
ਟ੍ਰੈਫਿਕ ਨਿਯਮ ਤੋੜਨ 'ਤੇ ਵਧਾਏ ਗਏ ਜੁਰਮਾਨੇ ਨੂੰ ਲੈ ਕੇ ਬੋਲੇ ਮੰਤਰੀ ਜਿੰਪਾ
ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੀ ਹੁਣ ਖ਼ੈਰ ਨਹੀਂ!, ਦੋ-ਗੁਣਾ ਵਸੂਲਿਆ ਜਾਵੇਗਾ ਜੁਰਮਾਨਾ!
ਚੰਡੀਗੜ੍ਹ : ਪੰਜਾਬ 'ਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਟ੍ਰੈਫਿਕ ਨਿਯਮ ਤੋੜਨ 'ਤੇ ਜੁਰਮਾਨੇ ਦੁੱਗਣੇ ਕਰ ਦਿੱਤੇ ਹਨ। ਹੁਣ ਸਰਕਾਰ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਦਾ ਵਿਰੋਧ ਕੀਤਾ ਹੈ। ਜਿੰਪਾ ਨੇ ਕਿਹਾ ਕਿ ਮੈਂ ਚਲਾਨ ਮਹਿੰਗਾ ਕਰਨ ਦੇ ਹੱਕ ਵਿੱਚ ਨਹੀਂ ਹਾਂ। ਗਲਤੀ ਕਰਨ ਵਾਲੇ ਨੂੰ ਸਜ਼ਾ ਦੀ ਬਜਾਏ ਸਿਖਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਵਿਚ ਬਦਲਾਅ ਕਰਨਾ ਚਾਹੀਦਾ ਹੈ। ਹਾਲਾਂਕਿ ਇਸ 'ਤੇ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
Trafic
ਮੰਤਰੀ ਨੇ ਕਿਹਾ ਹੈ ਕਿ ਗਲਤ ਕਰਨ ਵਾਲੇ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਉਸ ਨੂੰ ਦੱਸਿਆ ਜਾਵੇ ਕਿ ਭਵਿੱਖ ਵਿੱਚ ਉਸ ਨੂੰ ਡਰਾਈਵਿੰਗ ਲਾਇਸੈਂਸ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਜੁਰਮਾਨੇ ਨੂੰ ਬਦਲਣ ਦੀ ਲੋੜ ਹੈ। ਜੇਕਰ ਕਿਸੇ ਨੂੰ 10 ਹਜ਼ਾਰ ਦਾ ਜੁਰਮਾਨਾ ਹੋਇਆ ਤਾਂ ਉਹ ਪਰੇਸ਼ਾਨ ਹੋ ਜਾਵੇਗਾ ਅਤੇ ਇਸ ਦੇ ਚਲਦੇ ਕਿਸੇ ਤੋਂ ਕਰਜ਼ਾ ਮੰਗੇਗਾ। ਇਹ ਸਹੀ ਨਹੀਂ ਹੈ। ਸਰਕਾਰ ਆਪਣੀ ਗੱਲ ਨੂੰ ਲਾਗੂ ਨਹੀਂ ਕਰਦੀ।
Traffic Rules
ਜ਼ਿਕਰਯੋਗ ਹੈ ਕਿ ਹੁਣ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣ, ਲਾਲ ਬੱਤੀ ਦੀ ਉਲੰਘਣਾ ਕਰਨ, ਸ਼ਰਾਬ ਪੀ ਕੇ ਗੱਡੀ ਚਲਾਉਣ, ਗੱਡੀ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਅਤੇ ਗੱਡੀਆਂ ਵਿੱਚ ਅਧਿਕਾਰਤ ਤੋਂ ਵੱਧ ਭਾਰ ਲਿਜਾਣ ’ਤੇ ਵੱਡਾ ਜੁਰਮਾਨਾ ਦੇਣਾ ਪੈ ਸਕਦਾ ਹੈ। ਸੂਬੇ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਮੋਬਾਈਲ ਫੋਨ ਦੀ ਵਰਤੋਂ ਕਰਨਾ ਸੰਗੀਨ ਜੁਰਮ ਮੰਨਿਆ ਜਾਵੇਗਾ। ਇਸ ਨੋਟੀਫਿਕੇਸ਼ਨ ਤਹਿਤ ਸ਼ਰਾਬ ਪੀ ਕੇ ਗੱਡੀ ਚਲਾਉਣ ਜਾਂ ਗੱਡੀ ਚਲਾਉਂਦੇ ਹੋਏ ਮੋਬਾਈਲ ਫੋਨ ਦੀ ਵਰਤੋਂ ਕਰਨ ਦੇ ਦੋਸ਼ ਹੇਠ ਚਾਲਕ ਨੂੰ ਪਹਿਲੀ ਵਾਰ 5 ਹਜ਼ਾਰ ਰੁਪਏ ਦਾ ਜੁਰਮਾਨਾ ਲੱਗੇਗਾ ਅਤੇ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰ ਦਿੱਤਾ ਜਾਵੇਗਾ।
BRAM SHANKER JIMPA
ਇਸੇ ਤਰ੍ਹਾਂ ਜੇ ਦੂਜੀ ਵਾਰ ਵੀ ਇਸੇ ਦੋਸ਼ ਹੇਠ ਚਾਲਕ ਦੁਬਾਰਾ ਫੜਿਆ ਜਾਂਦਾ ਹੈ ਤਾਂ ਉਸ ਨੂੰ 10 ਹਜ਼ਾਰ ਰੁਪਏ ਦਾ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਲਾਲ ਬੱਤੀ ਦੀ ਉਲੰਘਣਾ ਕਰਨ ਅਤੇ ਨਿਰਧਾਰਿਤ ਗਤੀ ਸੀਮਾ ਤੋਂ ਵੱਧ ਰਫ਼ਤਾਰ ’ਤੇ ਵਾਹਨ ਚਲਾਉਣ ਵਾਲੇ ਨੂੰ ਪਹਿਲੀ ਵਾਰ ਇੱਕ ਹਜ਼ਾਰ ਤੇ ਦੂਜੀ ਵਾਰ 2 ਹਜ਼ਾਰ ਰੁਪਏ ਜੁਰਮਾਨੇ ਸਣੇ ਦੋਵੇਂ ਵਾਰ ਤਿੰਨ-ਤਿੰਨ ਮਹੀਨਿਆਂ ਲਈ ਲਾਇਸੈਂਸ ਮੁਅੱਤਲ ਕਰਨ ਦੀ ਸਜ਼ਾ ਹੋਵੇਗੀ। ਇਹ ਜੁਰਮਾਨਾ ਦੋ ਪਹੀਆ ਵਾਹਨ ਚਾਲਕਾਂ ’ਤੇ ਵੀ ਲਾਗੂ ਹੋਵੇਗਾ।
ਇਸ ਤੋਂ ਇਲਾਵਾ ਦੋ ਪਹੀਆ ਵਾਹਨਾਂ ’ਤੇ ਵੱਧ ਸਵਾਰੀ ਬਿਠਾਉਣ ’ਤੇ ਇੱਕ ਹਜ਼ਾਰ ਤੇ ਦੂਜੀ ਵਾਰ ਦੋ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਵਪਾਰਕ ਗੱਡੀਆਂ ਵਿਚ ਨਿਰਧਾਰਤ ਭਾਰ ਤੋਂ ਵੱਧ ਲੋਡ ਭਰਨ ’ਤੇ ਪਹਿਲੀ ਵਾਰ 20 ਹਜ਼ਾਰ ਰੁਪਏ ਜਾਂ 2 ਹਜ਼ਾਰ ਰੁਪਏ ਪ੍ਰਤੀ ਟਨ ਅਤੇ ਦੂਜੀ ਵਾਰ 40 ਹਜ਼ਾਰ ਰੁਪਏ ਜਾਂ 2 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਜੁਰਮਾਨਾ ਲਾਇਆ ਜਾਵੇਗਾ। ਇਨ੍ਹਾਂ ਸਾਰੀਆਂ ਹਾਲਤਾਂ ਵਿਚ ਲਾਇਸੈਂਸ ਵੀ ਮੁਅੱਤਲ ਕੀਤਾ ਜਾਵੇਗਾ।