
ਅਦਾਲਤ ਵਿਚ ਪੇਸ਼ ਕਰ ਲਿਆ ਦੋ ਦਿਨ ਦਾ ਰਿਮਾਂਡ
ਵਿਦੇਸ਼ ਭੱਜਣ ਦੀ ਫ਼ਿਰਾਕ ਵਿਚ ਸਨ ਮੁਲਜ਼ਮ
ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਬਈ ਜਾਂਦੇ ਸਮੇਂ ਇੱਕ ਮਹਿਲਾ ਤਸਕਰ ਨੂੰ ਸੀਆਈਐਸਐਫ ਨੇ ਕਾਬੂ ਕੀਤਾ ਹੈ। ਪੁੱਛਗਿੱਛ ਦੌਰਾਨ ਮਹਿਲਾ ਦੀ ਸੂਹ 'ਤੇ ਕਸਟਮ ਵਿਭਾਗ ਨੇ ਤਸਕਰੀ ਕਰਨ ਵਾਲੇ ਗਰੋਹ ਦੇ ਮੁਖੀ ਨੂੰ ਵੀ ਕਾਬੂ ਕੀਤਾ ਹੈ। ਕਸਟਮ ਵਿਭਾਗ ਨੇ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋਵਾਂ ਮੁਲਜ਼ਮਾਂ ਦਾ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਕਸਟਮ ਅਧਿਕਾਰੀਆਂ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਫੜੀ ਗਈ ਔਰਤ ਏਅਰ ਇੰਡੀਆ ਦੀ ਫਲਾਈਟ ਨੰਬਰ IX-191 ਅੰਮ੍ਰਿਤਸਰ ਤੋਂ ਦੁਬਈ ਜਾਣ ਦੀ ਤਿਆਰੀ ਕਰ ਰਹੀ ਸੀ ਪਰ ਸੀਆਈਐਸਐਫ ਮੁਲਾਜ਼ਮਾਂ ਨੂੰ ਉਸ ’ਤੇ ਸ਼ੱਕ ਹੋ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਦੇ ਲੱਕ 'ਤੇ ਬੰਨ੍ਹੇ ਬੈਗ 'ਚੋਂ 18.18 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਬਰਾਮਦ ਹੋਈ। ਜਿਸ ਵਿੱਚ 4.53 ਲੱਖ ਰੁਪਏ ਦੇ ਪੌਂਡ, 7.91 ਲੱਖ ਰੁਪਏ ਦੇ ਆਸਟ੍ਰੇਲੀਅਨ ਡਾਲਰ ਅਤੇ 4.10 ਲੱਖ ਰੁਪਏ ਦੇ ਯੂਰੋ ਸਨ। ਸੀਆਈਐਸਐਫ ਨੇ ਮਹਿਲਾ ਨੂੰ ਕਸਟਮ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।
ਜਦੋਂ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਔਰਤ ਤੋਂ ਪੁੱਛਗਿੱਛ ਸ਼ੁਰੂ ਕੀਤੀ ਤਾਂ ਉਸ ਨੇ ਗਿਰੋਹ ਦੇ ਮੁੱਖ ਮੈਂਬਰ ਬਾਰੇ ਜਾਣਕਾਰੀ ਦਿੱਤੀ। ਜਿਸ ਨੂੰ ਕਸਟਮ ਵਿਭਾਗ ਨੇ ਏਅਰਪੋਰਟ 'ਤੇ ਰੋਕ ਲਿਆ। ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਕਸਟਮ ਵਿਭਾਗ ਨੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਦੋਵੇਂ ਮੁਲਜ਼ਮਾਂ ਨੇ ਦੱਸਿਆ ਕਿ ਦੋਵੇਂ ਤਸਕਰੀ ਕਰਨ ਵਾਲੇ ਗਿਰੋਹ ਦਾ ਹਿੱਸਾ ਹਨ। ਹੁਣ ਤੱਕ ਦੋਵੇਂ ਦੇਸ਼ ਦੇ ਵੱਖ-ਵੱਖ ਹਵਾਈ ਅੱਡਿਆਂ ਤੋਂ 2.05 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਅਤੇ ਕਰੀਬ 5 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਕਰ ਚੁੱਕੇ ਹਨ।