
ਤਾਈਪੇ ਦੀ ਉੱਚ-ਰੈਂਕਿੰਗ ਪ੍ਰਾਪਤ ਖਿਡਾਰਨ ਚੇਨ ਸੂ-ਯੂ ਨੂੰ 4-3 ਨਾਲ ਹਰਾਇਆ
ਬੈਂਕਾਕ - ਭਾਰਤ ਦੀ ਪ੍ਰਤਿਭਾਸ਼ਾਲੀ ਖਿਡਾਰਨ ਮਨਿਕਾ ਬੱਤਰਾ ਨੇ ਸ਼ੁੱਕਰਵਾਰ ਨੂੰ ਇੱਥੇ ਚੀਨੀ ਤਾਈਪੇ ਦੀ ਉੱਚ-ਰੈਂਕਿੰਗ ਪ੍ਰਾਪਤ ਖਿਡਾਰਨ ਚੇਨ ਸੂ-ਯੂ ਨੂੰ 4-3 ਨਾਲ ਹਰਾ ਕੇ ਏਸ਼ੀਅਨ ਕੱਪ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਖਿਡਾਰਨ ਬਣਨ ਦਾ ਮਾਣ ਹਾਸਲ ਕੀਤਾ।
ਵਿਸ਼ਵ ਦੀ 44ਵੇਂ ਨੰਬਰ ਦੀ ਖਿਡਾਰਨ ਮਨਿਕਾ ਨੇ, ਮਹਿਲਾ ਸਿੰਗਲਜ਼ ਦੇ ਕੁਆਰਟਰ ਫ਼ਾਈਨਲ ਵਿੱਚ ਆਈ.ਟੀ.ਟੀ.ਐਫ਼. ਚਾਰਟ ਵਿੱਚ 23ਵਾਂ ਦਰਜਾ ਪ੍ਰਾਪਤ ਚੇਨ ਨੂੰ 6-11, 11-6, 11-5, 11-7, 8-11 9-11, 11-9 ਨਾਲ ਹਰਾਇਆ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਮਨਿਕਾ ਨੇ 16ਵੇਂ ਰਾਊਂਡ ਦੇ ਮੈਚ 'ਚ ਦੁਨੀਆ ਦੀ 7ਵੇਂ ਨੰਬਰ ਦੀ ਖਿਡਾਰਨ, ਚੀਨ ਦੀ ਚੇਨ ਜ਼ਿੰਗਟੋਂਗ ਨੂੰ ਹਰਾਇਆ ਸੀ।
ਸੈਮੀਫ਼ਾਈਨਲ ਮੁਕਾਬਲੇ 'ਚ ਮਨਿਕਾ ਦਾ ਸਾਹਮਣਾ ਕੋਰੀਆ ਦੀ ਜਿਓਨ ਜੀਹੀ ਅਤੇ ਜਾਪਾਨ ਦੀ ਮੀਮਾ ਇਟੋ ਵਿਚਕਾਰ ਹੋਣ ਵਾਲੇ ਮੈਚ ਦੀ ਜੇਤੂ ਨਾਲ ਹੋਵੇਗਾ।