ਖੱਬੇ ਹੱਥ ’ਚ ਫਰੈਕਚਰ ਹੋਣ ਦੇ ਬਾਵਜੂਦ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ’ਚ ਹਿੱਸਾ ਲਿਆ
ਬ੍ਰਸੇਲਜ਼ : ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਐਤਵਾਰ ਨੂੰ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨੇ ਖੱਬੇ ਹੱਥ ’ਚ ਫਰੈਕਚਰ ਹੋਣ ਦੇ ਬਾਵਜੂਦ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ’ਚ ਹਿੱਸਾ ਲਿਆ ਸੀ। ਉਹ ਅਪਣੇ ਸੱਜੇ ਹੱਥ ਨਾਲ ਜੈਵਲਿਨ ਸੁੱਟਦਾ ਹਨ ਅਤੇ ਇਹ ਫਰੈਕਚਰ ਟ੍ਰੇਨਿੰਗ ਦੌਰਾਨ ਹੋਇਆ ਸੀ।
ਚੋਪੜਾ ਸਨਿਚਰਵਾਰ ਨੂੰ ਡਾਇਮੰਡ ਲੀਗ ਖਿਤਾਬ ਜਿੱਤਣ ਦੇ ਬਹੁਤ ਨੇੜੇ ਪਹੁੰਚ ਗਏ ਸਨ ਪਰ ਇਕ ਸੈਂਟੀਮੀਟਰ ਤੋਂ ਖੁੰਝ ਗਏ ਅਤੇ ਲਗਾਤਾਰ ਦੂਜੇ ਸਾਲ 87.86 ਮੀਟਰ ਦੇ ਥਰੋ ਨਾਲ ਦੂਜੇ ਸਥਾਨ ’ਤੇ ਰਹੇ।
ਚੋਪੜਾ ਨੇ ਅਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਕਿਹਾ, ‘‘ਸੋਮਵਾਰ ਨੂੰ ਅਭਿਆਸ ਦੌਰਾਨ ਮੈਨੂੰ ਬੁਰੀ ਤਰ੍ਹਾਂ ਸੱਟ ਲੱਗੀ ਸੀ ਅਤੇ ਐਕਸਰੇ ਤੋਂ ਪਤਾ ਲੱਗਿਆ ਕਿ ਮੇਰੇ ਖੱਬੇ ਹੱਥ ਦੀ ਚੌਥੀ ਹੱਡੀ ਟੁੱਟ ਗਈ ਹੈ। ਇਹ ਮੇਰੇ ਲਈ ਇਕ ਹੋਰ ਦਰਦਨਾਕ ਚੁਨੌਤੀ ਸੀ। ਪਰ ਮੇਰੀ ਟੀਮ ਦੀ ਮਦਦ ਨਾਲ, ਮੈਂ ਬ੍ਰਸੇਲਜ਼ ’ਚ ਹਿੱਸਾ ਲੈਣ ਦੇ ਯੋਗ ਸੀ।’’
‘ਮੈਟਾਕਾਰਪਲ’ ਹਥੇਲੀ ਦੀਆਂ ਹੱਡੀਆਂ ਹੁੰਦੀਆਂ ਹਨ ਜੋ ਹੱਥ ਦੀਆਂ ਉਂਗਲਾਂ ਅਤੇ ਕਲਾਈਆਂ ਦੇ ਵਿਚਕਾਰ ਹੁੰਦੀਆਂ ਹਨ। ਹਰ ਹੱਥ ’ਚ ਪੰਜ ‘ਮੈਟਾਕਾਰਪਲ’ ਹੁੰਦੇ ਹਨ, ਹਰ ਹੱਡੀ ਇਕ ਖਾਸ ਉਂਗਲ ਨਾਲ ਜੁੜੀ ਹੁੰਦੀ ਹੈ।
ਚੋਪੜਾ ਗ੍ਰੇਨਾਡਾ ਦੇ ਦੋ ਵਾਰ ਦੇ ਵਿਸ਼ਵ ਚੈਂਪੀਅਨ ਐਂਡਰਸਨ ਪੀਟਰਸ ਤੋਂ ਪਿੱਛੇ ਰਹੇ, ਜਿਨ੍ਹਾਂ ਨੇ ਅਪਣੀ ਪਹਿਲੀ ਕੋਸ਼ਿਸ਼ ਵਿਚ 87.87 ਮੀਟਰ ਦੇ ਜੈਵਲਿਨ ਥ੍ਰੋਅ ਨਾਲ ਸੋਨ ਤਮਗਾ ਜਿੱਤਿਆ। ਚੋਪੜਾ ਨੇ 2022 ਵਿਚ ਖਿਤਾਬ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਲਗਾਤਾਰ ਦੂਜੀ ਵਾਰ ਡਾਇਮੰਡ ਲੀਗ ਫਾਈਨਲ ਉਪ ਜੇਤੂ ਰਹੇ।
ਉਹ ਆਮ ਤੌਰ ’ਤੇ ਨੇਜਾ ਛੱਡਣ ਤੋਂ ਬਾਅਦ ‘ਫ਼ਾਲੋ ਥਰੂ’ ’ਚ ਅਪਣੀ ਖੱਬੀ ਹਥੇਲੀ ਨੂੰ ਜ਼ਮੀਨ ’ਤੇ ਛੂੰਹਦਿਆਂ ਡਿਗਦੇ ਹਨ। ਸਨਿਚਰਵਾਰ ਨੂੰ ਅਪਣੀਆਂ ਸਾਰੀਆਂ ਛੇ ਕੋਸ਼ਿਸ਼ਾਂ ਵਿਚ ਚੋਪੜਾ ਹੇਠਾਂ ਡਿੱਗਣ ਅਤੇ ਅਪਣੀ ਖੱਬੀ ਹਥਲੀ ਨੂੰ ਜ਼ਮੀਨ ’ਤੇ ਛੂਹਣ ਤੋਂ ਬਚਦੇ ਰਹੇ।
ਹਰਿਆਣਾ ਦਾ ਇਹ ਅਥਲੀਟ ਇਸ ਸੀਜ਼ਨ ’ਚ ਤੰਦਰੁਸਤੀ ਨਾਲ ਜੂਝ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਗਰੋਇਨ ਦੀ ਸੱਟ ਨੂੰ ਠੀਕ ਕਰਨ ਲਈ ਡਾਕਟਰ ਕੋਲ ਜਾਵੇਗਾ ਜਿਸ ਨੇ ਉਸ ਨੂੰ ਪੂਰੇ ਸੀਜ਼ਨ ਦੌਰਾਨ ਪ੍ਰਭਾਵਤ ਕੀਤਾ।
ਹੁਣ ਉਨ੍ਹਾਂ ਦੇ ਹੱਥ ’ਚ ਸੱਟ ਲੱਗੀ ਹੈ ਜਿਸ ਬਾਰੇ ਉਨ੍ਹਾਂ ਹੋਰ ਵਿਸਥਾਰ ਨਾਲ ਨਹੀਂ ਦਸਿਆ। ਇਸ ਫਰੈਕਚਰ ਨੂੰ ਠੀਕ ਹੋਣ ’ਚ ਕੁੱਝ ਮਹੀਨੇ ਲੱਗਣਗੇ। ਟੋਕੀਓ ਓਲੰਪਿਕ ’ਚ ਇਤਿਹਾਸਕ ਸੋਨ ਤਮਗਾ ਜਿੱਤਣ ਤੋਂ ਬਾਅਦ, ਉਨ੍ਹਾਂ ਨੇ ਪੈਰਿਸ ਖੇਡਾਂ ’ਚ ਚਾਂਦੀ ਦਾ ਤਗਮਾ ਜੋੜ ਕੇ ਸੀਜ਼ਨ ਦਾ ਅੰਤ ਉੱਚੇ ਪੱਧਰ ’ਤੇ ਕੀਤਾ।
ਪਰ ਉਨ੍ਹਾਂ ਮੰਨਿਆ ਕਿ ਉਹ ਸੀਜ਼ਨ ’ਚ ਅਪਣੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕੇ। ਉਨ੍ਹਾਂ ਕਿਹਾ, ‘‘ਇਹ ਸਾਲ ਦਾ ਆਖਰੀ ਟੂਰਨਾਮੈਂਟ ਸੀ। ਮੈਂ ਅਪਣੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ। ਪਰ ਮੈਨੂੰ ਲਗਦਾ ਹੈ ਕਿ ਇਹ ਇਕ ਸੈਸ਼ਨ ਸੀ ਜਿੱਥੇ ਮੈਂ ਬਹੁਤ ਕੁੱਝ ਸਿੱਖਿਆ। ਹੁਣ ਮੈਂ ਪੂਰੀ ਤਰ੍ਹਾਂ ਫਿੱਟ ਹਾਂ ਅਤੇ ਵਾਪਸ ਆਉਣ ਅਤੇ ਖੇਡਣ ਲਈ ਤਿਆਰ ਹਾਂ।’’
ਸੀਜ਼ਨ ਬਾਰੇ ਗੱਲ ਕਰਦਿਆਂ, ਉਸ ਨੇ ਕਿਹਾ: ‘‘ਹੁਣ 2024 ਸੀਜ਼ਨ ਖਤਮ ਹੋ ਗਿਆ ਹੈ, ਮੈਂ ਸਾਲ ਦੌਰਾਨ ਸਾਰੀਆਂ ਸਿੱਖੀਆਂ ਚੀਜ਼ਾਂ ਨੂੰ ਵੇਖਦਾ ਹਾਂ, ਜਿਸ ’ਚ ਸੁਧਾਰ, ਅਸਫਲਤਾਵਾਂ, ਮਾਨਸਿਕਤਾ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ। ਮੈਂ ਤੁਹਾਡੇ ਵਲੋਂ ਦਿਤੇ ਉਤਸ਼ਾਹ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। 2024 ਨੇ ਮੈਨੂੰ ਇਕ ਬਿਹਤਰ ਅਥਲੀਟ ਅਤੇ ਵਿਅਕਤੀ ਬਣਾਇਆ ਹੈ। ਤੁਹਾਨੂੰ 2025 ’ਚ ਮਿਲਾਂਗੇ।’’
ਚੋਪੜਾ ਨੇ ਪੂਰੇ ਸੀਜ਼ਨ ’ਚ ਨਿਰੰਤਰ ਪ੍ਰਦਰਸ਼ਨ ਕੀਤਾ ਹੈ, ਹਾਲਾਂਕਿ ਉਨ੍ਹਾਂ ਨੇ ਇਸ ਸੀਜ਼ਨ ’ਚ ਸਿਰਫ ਇਕ ਕੌਮਾਂਤਰੀ ਮੁਕਾਬਲਾ ਜਿੱਤਿਆ ਜੋ ਉਹ 18 ਜੂਨ ਨੂੰ ਤੁਰਕੂ, ਫਿਨਲੈਂਡ ’ਚ ਪਾਵੋ ਨੂਰਮੀ ਖੇਡ ਰਹੇ ਸਨ।
ਚੋਪੜਾ ਨੇ 10 ਮਈ ਅਤੇ 22 ਅਗੱਸਤ ਨੂੰ ਦੋਹਾ ਅਤੇ ਲੁਸਾਨੇ ਵਿਚ ਡਾਇਮੰਡ ਲੀਗ ਵਿਚ ਦੂਜੇ ਸਥਾਨ ’ਤੇ ਰਹਿਣ ਤੋਂ ਬਾਅਦ 14 ਅੰਕਾਂ ਨਾਲ ਟੇਬਲ ਵਿਚ ਚੌਥੇ ਸਥਾਨ ’ਤੇ ਰਹਿ ਕੇ ਡਾਇਮੰਡ ਲੀਗ ਦੇ ਫਾਈਨਲ ਵਿਚ ਜਗ੍ਹਾ ਬਣਾਈ ਸੀ।
ਅਗਲੇ ਸੀਜ਼ਨ ਦਾ ਮੁੱਖ ਟੂਰਨਾਮੈਂਟ ਟੋਕੀਓ (13 ਤੋਂ 21 ਸਤੰਬਰ) ਵਿਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਹੈ, ਜਿੱਥੇ ਚੋਪੜਾ 2023 ਵਿਚ ਜਿੱਤੇ ਸੋਨ ਤਮਗੇ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰਨਗੇ। ਉਹ ਪਹਿਲਾਂ ਹੀ 85.50 ਮੀਟਰ ਦੇ ਮਿਆਰ ਨੂੰ ਤੋੜਨ ਤੋਂ ਬਾਅਦ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਚੁੱਕੇ ਹਨ। ਇਸ ਦੇ ਲਈ ਯੋਗਤਾ ਮਾਪਦੰਡ ਹਾਸਲ ਕਰਨ ਤਰੀਕ 1 ਅਗੱਸਤ, 2024 ਤੋਂ 24 ਅਗੱਸਤ, 2025 ਤਕ ਹੈ।