
ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਖਰੀ ਦਿਨ ਅੱਜ ਪੰਜਾਬ ਨੇ ਤਿੰਨ ਤਮਗੇ ਜਿੱਤੇ। ਤੀਰਅੰਦਾਜ਼ੀ ਵਿਚ ਇਕ-ਇਕ ਸੋਨੇ...
ਚੰਡੀਗੜ੍ਹ : ਪੁਣੇ ਵਿਖੇ ਪਿਛਲੇ 12 ਦਿਨਾਂ ਤੋਂ ਚੱਲ ਰਹੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਆਖਰੀ ਦਿਨ ਅੱਜ ਪੰਜਾਬ ਨੇ ਤਿੰਨ ਤਮਗੇ ਜਿੱਤੇ। ਤੀਰਅੰਦਾਜ਼ੀ ਵਿਚ ਇਕ-ਇਕ ਸੋਨੇ ਤੇ ਕਾਂਸੀ ਅਤੇ ਕੁੜੀਆਂ ਦੀ ਹਾਕੀ ਨੇ ਇਕ ਕਾਂਸੀ ਦਾ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਵਿਚ ਪੰਜਾਬ ਨੇ 23 ਸੋਨੇ, 19 ਚਾਂਦੀ ਤੇ 30 ਕਾਂਸੀ ਦੇ ਤਗਮਿਆਂ ਸਣੇ ਕੁੱਲ 72 ਤਮਗੇ ਜਿੱਤੇ। ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਪੰਜਾਬ ਦੇ ਸਮੁੱਚੇ ਖੇਡ ਦਲ ਨੂੰ ਮੁਬਾਰਕਬਾਦ ਦਿੰਦਿਆਂ ਆਸ ਪ੍ਰਗਟਾਈ ਕਿ ਅਗਲੀ ਵਾਰ ਪੰਜਾਬ ਦੇ ਖਿਡਾਰੀ ਹੋਰ ਵੀ ਤਮਗੇ ਜਿੱਤਣਗੇ।
Khelo India
ਉਨ੍ਹਾਂ ਕਿਹਾ ਕਿ ਜਿਹੜੇ ਖਿਡਾਰੀ ਇਸ ਵਾਰ ਤਮਗਾ ਨਹੀਂ ਜਿੱਤ ਸਕੇ, ਉਹ ਅੱਗੇ ਤੋਂ ਹੋਰ ਵੀ ਮਿਹਨਤ ਕਰ ਕੇ ਤਮਗਾ ਸੂਚੀ ਵਿਚ ਅਪਣਾ ਨਾਮ ਦਰਜ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕੌਮੀ ਖੇਡਾਂ ਅਤੇ ਅਗਲੇ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਖੇਡਾਂ ਲਈ ਪੰਜਾਬ ਦੇ ਖਿਡਾਰੀਆਂ ਨੂੰ ਹੁਣੇ ਤੋਂ ਹੀ ਤਿਆਰੀ ਕਸ ਲੈਣੀ ਚਾਹੀਦੀ ਹੈ। ਵਧੀਕ ਮੁੱਖ ਸਕੱਤਰ (ਖੇਡਾਂ) ਸ੍ਰੀ ਸੰਜੇ ਕੁਮਾਰ ਨੇ ਵੀ ਜੇਤੂ ਖਿਡਾਰੀਆਂ ਨੂੰ ਵਧਾਈ ਦਿਤੀ ਅਤੇ ਉਨ੍ਹਾਂ ਦੀ ਪ੍ਰਾਪਤੀ ਦਾ ਸਿਹਰਾ ਕੋਚਿੰਗ ਸਟਾਫ਼ ਅਤੇ ਖਿਡਾਰੀਆਂ ਦੇ ਮਾਪਿਆਂ ਸਿਰ ਬੰਨਿਆਂ।
Khelo India Youth Games
ਪੰਜਾਬ ਦੇ ਖੇਡ ਦਲ ਦੀ ਮੁਖੀ ਅਤੇ ਖੇਡ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਖੇਡਾਂ ਦੇ ਆਖਰੀ ਦਿਨ ਤਮਗਾ ਜਿੱਤਣ ਵਾਲੇ ਪੰਜਾਬ ਦੇ ਖਿਡਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੀਰਅੰਦਾਜ਼ੀ ਦੇ ਅੰਡਰ-21 ਵਿਚ ਸੰਗਮਪ੍ਰੀਤ ਸਿੰਘ ਨੇ ਸੋਨੇ ਅਤੇ ਅੰਡਰ-17 ਵਿਚ ਅਮਨਪ੍ਰੀਤ ਕੌਰ ਨੇ ਕਾਂਸੀ ਦਾ ਤਮਗਾ ਜਿੱਤਿਆ। ਸੰਗਮਪ੍ਰੀਤ ਸਿੰਘ ਨੇ ਕੰਪਾਊਂਡ ਈਵੈਂਟ ਦੇ ਫਾਈਨਲ ਵਿਚ ਹਰਿਆਣਾ ਦੇ ਰਾਹੁਲ ਨੂੰ 145-139 ਨਾਲ ਹਰਾਇਆ।
ਕੁੜੀਆਂ ਦੀ ਅੰਡਰ-21 ਹਾਕੀ ਵਿਚ ਪੰਜਾਬ ਦੀ ਟੀਮ ਨੇ ਕਾਂਸੀ ਦਾ ਤਮਗਾ ਜਿੱਤਿਆ। ਕਾਂਸੀ ਦੇ ਤਮਗੇ ਵਾਲੇ ਮੈਚ ਵਿਚ ਪੰਜਾਬ ਨੇ ਉੜੀਸਾ ਨੂੰ 2-1 ਨਾਲ ਹਰਾਇਆ।