
ਸ਼ੁਭਮਨ ਗਿੱਲ ਨੇ 133 ਗੇਂਦਾਂ 'ਤੇ 90.97 ਦੀ ਸਟ੍ਰਾਈਕ ਰੇਟ ਨਾਲ 121 ਦੌੜਾਂ ਬਣਾਈਆਂ।
ਨਵੀਂ ਦਿੱਲੀ: ਏਸ਼ੀਆ ਕੱਪ 2023 ਦੇ ਸੁਪਰ-4 ਦਾ ਆਖਰੀ ਮੈਚ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਖੇਡਿਆ ਗਿਆ। ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਮੈਚ 'ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ ਨਿਰਧਾਰਤ 50 ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 265 ਦੌੜਾਂ ਬਣਾਈਆਂ। ਜਵਾਬ 'ਚ ਭਾਰਤੀ ਟੀਮ 259 ਦੌੜਾਂ 'ਤੇ ਬਰਕਾਰ ਰਹੀ। ਬੰਗਲਾਦੇਸ਼ ਨੇ ਭਾਰਤ ਨੂੰ 6 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਬੰਗਲਾਦੇਸ਼ ਨੇ ਏਸ਼ੀਆ ਕੱਪ ਤੋਂ ਸ਼ਾਨਦਾਰ ਅਲਵਿਦਾ ਕਹਿ ਦਿਤੀ।
ਬੰਗਲਾਦੇਸ਼ ਵਿਰੁਧ ਭਾਰਤੀ ਟੀਮ ਨੇ ਖ਼ਰਾਬ ਸ਼ੁਰੂਆਤ ਕੀਤੀ। ਭਾਰਤ ਨੇ 5 ਓਵਰਾਂ 'ਚ 23 ਦੌੜਾਂ 'ਤੇ 2 ਵਿਕਟਾਂ ਗੁਆ ਲਈਆਂ ਸਨ। ਪਹਿਲੀ ਵਿਕਟ ਰੋਹਿਤ ਸ਼ਰਮਾ ਦੇ ਰੂਪ 'ਚ ਡਿੱਗੀ। ਰੋਹਿਤ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ। ਇਸ ਤੋਂ ਬਾਅਦ 9 ਗੇਂਦਾਂ 'ਚ 5 ਦੌੜਾਂ ਬਣਾ ਕੇ ਤਿਲਕ ਵਰਮਾ ਆਊਟ ਹੋ ਗਏ। ਸ਼ੁਭਮਨ ਗਿੱਲ ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਿਆ। ਉਸ ਨੇ 133 ਗੇਂਦਾਂ ਵਿਚ 121 ਦੌੜਾਂ ਬਣਾਈਆਂ । ਇਸ ਪਾਰੀ ਵਿਚ ਉਸ ਨੇ 5 ਛੱਕੇ ਤੇ 8 ਚੌਕੇ ਜੜੇ।
ਇਸ ਦੌਰਾਨ ਸ਼ੁਭਮਨ ਗਿੱਲ ਰਿਕਾਰਡ ਬਣਾਉਂਦਿਆਂ ਅਪਣੇ ਇਕ ਰੋਜ਼ਾ ਕਰੀਅਰ ਦਾ 5ਵਾਂ ਸੈਂਕੜਾ ਲਗਾਇਆ। ਉਸ ਨੇ ਏਸ਼ੀਆ ਕੱਪ 'ਚ ਅਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਗਿੱਲ ਦਾ ਇਸ ਟੂਰਨਾਮੈਂਟ ਦਾ ਇਹ ਚੌਥਾ ਸੈਂਕੜਾ ਹੈ। ਗਿੱਲ ਨੇ 133 ਗੇਂਦਾਂ 'ਤੇ 90.97 ਦੀ ਸਟ੍ਰਾਈਕ ਰੇਟ ਨਾਲ 121 ਦੌੜਾਂ ਬਣਾਈਆਂ।
ਭਾਰਤੀ ਟੀਮ ਨੂੰ ਆਖਰੀ 18 ਗੇਂਦਾਂ 'ਤੇ 31 ਦੌੜਾਂ ਦੀ ਲੋੜ ਸੀ। ਅਕਸ਼ਰ ਪਟੇਲ ਅਤੇ ਸ਼ਾਰਦੁਲ ਠਾਕੁਰ ਖੇਡ ਰਹੇ ਸਨ। ਦੋਵਾਂ ਨੇ ਕੁੱਝ ਚੰਗੇ ਸ਼ਾਟ ਖੇਡੇ। ਇਕ ਸਮੇਂ ਟੀਮ ਨੂੰ 12 ਗੇਂਦਾਂ 'ਤੇ 17 ਦੌੜਾਂ ਦੀ ਲੋੜ ਸੀ। ਅਜਿਹੇ 'ਚ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਗੇਂਦ ਮੁਸ਼ਤਾਫਿਜ਼ੁਰ ਰਹਿਮਾਨ ਨੂੰ ਸੌਂਪੀ। ਰਹਿਮਾਨ ਨੇ 49ਵੇਂ ਓਵਰ ਦੀ ਪਹਿਲੀ ਗੇਂਦ 'ਤੇ ਸ਼ਾਰਦੁਲ ਠਾਕੁਰ ਅਤੇ ਚੌਥੀ ਗੇਂਦ 'ਤੇ ਅਕਸ਼ਰ ਪਟੇਲ ਦਾ ਵਿਕਟ ਲੈ ਕੇ ਮੈਚ ਦਾ ਰੁਖ ਬੰਗਲਾਦੇਸ਼ ਵੱਲ ਮੋੜ ਦਿਤਾ।