਾ ਹਮਲਾਵਰ ਰਵੱਈਆ ਵਿਖਾਇਆ। ਪਰ 21ਵੇਂ ਓਵਰ ’ਚ ਅਪਣਾ ਦੂਜਾ ਸਪੈੱਲ ਕਰਨ ਆਏ ਵੋਕਸ ਨੇ ਕਪਤਾਨ ਬਟਲਰ ਨੂੰ ਵਿਕਟ ਦੇ ਪਿੱਛੇ ਕੈਚ ਕਰਵਾ ਕੇ ਲਿਟਨ ਨੇ ਅਪਣੀ ਪਾਰੀ ਦਾ ਅੰਤ ਕਰ ਦਿਤਾ।
ਲਿਟਨ ਅਤੇ ਮੁਸ਼ਫਿਕੁਰ ਵਿਚਾਲੇ ਪੰਜਵੇਂ ਵਿਕਟ ਲਈ 72 ਦੌੜਾਂ ਦੀ ਸਾਂਝੇਦਾਰੀ ਦੇ ਟੁੱਟਣ ਨਾਲ ਬੰਗਲਾਦੇਸ਼ ਦੀਆਂ ਉਮੀਦਾਂ ’ਤੇ ਵੀ ਪਾਣੀ ਫਿਰ ਗਿਆ।
ਮੁਸ਼ਫਿਕੁਰ ਅਤੇ ਤੌਹੀਦ ਹਿਰਦੇ ਤੋਂ ਬਾਅਦ ਵਾਲੇ ਬੱਲੇਬਾਜ਼ ਟੀਮ ਦੇ ਸੰਘਰਸ਼ ਨੂੰ 49ਵੇਂ ਓਵਰ ਤੱਕ ਵਧਾਉਣ ’ਚ ਸਫਲ ਰਹੇ।