
ਪ੍ਰਣਵ ਸੂਰਮਾ ਨੇ ਕਲੱਬ ਥਰੋਅ ਐਫ51 ਵਿਚ ਸੋਨ ਤਮਗ਼ਾ ਜਿੱਤਿਆ।
ਹਾਂਗਜ਼ੂ: ਭਾਰਤ ਨੇ ਸੋਮਵਾਰ ਨੂੰ ਇਥੇ ਪੈਰਾ ਏਸ਼ੀਆਈ ਖੇਡਾਂ ਵਿਚ ਪੁਰਸ਼ਾਂ ਦੀ ਉੱਚੀ ਛਾਲ T63 ਅਤੇ ਪੁਰਸ਼ਾਂ ਦੇ ਕਲੱਬ ਥਰੋਅ F51 ਮੁਕਾਬਲਿਆਂ ਵਿਚ ਤਿੰਨੋਂ ਤਮਗ਼ੇ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ। ਸ਼ੈਲੇਸ਼ ਕੁਮਾਰ ਨੇ ਉੱਚੀ ਛਾਲ ਟੀ63 ਵਿਚ ਸੋਨ ਤਗਮਾ ਅਤੇ ਪ੍ਰਣਵ ਸੂਰਮਾ ਨੇ ਕਲੱਬ ਥਰੋਅ ਐਫ51 ਵਿਚ ਸੋਨ ਤਮਗ਼ਾ ਜਿੱਤਿਆ। ਸ਼ੈਲੇਸ਼ ਕੁਮਾਰ ਏਸ਼ੀਆਈ ਪੈਰਾ ਖੇਡਾਂ ਦੇ 1.82 ਮੀਟਰ ਦੇ ਰਿਕਾਰਡ ਨਾਲ ਸੂਚੀ ਵਿਚ ਸਿਖਰ 'ਤੇ ਰਹੇ, ਜਦਕਿ ਹਮਵਤਨ ਮਰਿਯੱਪਨ ਥੰਗਾਵੇਲੂ (1.80 ਮੀਟਰ) ਅਤੇ ਗੋਵਿੰਦਭਾਈ ਰਾਮਸਿੰਗਭਾਈ ਪਧਿਆਰ (1.78 ਮੀਟਰ) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਮਗ਼ੇ ਜਿੱਤੇ।
ਇਸ ਮੁਕਾਬਲੇ ਵਿਚ ਇਹ ਤਿੰਨੇ ਭਾਰਤੀ ਹੀ ਮੁਕਾਬਲੇਬਾਜ਼ ਸਨ। ਪੁਰਸ਼ਾਂ ਦੇ ਕਲੱਬ ਥਰੋਅ F51 ਈਵੈਂਟ ਵਿਚ, ਪ੍ਰਣਵ ਸੂਰਮਾ ਨੇ 30.01 ਮੀਟਰ ਦਾ ਏਸ਼ੀਅਨ ਪੈਰਾ ਖੇਡਾਂ ਦਾ ਰਿਕਾਰਡ ਕਾਇਮ ਕਰਕੇ ਸੋਨ ਤਮਗ਼ਾ ਜਿੱਤਿਆ, ਜਦਕਿ ਧਰਮਬੀਰ (28.76 ਮੀਟਰ) ਅਤੇ ਅਮਿਤ ਕੁਮਾਰ (26.93 ਮੀਟਰ) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ 'ਤੇ ਰਹੇ।
ਦੇਖਣ ਤੋਂ ਅਸਮਰੱਥ ਅੰਕੁਰ ਧਾਮਾ ਨੇ ਜਿੱਤਿਆ ਸੋਨ ਤਮਗ਼ਾ
ਚੀਨ ਦੇ ਹਾਂਗਜ਼ੂ 'ਚ ਖੇਡੀਆਂ ਜਾ ਰਹੀਆਂ ਏਸ਼ੀਆਈ ਪੈਰਾ ਖੇਡਾਂ 2023 'ਚ ਭਾਰਤ ਦੇ ਅੰਕੁਰ ਧਾਮਾ ਨੇ ਸੋਮਵਾਰ ਨੂੰ ਸੋਨ ਤਮਗਾ ਜਿੱਤਿਆ। ਉਸ ਨੇ 5000 ਮੀਟਰ ਦੀ ਦੌੜ 16:37.29 ਮਿੰਟ ਵਿਚ ਪੂਰੀ ਕਰਕੇ ਸੋਨ ਤਮਗ਼ਾ ਜਿੱਤਿਆ ਹੈ। 29 ਸਾਲਾ ਅੰਕੁਰ ਧਾਮਾ ਅਰਜੁਨ ਐਵਾਰਡੀ ਹੈ। ਅੰਕੁਰ ਉੱਤਰ ਪ੍ਰਦੇਸ਼ ਦੇ ਬਾਗਪਤ ਦੇ ਖੇਕੜਾ ਕਸਬੇ ਦਾ ਰਹਿਣ ਵਾਲਾ ਹੈ। ਉਹ ਬਚਪਨ ਵਿਚ ਹੀ ਅੱਖਾਂ ਦੀ ਰੋਸ਼ਨੀ ਗੁਆ ਬੈਠਾ ਸੀ। ਅੰਕੁਰ 2016 ਰੀਓ ਪੈਰਾਲੰਪਿਕਸ ਵਿਚ ਹਿੱਸਾ ਲੈਣ ਵਾਲੇ ਭਾਰਤ ਦੇ ਪਹਿਲੇ ਨੇਤਰਹੀਣ ਅਥਲੀਟ ਸਨ।