ਈਸ਼ਾਨ ਕਿਸ਼ਨ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਅਤੇ ਦੁਨੀਆ ਦੇ ਸੱਤਵੇਂ ਬੱਲੇਬਾਜ਼ ਹਨ।
ਨਵੀਂ ਦਿੱਲੀ: ਟੀਮ ਇੰਡੀਆ ਦੇ ਨੌਜਵਾਨ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੰਗਲਾਦੇਸ਼ ਖਿਲਾਫ਼ ਖੇਡੇ ਜਾ ਰਹੇ ਤੀਜੇ ਵਨਡੇ 'ਚ ਇਤਿਹਾਸ ਰਚ ਦਿੱਤਾ ਹੈ। ਈਸ਼ਾਨ ਕਿਸ਼ਨ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣ ਗਏ ਹਨ।
ਈਸ਼ਾਨ ਦੀਆਂ 210 ਅਤੇ ਵਿਰਾਟ ਕੋਹਲੀ ਦੀਆਂ 113 ਦੌੜਾਂ ਦੀ ਮਦਦ ਨਾਲ ਭਾਰਤੀ ਟੀਮ 50 ਓਵਰਾਂ 'ਚ ਅੱਠ ਵਿਕਟਾਂ 'ਤੇ 409 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ। ਈਸ਼ਾਨ ਕਿਸ਼ਨ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਚੌਥੇ ਭਾਰਤੀ ਅਤੇ ਦੁਨੀਆ ਦੇ ਸੱਤਵੇਂ ਬੱਲੇਬਾਜ਼ ਹਨ। ਉਹਨਾਂ ਤੋਂ ਪਹਿਲਾਂ ਰੋਹਿਤ ਸ਼ਰਮਾ, ਸਚਿਨ ਤੇਂਦੁਲਕਰ ਅਤੇ ਵਰਿੰਦਰ ਸਹਿਵਾਗ ਭਾਰਤ ਲਈ ਦੋਹਰੇ ਸੈਂਕੜੇ ਲਗਾ ਚੁੱਕੇ ਹਨ।
ਈਸ਼ਾਨ ਕਿਸ਼ਨ ਆਪਣਾ ਦੋਹਰਾ ਸੈਂਕੜਾ ਪੂਰਾ ਕਰਦੇ ਹੀ ਸੋਸ਼ਲ ਮੀਡੀਆ ਦੇ ਟਾਪ ਟ੍ਰੈਂਡ ਵਿਚ ਆ ਗਏ ਹਨ। ਪ੍ਰਸ਼ੰਸਕਾਂ ਤੋਂ ਇਲਾਵਾ ਕ੍ਰਿਕਟ ਦੇ ਕਈ ਦਿੱਗਜਾਂ ਨੇ ਵੀ ਉਸ ਦੀ ਪਾਰੀ ਦੀ ਤਾਰੀਫ ਕੀਤੀ। ਈਸ਼ਾਨ ਕਿਸ਼ਨ ਕੁੱਲ 210 ਦੌੜਾਂ ਬਣਾ ਕੇ ਆਊਟ ਹੋਏ। ਉਹਨਾਂ ਨੇ 131 ਗੇਂਦਾਂ ਦੀ ਆਪਣੀ ਪਾਰੀ 'ਚ 24 ਚੌਕੇ ਅਤੇ 10 ਛੱਕੇ ਲਗਾਏ।