
ਹਰਮਨਪ੍ਰੀਤ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ।
ਨਵੀਂ ਦਿੱਲੀ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ ਆਸਟਰੇਲੀਆ ਨੂੰ ਸੁਪਰ ਓਵਰ ਵਿਚ ਹਰਾ ਕੇ ਪੰਜ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ ਹੈ। 2022 ਵਿਚ ਕਿਸੇ ਵੀ ਫਾਰਮੈਟ ਵਿਚ ਆਸਟਰੇਲੀਆ ਦੀ ਇਹ ਪਹਿਲੀ ਹਾਰ ਹੈ। ਇਸ ਦੇ ਨਾਲ ਹੀ ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਸੁਪਰ ਓਵਰ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਆਸਟ੍ਰੇਲੀਆ ਖਿਲਾਫ ਦੂਜੇ ਟੀ-20 ਅੰਤਰਰਾਸ਼ਟਰੀ ਮੈਚ 'ਚ ਭਾਰਤ ਦੀ 4 ਦੌੜਾਂ ਨਾਲ ਜਿੱਤ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਕੌਰ ਨੇ ਇਕ ਵੱਡਾ ਰਿਕਾਰਡ ਬਣਾ ਲਿਆ ਹੈ। ਹਰਮਨਪ੍ਰੀਤ ਬਤੌਰ ਕਪਤਾਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 50 ਜਿੱਤਾਂ ਦਰਜ ਕਰਨ ਵਾਲੀ ਪਹਿਲੀ ਭਾਰਤੀ ਕਪਤਾਨ ਬਣ ਗਈ ਹੈ। ਉਸ ਨੇ 85 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 61.59 ਦੀ ਜਿੱਤ ਪ੍ਰਤੀਸ਼ਤਤਾ ਨਾਲ ਭਾਰਤ ਦੀ ਅਗਵਾਈ ਕੀਤੀ ਹੈ।
ਇਸ ਦੇ ਨਾਲ ਹੀ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਵੀ ਇਸ ਅੰਕੜੇ ਤੱਕ ਪਹੁੰਚਣ 'ਚ ਨਾਕਾਮ ਰਹੇ ਹਨ। ਇਸ ਦੇ ਨਾਲ ਹੀ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ 'ਚ 50 ਜਿੱਤਾਂ ਤੋਂ ਅਜੇ ਦੂਰ ਹੈ। ਧੋਨੀ ਨੇ 72 ਟੀ-20 ਅੰਤਰਰਾਸ਼ਟਰੀ ਮੈਚਾਂ ਵਿਚ 41 ਮੈਚ ਜਿੱਤੇ ਹਨ ਜਦਕਿ ਕੋਹਲੀ ਨੇ 50 ਮੈਚਾਂ ਵਿਚ ਭਾਰਤ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ 32 ਜਿੱਤਾਂ ਦਿਵਾਈਆਂ। ਰੋਹਿਤ ਨੇ ਹੁਣ ਤੱਕ 51 ਮੈਚਾਂ ਵਿਚ ਕਪਤਾਨੀ ਕੀਤੀ ਹੈ ਅਤੇ ਟੀਮ ਨੇ 39 ਜਿੱਤਾਂ ਦਰਜ ਕੀਤੀਆਂ ਹਨ। ਇਸ ਤੋਂ ਇਲਾਵਾ ਮਿਤਾਰੀ ਰਾਜ ਦੀ ਅਗਵਾਈ ਵਿਚ ਟੀਮ ਨੇ 17 ਜਿੱਤਾਂ ਦਰਜ ਕੀਤੀਆਂ ਹਨ।
ਮੈਚ ਵਿਚ ਬੱਲੇਬਾਜ਼ ਰਿਚਾ ਘੋਸ਼ ਅਹਿਮ ਖਿਡਾਰੀ ਸੀ, ਜਿਸ ਨੇ ਸਿਰਫ਼ 13 ਗੇਂਦਾਂ ਵਿਚ 26 ਦੌੜਾਂ ਬਣਾ ਕੇ ਭਾਰਤ ਨੂੰ ਆਸਟਰੇਲੀਆ ਦੇ 187 ਦੇ ਸਕੋਰ ਨੂੰ ਬਰਾਬਰ ਕਰਨ ਵਿਚ ਮਦਦ ਕੀਤੀ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਰਿਚਾ ਦੀ ਪ੍ਰਸ਼ੰਸਾ ਕੀਤੀ। ਹਰਮਨਪ੍ਰੀਤ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਹਮੇਸ਼ਾ ਉਸ ਦਾ ਸਮਰਥਨ ਕਰ ਰਹੀ ਸੀ, ਉਦੋਂ ਵੀ ਜਦੋਂ ਉਹ ਦੌੜਾਂ ਨਹੀਂ ਬਣਾ ਰਹੀ ਸੀ। ਆਪਣੇ ਸ਼ੁਰੂਆਤੀ ਦਿਨਾਂ ਵਿਚ ਉਹ ਥੋੜਾ ਸੰਘਰਸ਼ ਕਰ ਰਹੀ ਸੀ ਪਰ ਮੈਂ ਹਮੇਸ਼ਾ ਉਸ ਦਾ ਸਮਰਥਨ ਕਰ ਰਹੀ ਸੀ। ਇਸ ਮੈਚ 'ਚ ਉਸ ਨੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਜੋ ਅਸੀਂ ਘਰੇਲੂ ਮੈਚਾਂ 'ਚ ਵੀ ਦੇਖਿਆ ਹੈ।