
ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੀਤੇ ਦਿਨੀਂ ਬੰਗਲੌਰ 'ਚ ਬੀ.ਸੀ.ਸੀ.ਆਈ. ਨੇ ਸਾਲਾਨਾ ਪੁਰਸਕਾਰ ਸਮਾਗਮ 'ਚ ਲਗਾਤਾਰ ਦੋ ਸੈਸ਼ਨਾਂ ਲਈ ਪਾਲੀ ਉਮਰੀਗਰ ਟਰਾਫ਼ੀ (ਸਾਲ ਦਾ...
ਬੰਗਲੌਰ : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਬੀਤੇ ਦਿਨੀਂ ਬੰਗਲੌਰ 'ਚ ਬੀ.ਸੀ.ਸੀ.ਆਈ. ਨੇ ਸਾਲਾਨਾ ਪੁਰਸਕਾਰ ਸਮਾਗਮ 'ਚ ਲਗਾਤਾਰ ਦੋ ਸੈਸ਼ਨਾਂ ਲਈ ਪਾਲੀ ਉਮਰੀਗਰ ਟਰਾਫ਼ੀ (ਸਾਲ ਦਾ ਸਰਬੋਤਮ ਖਿਡਾਰੀ) ਪ੍ਰਦਾਨ ਕੀਤੀ ਗਈ। ਵਿਰਾਟ ਕੋਹਲੀ ਅਫ਼ਗਾਨਿਸਤਾਨ ਵਿਰੁਧ ਇਤਿਹਾਸਕ ਟੈਸਟ ਮੈਚ 'ਚ ਬੇਸ਼ਕ ਨਹੀਂ ਖੇਡ ਰਿਹਾ ਪਰ ਉਹ ਸਮਾਗਮ 'ਚ ਆਕਰਸ਼ਣ ਦਾ ਕੇਂਦਰ ਸੀ। ਕੋਹਲੀ ਨਾਲ ਉਸ ਦੀ ਪਤਨੀ ਅਨੁਸ਼ਕਾ ਸ਼ਰਮਾ ਵੀ ਮੌਜੂਦ ਸੀ। ਸ਼ਾਨਦਾਰ ਲੈਅ 'ਚ ਚੱਲ ਰਿਹੇ ਭਾਰਤੀ ਕਪਤਾਨ ਨੇ 2016-17 ਅਤੇ 2017-18 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ।
Virat Kohli
ਉਹ ਫਿਲਹਾਲ ਆਈ.ਪੀ.ਐਲ. ਦੌਰਾਨ ਗਰਦਣ 'ਤੇ ਲੱਗੀ ਸੱਟ ਦਾ ਇਲਾਜ ਕਰਵਾ ਰਿਹਾ ਹੈ, ਜਿਸ ਕਾਰਨ ਉਹ ਸਰੇ ਲਈ ਕਾਊਂਟੀ ਕ੍ਰਿਕਟ ਨਹੀਂ ਖੇਡ ਸਕਿਆ। ਕੋਹਲੀ ਭਲਕੇ ਐਨ.ਸੀ.ਏ. 'ਚ ਫਿਟਨੈੱਸ ਟੈਸਟ ਦੇਵੇਗਾ। ਵਿਰਾਟ ਕੋਹਲੀ ਨੇ 2017-18 ਸੀਜ਼ਨ 'ਚ ਇਕ ਦਿਨਾ ਕੌਮਾਂਤਰੀ ਕ੍ਰਿਕਟ 'ਚ 101 ਦੀ ਔਸਤ ਨਾਲ 1111 ਅਤੇ ਟੈਸਟ ਕ੍ਰਿਕਟ 'ਚ 89.6 ਦੀ ਔਸਤ ਨਾਲ 896 ਦੌੜਾਂ ਬਣਾਈਆਂ। ਇਸੇ ਸੀਜ਼ਨ ਉਸ ਨੇ ਅਪਣਾ ਸਰਬੋਤਮ ਟੈਸਟ ਸਕੋਰ 243 ਦੌੜਾਂ ਸ੍ਰੀਲੰਕਾ ਵਿਰੁਧ ਦਿੱਲੀ 'ਚ ਬਣਾਇਆ। 2016-17 ਸੀਜ਼ਨ 'ਚ ਉਸ ਨੇ ਤਿੰਨੇ ਤਰ੍ਹਾਂ ਦੇ ਕ੍ਰਿਕਟ ਮੈਚਾਂ 'ਚ 1874 ਦੌੜਾਂ ਬਣਾਈਆਂ।
Virat Kohli
ਇਸ ਤੋਂ ਇਲਾਵਾ ਅੰਸ਼ੁਮਾਨ ਗਾਇਕਵਾਡ ਅਤੇ ਸੁਧਾ ਸ਼ਾਹ ਨੂੰ ਸੀ.ਕੇ. ਨਾਇਡੂ ਲਾਈਫ਼ ਟਾਈਮ ਅਚੀਵਮੈਂਟ ਸਨਮਾਨ ਦਿਤਾ ਗਿਆ। ਜਲਜ ਸਕਸੇਨਾ, ਪਰਵੇਜ਼ ਰਸੂਲ ਅਤੇ ਕਰੁਣਾਲ ਪਾਡਿਆ ਨੂੰ ਘਰੇਲੂ ਕ੍ਰਿਕਟ 'ਚ ਲਗਾਤਾਰ ਚੰਗੇ ਪ੍ਰਦਰਸ਼ਨ ਦਾ ਸਨਮਾਨ ਮਿਲਿਆ। ਜਲਜ ਅਤੇ ਰਸੂਲ ਨੂੰ ਰਣਜੀ ਟਰਾਫ਼ੀ 'ਚ ਸਰਬੋਤਮ ਆਲਰਾਊਂਡਰ ਅਤੇ ਕਰੁਣਾਲ ਪਾਂਡਿਆ ਨੂੰ ਵਿਜੇ ਹਜ਼ਾਰੇ ਇਕ ਦਿਨਾ ਚੈਂਪੀਅਨਸ਼ਿਪ 'ਚ ਉਸ ਦੇ ਪ੍ਰਦਰਸ਼ਨ ਲਈ ਪੁਰਸਕਾਰ ਮਿਲੇ।
Virat Kohli
ਕਰੁਣਾਲ ਪਾਂਡਿਆ ਭਾਰਤ ਏ ਨਾਲ ਦੌਰੇ 'ਤੇ ਹੋਣ ਕਾਰਨ ਪੁਰਸਕਾਰ ਲੈਣ ਲਈ ਮੌਜੂਦ ਨਹੀਂ ਸੀ। ਪੁਰਸਕਾਰ ਸਮਾਰੋਹ 'ਚ ਅਫ਼ਗਾਨਿਸਤਾਨ ਦੀ ਕੌਮੀ ਟੀਮ ਵੀ ਮੌਜੂਦ ਸੀ ਜੋ ਅੱਜ ਤੋਂ ਭਾਰਤ ਵਿਰੁਧ ਪਹਿਲਾ ਟੈਸਟ ਖੇਡੇਗੀ। ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਵੀ ਮੌਜੂਦ ਸੀ। ਇਸ ਮੌਕੇ 'ਤੇ ਪਿਛਲੇ ਜ਼ਮਾਨੇ ਦੇ ਅਤੇ ਮੌਜੂਦਾ ਪੀੜ੍ਹੀ ਦੇ ਭਾਰਤੀ ਕ੍ਰਿਕਟ ਇਕ ਹੀ ਛੱਤ ਹੇਠ ਮੌਜੂਦ ਸਨ। (ਏਜੰਸੀ)