ਤਿੰਨੇ ਭਾਰਤੀ ਖਿਡਾਰੀ ਵੁਸ਼ੂ ਟੀਮ ਨਾਲ ਹਾਂਗਜ਼ੂ ਲਈ ਰਵਾਨਾ ਨਹੀਂ ਹੋ ਸਕੇ।
ਨਵੀਂ ਦਿੱਲੀ - ਹਾਂਗਜ਼ੂ ਏਸ਼ੀਆਈ ਖੇਡਾਂ ਤੋਂ ਪਹਿਲਾਂ ਭਾਰਤ ਅਤੇ ਚੀਨ ਵਿਚਾਲੇ ਵਿਵਾਦ ਵਧ ਗਿਆ ਹੈ। ਦਰਅਸਲ, ਖੇਡਾਂ ਤੋਂ ਪਹਿਲਾਂ ਚੀਨ ਦੀ ਇੱਕ ਨਾਪਾਕ ਹਰਕਤ ਸਾਹਮਣੇ ਆਈ ਸੀ। ਉਸ ਨੇ ਹਾਂਗਜ਼ੂ ਏਸ਼ੀਆਈ ਖੇਡਾਂ ਲਈ ਅਰੁਣਾਚਲ ਪ੍ਰਦੇਸ਼ ਦੇ ਤਿੰਨ ਵੁਸ਼ੂ ਖਿਡਾਰੀਆਂ ਨੂੰ ਆਖ਼ਰੀ ਸਮੇਂ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ।
ਇਹ ਉਹੀ ਤਿੰਨ ਖਿਡਾਰੀ ਹਨ, ਜਿਨ੍ਹਾਂ ਨੂੰ ਕੁਝ ਮਹੀਨੇ ਪਹਿਲਾਂ ਚੀਨ ਵਿਚ ਹੋਈਆਂ ਯੂਨੀਵਰਸਿਟੀ ਖੇਡਾਂ ਵਿਚ ਚੀਨ ਦੀ ਸਰਕਾਰ ਨੇ ਬਦਸਲੂਕੀ ਦਾ ਸ਼ਿਕਾਰ ਬਣਾਇਆ ਸੀ ਅਤੇ ਉਹਨਾਂ ਦੀ ਐਂਟਰੀ ਬੈਨ ਕਰ ਦਿੱਤੀ ਸੀ। ਹੁਣ ਫਿਰ ਚੀਨ ਨੇ ਇਨ੍ਹਾਂ ਤਿੰਨਾਂ ਨੂੰ ਆਮ ਵੀਜ਼ਾ ਜਾਰੀ ਨਹੀਂ ਕੀਤਾ। ਅਜਿਹੇ 'ਚ ਇਹ ਤਿੰਨੇ ਭਾਰਤੀ ਵੁਸ਼ੂ ਟੀਮ ਨਾਲ ਹਾਂਗਜ਼ੂ ਲਈ ਰਵਾਨਾ ਨਹੀਂ ਹੋ ਸਕੇ।
ਹੁਣ ਇਹ ਮਾਮਲਾ ਗਰਮਾ ਗਿਆ ਹੈ। ਭਾਰਤ ਨੇ ਚੀਨ ਨੂੰ ਕਰਾਰਾ ਜਵਾਬ ਦਿੱਤਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਹੈ ਕਿ ਭਾਰਤ ਦੇ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਾਂ ਏਸ਼ੀਆਈ ਖੇਡਾਂ ਲਈ ਚੀਨ ਦਾ ਦੌਰਾ ਕਰਨਾ ਸੀ, ਜੋ ਹੁਣ ਰੱਦ ਕਰ ਦਿੱਤਾ ਗਿਆ ਹੈ। ਏਸ਼ੀਆਈ ਖੇਡਾਂ ਦੀ ਅਧਿਕਾਰਤ ਸ਼ੁਰੂਆਤ 23 ਸਤੰਬਰ ਨੂੰ ਹੋਵੇਗੀ।
ਖੇਡ ਮੰਤਰਾਲਾ ਅਤੇ ਭਾਰਤੀ ਓਲੰਪਿਕ ਸੰਘ (IOA) ਬੁੱਧਵਾਰ ਨੂੰ ਇਨ੍ਹਾਂ ਖਿਡਾਰੀਆਂ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ। ਇਕ ਖਿਡਾਰੀ ਨੂੰ ਏਅਰਪੋਰਟ ਤੋਂ ਹੀ ਵਾਪਸ ਪਰਤਣਾ ਪਿਆ।