
ਧੋਨੀ ਇੰਡੀਅਨ ਆਰਮੀ ਦੀ ਪੈਰਾ ਰੇਜਿਮੈਂਟ ਵਿਚ ਲੈਫਟੀਨੈਂਟ ਕਰਨਲ ਦੇ ਆਹੁਦੇ 'ਤੇ ਹੈ
ਨਵੀਂ ਦਿੱਲੀ: ਭਾਰਤੀ ਕ੍ਰਿਕਟ ਦੇ ਦਿਗ਼ਜ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਨੇ ਆਉਣ ਵਾਲੇ ਵੈਸਟਇੰਡੀਜ਼ ਦੌਰੇ ਲਈ ਟੀਮ ਦੀ ਚੋਣ ਨੂੰ ਲੈ ਕੇ ਸੈਲੈਕਟਰਸ ਦੀ ਪਰੇਸ਼ਾਨੀ ਦੂਰ ਕਰ ਦਿੱਤੀ ਹੈ। ਧੋਨੀ ਨੇ ਕਿਹਾ ਕਿ ਉਹ ਅਗਲੇ ਦੋ ਮਹੀਨਿਆਂ ਲਈ ਕ੍ਰਿਕਟ ਤੋਂ ਦੂਰ ਰਹਿਣਗੇ। ਧੋਨੀ ਅਗਲੇ ਦੋ ਮਹੀਨੇ ਆਰਮੀ ਦੀ ਅਪਣੀ ਪੈਰਾ ਰੈਜਿਮੈਂਟ ਨਾਲ ਵਕਤ ਬਿਤਾਉਣ ਵਾਲੇ ਹਨ। ਧੋਨੀ ਦੇ ਆਲੋਚਕ ਵਰਲਡ ਕੱਪ ਸ਼ੁਰੂ ਹੋਣ ਤੋਂ ਬਾਅਦ ਹੀ ਉਹਨਾਂ ਦੇ ਸੰਨਿਆਸ ਦੀਆਂ ਗੱਲਾਂ ਕਰਨ ਲੱਗੇ ਹੋਏ ਸਨ।
MS Dhoni
ਲੱਗ ਰਿਹਾ ਸੀ ਕਿ ਧੋਨੀ ਵਰਲਡ ਕੱਪ ਖ਼ਤਮ ਹੁੰਦੇ ਹੀ ਸੰਨਿਆਸ ਦਾ ਐਲਾਨ ਕਰ ਦੇਵੇਗਾ। ਪਰ ਅਜਿਹਾ ਨਹੀਂ ਹੋਇਆ। ਜਿਸ ਤੋਂ ਬਾਅਦ ਟੀਮ ਵਿਚ ਚੋਣ ਨੂੰ ਲੈ ਕੇ ਨਵੀਂ ਬਹਿਸ ਛਿੜ ਗਈ। ਪਰ ਹੁਣ ਧੋਨੀ ਨੇ ਦੋ ਮਹੀਨਿਆਂ ਲਈ ਅਜਿਹੀਆਂ ਹੋਰ ਖ਼ਬਰਾਂ 'ਤੇ ਠੱਲ੍ਹ ਪਾ ਦਿੱਤੀ ਹੈ। ਧੋਨੀ ਦੇ ਇਸ ਫ਼ੈਸਲੇ ਤੋਂ ਬਾਅਦ ਫਿਰ ਤੋਂ ਉਸ ਦੇ ਸੰਨਿਆਸ ਨੂੰ ਲੈ ਕੇ ਸੰਸਪੈਂਸ ਵਧ ਗਿਆ ਹੈ। ਦਸ ਦਈਏ ਕਿ ਧੋਨੀ ਇੰਡੀਅਨ ਆਰਮੀ ਦੀ ਪੈਰਾ ਰੇਜਿਮੈਂਟ ਵਿਚ ਲੈਫਟੀਨੈਂਟ ਕਰਨਲ ਦੇ ਆਹੁਦੇ 'ਤੇ ਹੈ।
MS Dhoni
ਧੋਨੀ ਨੂੰ ਕਈ ਵਾਰ ਫ਼ੌਜ ਦੀ ਵਰਦੀ ਵਿਚ ਦੇਖਿਆ ਗਿਆ ਹੈ ਅਤੇ ਉਹਨਾਂ ਨੇ ਫ਼ੌਜ ਦੇ ਕਈ ਟ੍ਰੇਨਿੰਗ ਕੈਂਪਾਂ ਵਿਚ ਵੀ ਹਿੱਸਾ ਲਿਆ ਹੈ। ਹੁਣ ਇਕ ਵਾਰ ਫਿਰ ਧੋਨੀ ਕ੍ਰਿਕੇਟ ਦੀ ਪਿਚ ਛੱਡ ਕੇ ਅਗਲੇ ਦੋ ਮਹੀਨਿਆਂ ਲਈ ਬਤੌਰ ਅਫ਼ਸਰ ਫ਼ੌਜ ਵਿਚ ਸ਼ਾਮਲ ਹੋਣਗੇ। ਜਿੱਥੇ ਇਕ ਪਾਸੇ ਆਲੋਚਕ ਧੋਨੀ ਨੂੰ ਸੰਨਿਆਸ ਲੈਣ ਦੀ ਸਲਾਹ ਦੇ ਰਹੇ ਹਨ ਉੱਥੇ ਹੀ ਸਾਬਕਾ ਦਿਗ਼ਜ ਕ੍ਰਿਕਟਰ ਕਪਿਲ ਦੇਵ ਨੇ ਮੈਸੇਜ ਭੇਜ ਕੇ ਉਹਨਾਂ ਨੂੰ ਰਿਟਾਇਰ ਨਾ ਹੋਣ ਦੀ ਸਲਾਹ ਦਿੱਤੀ ਸੀ।
ਕਪਿਲ ਨੇ ਦਸਿਆ ਕਿ ਉਹ ਲੰਡਨ ਵਿਚ ਇਕ ਹੋਟਲ ਵਿਚ ਠਹਿਰੇ ਹੋਏ ਸਨ। ਉਹਨਾਂ ਨੇ ਅਪਣੇ ਇਕ ਦੋਸਤ ਤੋਂ ਕੌਫੀ ਲਾਉਂਜ ਵਿਚ ਧੋਨੀ ਦੇ ਨੰਬਰ ਬਾਰੇ ਪੁੱਛਿਆ। ਉਹਨਾਂ ਨੇ ਫ਼ੋਨ ਨਹੀਂ ਕੀਤਾ ਪਰ ਮੈਸੇਜ ਭੇਜੇ ਸਨ। ਮੈਸੇਜ ਵਿਚ ਉਹਨਾਂ ਲਿਖਿਆ ਕਿ ਧੋਨੀ ਤੁਹਾਨੂੰ ਰਿਟਾਇਰ ਨਹੀਂ ਹੋਣਾ ਚਾਹੀਦਾ। ਅਪਣਾ ਦਿਮਾਗ਼ ਗਰਮ ਨਾ ਹੋਣ ਦੇਣ, ਇਹ ਇਕ ਸਾਬਕਾ ਕ੍ਰਿਕਟਰ ਦੇ ਤੌਰ 'ਤੇ ਮੈਸੇਜ ਹੈ। ਜਦੋਂ ਉਹਨਾਂ ਨੂੰ 1984-85 ਵਿਚ ਈਡਨ-ਗਾਰਡਨ ਵਿਚ ਇੰਗਲੈਂਡ ਵਿਰੁਧ ਬਾਹਰ ਕੀਤਾ ਗਿਆ ਸੀ ਤਾਂ ਉਸ ਸਮੇਂ ਉਹ ਗੁੱਸੇ ਵਿਚ ਰਿਟਾਇਰ ਹੋਣਾ ਚਾਹੁੰਦੇ ਸਨ।