India vs New Zealand : ਭਾਰਤ ਨੇ ਨਿਊਜ਼ੀਲੈਂਡ ਤੋਂ ਲਿਆ 2019 ਦੀ ਹਾਰ ਦਾ ਬਦਲਾ, ਸ਼ਾਨਦਾਰ ਜਿੱਤ ਨਾਲ ਫ਼ਾਈਨਲ ’ਚ ਟੀਮ ਇੰਡੀਆ
Published : Nov 15, 2023, 10:40 pm IST
Updated : Nov 15, 2023, 10:50 pm IST
SHARE ARTICLE
India vs New Zealand
India vs New Zealand

ਸੈਂਕੜਿਆਂ ਦੇ ਬਾਦਸ਼ਾਹ ਬਣੇ ਕੋਹਲੀ, ਰੋਹਿਤ ਨੇ ਛੱਕਿਆਂ ਦਾ ਬਣਾਇਆ ਰੀਕਾਰਡ

India vs New Zealand : ਨਿਊਜ਼ੀਲੈਂਡ ਵਿਰੁਧ ਸੈਮੀਫ਼ਾਈਨਲ ’ਚ ਸ਼ਾਨਦਾਰ ਜਿੱਤ ਨਾਲ ਭਾਰਤ ਚੌਥੀ ਵਾਰੀ ਕ੍ਰਿਕੇਟ ਵਿਸ਼ਵ ਕੱਪ ਦੇ ਫ਼ਾਈਨਲ ’ਚ ਪੁੱਜ ਗਿਆ ਹੈ। ਭਾਰਤ ਨੇ 1983 ਅਤੇ 2011 ’ਚ ਵਿਸ਼ਵ ਕੱਪ ਜਿੱਤਿਆ ਸੀ ਜਦਕਿ 2003 ਦੇ ਫ਼ਾਈਨਲ ’ਚ ਉਹ ਹਾਰ ਗਿਆ ਸੀ। ਐਤਵਾਰ ਨੂੰ ਫ਼ਾਈਨਲ ’ਚ ਉਸ ਦਾ ਮੁਕਾਬਲਾ ਆਸਟ੍ਰੇਲੀਆ ਅਤੇ ਦਖਣੀ ਅਫ਼ਰੀਕਾ ਵਿਚਕਾਰ ਹੋਣ ਵਾਲੇ ਦੂਜੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ। 

ਰੋਮਾਂਚਕ ਸੈਮੀਫ਼ਾਈਨਲ ’ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਵਿਸ਼ਾਲ ਟੀਚਾ ਦਿਤਾ ਸੀ ਜਿਸ ਦੇ ਜਵਾਬ ’ਚ ਨਿਊਜ਼ੀਲੈਂਡ ਦੀ ਟੀਮ 327 ਦੌੜਾਂ ਹੀ ਬਣਾ ਸਕੀ। ਵਿਰਾਟ ਕੋਹਲੀ ਨੇ ਵਨਡੇ ਸੈਂਕੜਿਆਂ ਦਾ ਅਰਧ ਸੈਂਕੜਾ ਪੂਰਾ ਕਰ ਕੇ ਸਚਿਨ ਤੇਂਦੁਲਕਰ ਦਾ ਰੀਕਾਰਡ ਤੋੜਿਆ, ਉਥੇ ਹੀ ਸ਼੍ਰੇਅਸ ਅਈਅਰ ਨੇ ਲਗਾਤਾਰ ਦੂਜੇ ਮੈਚ ਵਿਚ ਸੈਂਕੜਾ ਜੜ ਕੇ ਭਾਰਤ ਨੇ ਨਿਊਜ਼ੀਲੈਂਡ ਵਿਰੁਧ ਵਿਸ਼ਵ ਕੱਪ ਸੈਮੀਫਾਈਨਲ ਵਿਚ ਚਾਰ ਵਿਕਟਾਂ ’ਤੇ 397 ਦੌੜਾਂ ਦਾ ਵੱਡਾ ਸਕੋਰ ਬਣਾਇਆ ਸੀ। ਹਾਲਾਂਕਿ ਮੈਚ ਦੀ ਜਿੱਤ ਦਾ ਸਿਹਰਾ ਮੁਹੰਮਦ ਸ਼ਮੀ ਦੇ ਨਾਂ ਜਾਂਦਾ ਹੈ ਜਿਨ੍ਹਾਂ ਨੇ ਨਿਊਜ਼ੀਲੈਂਡ ਦੀਆਂ ਪਹਿਲੀਆਂ ਚਾਰ ਅਤੇ ਕੁਲ 7 ਵਿਕਟਾਂ ਲੈ ਕੇ ‘ਪਲੇਅਰ ਆਫ਼ ਦ ਮੈਚ’ ਖਿਤਾਬ ਅਪਣੇ ਨਾਂ ਕੀਤਾ। 

ਨਿਊਜ਼ੀਲੈਂਡ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ ਜਿਸ ਦੇ ਦੋਵੇਂ ਓਪਨਰ, ਡੇਵਨ ਕੋਨਵੇ ਅਤੇ ਰਚਿਨ ਰਵਿੰਦਰਾ ਕੋਈ ਕਮਾਲ ਨਹੀਂ ਵਿਖਾ ਸਕੇ ਅਤੇ 13-13 ਦੇ ਸਕੋਰ ’ਤੇ ਆਊਟ ਹੋ ਗਏ। ਇਸ ਤੋਂ ਬਾਅਦ ਕਪਤਾਨ ਕੇਨ ਵਿਲੀਅਮਸਨ ਅਤੇ ਡਰਾਇਲ ਮਿਸ਼ੇਲ ਨੇ ਪਾਰੀ ਨੂੰ ਸੰਭਾਲਿਆ ਅਤੇ ਇਕ ਸਮੇਂ ਅਪਣੀ ਟੀਮ ਦੀ ਮੁਕਾਬਲੇ ’ਚ ਵਾਪਸੀ ਕਰਵਾ ਲਈ ਸੀ, ਪਰ ਮੁਹੰਮਦ ਸ਼ਮੀ ਦੀ ਲਾਜਵਾਬ ਗੇਂਦਬਾਜ਼ੀ ਦੇ ਅੱਗੇ ਦੋਵੇਂ ਨਹੀਂ ਟਿਕ ਸਕੇ। ਕੇਨ 69 ਗੇਂਦਾਂ ਬਣਾ ਕੇ ਆਊਟ ਹੋਏ ਜਦੋਂ ਟੀਮ ਦਾ ਸਕੋਰ 32.2 ਓਵਰਾਂ ’ਚ 220 ਦੌੜਾਂ ਸੀ। ਇਸ ਤੋਂ ਬਾਅਦ ਟੌਮ ਲੇਥਮ ਵੀ ਸਿਫ਼ਰ ਦੇ ਸਕੋਰ ’ਤੇ ਸ਼ਮੀ ਦੀ ਗੇਂਦਾਂ ’ਤੇ ਐਲ.ਬੀ.ਡਬਲਿਊ. ਦਾ ਸ਼ਿਕਾਰ ਹੋ ਗਏ, ਜਿਸ ਤੋਂ ਬਾਅਦ ਨਿਊਜ਼ੀਲੈਂਡ ਵਾਪਸੀ ਨਹੀਂ ਕਰ ਸਕਿਆ। 

ਡਾਰਿਲ ਮਿਸ਼ੇਲ ਨੇ ਸਭ ਤੋਂ ਵੱਧ 134 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਸਿਰਫ਼ ਗਲੇਨ ਫ਼ਿਲੀਪ ਭਾਰਤੀ ਗੇਂਦਬਾਜ਼ੀ ਨੂੰ ਕੁਝ ਚੁਨੌਤੀ ਦੇ ਸਕੇ ਜਿਨ੍ਹਾਂ ਨੇ 41 ਦੌੜਾਂ ਬਣਾਈਆਂ। ਪੂਰੀ ਟੀਮ 48.5 ਓਵਰਾਂ ’ਚ 327 ਦੇ ਸਕੋਰ ’ਤੇ ਆਊਟ ਹੋ ਗਈ। ਭਾਰਤ ਵਲੋਂ ਮੁਹੰਮਦ ਸ਼ਮੀ ਤੋਂ ਇਲਾਵਾ ਜਸਪ੍ਰੀਤ ਬੁਮਰਾ, ਮੁਰੰਮਦ ਸਿਰਾਜ ਅਤੇ ਕੁਲਦੀਪ ਯਾਦਵ ਨੇ 1-1 ਵਿਕੇਟ ਲਈ। ਮੁਹੰਮਦ ਸ਼ਮੀ ਨੇ ਇਕ ਦਿਨਾ ਵਿਸ਼ਵ ਕੱਪ ਮੈਚਾਂ ’ਚ ਸਭ ਤੋਂ ਤੇਜ਼ 50 ਵਿਕੇਟਾਂ ਲੈਣ ਦਾ ਰੀਕਾਰਡ ਵੀ ਬਣਾਇਆ। ਇਸ ਤੋਂ ਇਲਾਵਾ ਸ਼ਮੀ ਨੇ ਵਿਸ਼ਵ ਕੱਪ ’ਚ ਸਭ ਤੋਂ ਵੱਧ, 4, ਵਾਰ ਪੰਜ ਜਾਂ ਵੱਧ ਵਿਕੇਟਾਂ ਲੈਣ ਦਾ ਰੀਕਾਰਡ ਵੀ ਬਣਾਇਆ। ਉਹ ਕਿਸੇ ਇਕ ਵਿਸ਼ਵ ਕੱਪ ’ਚ ਤਿੰਨ ਵਾਰੀ ਪੰਜ ਵਿਕਟਾਂ ਲੈਣ ਵਾਲੇ ਪਹਿਲੇ ਗੇਂਦਬਾਜ਼ ਵੀ ਬਣ ਗਏ। 

ਕੋਹਲੀ ਨੇ 117 ਗੇਂਦਾਂ ’ਤੇ 113 ਦੌੜਾਂ ਬਣਾਈਆਂ, ਜਦਕਿ ਅਈਅਰ ਨੇ 70 ਗੇਂਦਾਂ ’ਤੇ 105 ਦੌੜਾਂ ਬਣਾਈਆਂ। ਦੋਹਾਂ ਨੇ 128 ਗੇਂਦਾਂ ’ਚ 163 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ 29 ਗੇਂਦਾਂ ’ਚ 47 ਦੌੜਾਂ ਦੀ ਤੂਫਾਨੀ ਪਾਰੀ ਖੇਡ ਕੇ ਭਾਰਤ ਨੂੰ ਤੇਜ਼ ਸ਼ੁਰੂਆਤ ਦਿਵਾਈ, ਜਦਕਿ ਅੱਧ ਵਿਚਾਲੇ ਰਿਟਾਇਰਡ ਹਰਟ ਹੋਏ ਸ਼ੁਭਮਨ ਗਿੱਲ ਨੇ ਆਖਰੀ ਓਵਰ ’ਚ ਵਾਪਸੀ ਕਰਦੇ ਹੋਏ ਕੁਲ 66 ਗੇਂਦਾਂ ’ਚ 80 ਦੌੜਾਂ ਦੀ ਅਜੇਤੂ ਪਾਰੀ ਖੇਡੀ। ਕੇ.ਐੱਲ. ਰਾਹੁਲ 20 ਗੇਂਦਾਂ ’ਤੇ 39 ਦੌੜਾਂ ਬਣਾ ਕੇ ਅਜੇਤੂ ਰਹੇ। ਕਪਤਾਨ ਰੋਹਿਤ ਨੇ ਇਸ ਦੌਰਾਨ ਵਿਸ਼ਵ ਕੱਪ ਦੇ ਇਤਿਹਾਸ ’ਚ ਸਭ ਤੋਂ ਵੱਧ ਛੱਕੇ ਜੜਨ ਦਾ ਰੀਕਾਰਡ ਵੀ ਅਪਣੇ ਨਾਂ ਕੀਤਾ ਅਤੇ ਕ੍ਰਿਸ ਗੇਲ ਦੇ 49 ਛੱਕੇ ਮਾਰਨ ਦੇ ਰੀਕਾਰਡ ਨੂੰ ਤੋੜ ਦਿਤਾ। 

ਨਿਊਜ਼ੀਲੈਂਡ ਲਈ ਟਿਮ ਸਾਊਥੀ ਸਭ ਤੋਂ ਮਹਿੰਗੇ ਪਰ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ 100 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। 106 ਗੇਂਦਾਂ ’ਚ ਅਪਣਾ ਸੈਂਕੜਾ ਪੂਰਾ ਕਰ ਕੇ ਕੋਹਲੀ ਨੇ ਵਨਡੇ ਕ੍ਰਿਕਟ ’ਚ ਸਚਿਨ ਤੇਂਦੁਲਕਰ ਦਾ ਸਭ ਤੋਂ ਵੱਧ ਸੈਂਕੜਿਆਂ ਦਾ ਰੀਕਾਰਡ ਤੋੜ ਦਿਤਾ। ਉਹ ਵਨਡੇ ’ਚ ਸੈਂਕੜਿਆਂ ਦਾ ਅੱਧਾ ਸੈਂਕੜਾ ਪੂਰਾ ਕਰਨ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਇਸ ਪਾਰੀ ਦੌਰਾਨ, ਉਨ੍ਹਾਂ ਨੇ ਤੇਂਦੁਲਕਰ ਦੇ ਇਕ ਵਿਸ਼ਵ ਕੱਪ (2003 ’ਚ 673 ਦੌੜਾਂ) ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰੀਕਾਰਡ ਵੀ ਅਪਣੇ ਨਾਂ ਕਰ ਲਿਆ।

ਨਿਊਜ਼ੀਲੈਂਡ ਨੇ ਸ਼ੁਰੂਆਤ ’ਚ ਕੋਹਲੀ ਵਿਰੁਧ LBW ਲਈ DRS ਲਿਆ ਸੀ। ਇਸ ਤੋਂ ਇਲਾਵਾ ਕੀਵੀ ਗੇਂਦਬਾਜ਼ ਉਸ ਨੂੰ ਕਿਸੇ ਸਮੇਂ ਵੀ ਪਰੇਸ਼ਾਨ ਨਹੀਂ ਕਰ ਸਕੇ। ਕੋਹਲੀ ਨੇ ਆਸਾਨੀ ਨਾਲ ਅਪਣੀਆਂ ਦੌੜਾਂ ਬਣਾਈਆਂ ਅਤੇ ਸਾਊਥੀ ਦੀ ਗੇਂਦਬਾਜ਼ੀ ’ਤੇ ਡੀਪ ਸਕਵੇਅਰ ਲੈੱਗ ’ਤੇ ਕੈਚ ਹੋਣ ਤੋਂ ਪਹਿਲਾਂ ਅਪਣੀ ਪਾਰੀ ’ਚ 9 ਚੌਕੇ ਅਤੇ ਦੋ ਛੱਕੇ ਲਗਾਏ।

ਪਿਛਲੇ ਮੈਚ 'ਚ ਸੈਂਕੜਾ ਲਗਾਉਣ ਵਾਲੇ ਅਈਅਰ ਨੇ ਅਪਣੀ ਇਸ ਲੈਅ ਨੂੰ ਬਰਕਰਾਰ ਰਖਿਆ ਅਤੇ ਅਪਣੇ ਘਰੇਲੂ ਮੈਦਾਨ ਵਾਨਖੇੜੇ ’ਤੇ ਛੱਕੇ ਲਗਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਸਾਊਦੀ ’ਤੇ ਛੱਕਾ ਮਾਰਨ ਤੋਂ ਬਾਅਦ ਉਸ ਨੇ ਅਗਲੀ ਗੇਂਦ ’ਤੇ ਇਕ ਦੌੜ ਲੈ ਕੇ 67 ਗੇਂਦਾਂ ’ਤੇ ਅਪਣਾ ਸੈਂਕੜਾ ਪੂਰਾ ਕੀਤਾ। ਵਿਸ਼ਵ ਕੱਪ ਦੇ ਨਾਕਆਊਟ ਪੜਾਅ ’ਚ ਇਹ ਸਭ ਤੋਂ ਤੇਜ਼ ਸੈਂਕੜਾ ਹੈ।

(For more news apart from India vs New Zealand, stay tuned to Rozana Spokesman)

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement