
ਸ਼ਾਮ ਸੱਤ ਵਜੇ ਫਸਣਗੇ ਕੁੰਢੀਆਂ ਦੇ ਸਿੰਗ
ਸ੍ਰੀਲੰਕਾ 'ਚ ਖੇਡੀ ਜਾ ਰਹੀ ਤਿਕੋਣੀ ਲੜੀ ਨਿਦਾਸ ਟਰਾਫ਼ੀ ਦਾ ਅੱਜ ਫ਼ਾਈਨਲ ਮੈਚ ਭਾਰਤ ਤੇ ਬੰਗਲਾ ਦੇਸ਼ ਵਿਚਕਾਰ ਖੇਡਿਆ ਜਾਣਾ ਹੈ। ਇਹ ਮੈਚ ਸ਼ਾਮ ਸੱਤ ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਵਲੋਂ ਲੜੀ ਵਿਚ ਪਹਿਲਾ ਮੈਚ ਹਾਰਨ ਤੋਂ ਬਾਅਦ ਚੰਗੀ ਵਾਪਸੀ ਕੀਤੀ ਗਈ ਹੈ ਤੇ ਇਸ ਮੈਚ ਵਿਚ ਭਾਰਤੀ ਟੀਮ ਨੂੰ ਇਹ ਅੰਕੜਾ ਵੀ ਹੌਸਲਾ ਦੇਣ ਵਾਲਾ ਹੋਵੇਗਾ ਕਿ ਭਾਰਤੀ ਟੀਮ ਟੀ-20 ਮੁਕਾਬਲਿਆਂ ਵਿਚ ਬੰਗਲਾ ਦੇਸ਼ ਤੋਂ ਕਦੇ ਵੀ ਨਹੀਂ ਹਾਰੀ। ਉਧਰ ਮੇਜ਼ਬਾਨ ਟੀਮ ਨੂੰ ਹਰਾ ਕੇ ਬੰਗਲਾ ਦੇਸ਼ ਟੀਮ ਦੇ ਵੀ ਹੌਸਲੇ ਸਤਵੇਂ ਅਸਮਾਨ 'ਤੇ ਹਨ।
india vs bangladesh
ਭਾਰਤ ਦੀ ਦੂਜੇ ਪੱਧਰ ਦੀ ਟੀਮ ਨੇ ਸ੍ਰੀਲੰਕਾ ਵਿਰੁਧ ਇਕ ਹਾਰ ਮਗਰੋਂ ਜਿੱਤ ਦੀ ਹੈਟ੍ਰਿਕ ਲਗਾਈ ਹੈ, ਜਦਕਿ ਬੰਗਲਾਦੇਸ਼ ਨੇ ਮੇਜ਼ਬਾਨ ਦੇਸ਼ ’ਤੇ ਦੋ ਨਾਟਕੀ ਜਿੱਤਾਂ ਮਗਰੋਂ ਫ਼ਾਈਨਲ ਵਿਚ ਥਾਂ ਬਣਾਈ ਹੈ। ਇਸ ਲਈ ਟੂਰਨਾਮੈਂਟ ’ਤੇ ਕਬਜ਼ਾ ਕਰਨ ਲਈ ਦੋਵਾਂ ਟੀਮਾਂ ਵਿਚਾਲੇ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਬੰਗਲਾ ਦੇਸ਼ ਇਸ ਤੋਂ ਪਹਿਲਾ ਇਸ ਲੜੀ ਦੇ ਵਿਚ ਖੇਡੇ ਗਏ ਭਾਰਤ ਦੇ ਨਾਲ ਅਪਣੇ ਦੋਵੇ ਮੈਚ ਹਾਰ ਚੁਕਿਆ ਹੈ। ਇਸ ਤੋਂ ਬਿਨਾਂ ਭਾਰਤ ਵੀ ਇਸ ਲੜੀ ਵਿਚ ਸ੍ਰੀਲੰਕਾ ਹੱਥੋਂ ਅਪਣਾ ਇਕ ਮੈਚ ਹਾਰ ਗਿਆ ਸੀ ਪਰ ਬਾਅਦ ਵਿਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਪਣੇ ਸਾਰੇ ਮੈਚ ਜਿੱਤ ਲਏ ਸਨ। ਹੁਣ ਦੋਵਾਂ ਟੀਮਾਂ ਵਿਚਕਾਰ ਫ਼ਾਈਨਲ ਮੈਚ ਐਤਵਾਰ ਯਾਨੀ ਅੱਜ ਖੇਡਿਆ ਜਾਵੇਗਾ।
india vs bangladesh
ਸ੍ਰੀਲੰਕਾ ਵਿਰੁਧ ਟੀ-20 ਮੈਚ ਵਿਚ ਅੰਪਾਇਰ ਦੇ ਫ਼ੈਸਲੇ ਦਾ ‘ਵਿਰੋਧ ਕਰਨ’ ਕਾਰਨ ਬੰਗਲਾ ਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ’ਤੇ ਮੈਚ ਫ਼ੀਸ ਦਾ 25 ਫ਼ੀ ਸਦੀ ਜੁਰਮਾਨਾ ਲਗਾਇਆ ਗਿਆ ਅਤੇ ਇਸ ਦੇ ਨਾਲ ਹੀ ਉਸ ਦੇ ਖਾਤੇ ਵਿਚ ਇਕ ਡੀਮੈਰਿਟ ਅੰਕ ਜੋੜ ਦਿਤਾ ਹੈ। ਭਾਵੇਂ ਬੰਗਲਾ ਦੇਸ਼ੀ ਕਪਤਾਨ ਸਾਕਿਬ ਨੇ ਮੈਚ ਤੋਂ ਬਾਅਦ ਖਿਡਾਰੀਆਂ ਨੂੰ ਵਾਪਸ ਨਾ ਬੁਲਾਉਣ ਦਾ ਬਿਆਨ ਦੇ ਕੇ ਬਚਣ ਦੀ ਕੋਸ਼ਿਸ ਕੀਤੀ ਪਰ ਆਈ.ਸੀ.ਸੀ ਨੇ ਕੈਮਰਿਆਂ ਦੀ ਰਿਕਾਰਡਿੰਗ ਦੇ ਅਧਾਰ 'ਤੇ ਸਾਕਿਬ ਨੂੰ ਜੁਰਮਾਨਾ ਠੋਕ ਦਿਤਾ। ਸ਼ੁਕਰਵਾਰ ਨੂੰ ਖੇਡੇ ਮੈਚ ਨਾਲ ਜੁੜੀ ਇਕ ਹੋਰ ਘਟਨਾ ਵਿਚ ਨੁਰੂਲ ਹਸਨ ’ਤੇ ਵੀ ਆਈ.ਸੀ.ਸੀ ਜ਼ਾਬਤੇ ਦੀ ਉਲੰਘਣਾ ਕਰਨ ਕਾਰਨ ਇਕ ਡੀਮੈਰਿਟ ਅੰਕ ਅਤੇ ਮੈਚ ਫ਼ੀਸ ਦਾ 25 ਫ਼ੀ ਸਦੀ ਜੁਰਮਾਨਾ ਲਾਇਆ ਹੈ।