
ਤਿੰਨ ਮਹੀਨੇ ਪਹਿਲਾਂ ਭਾਰਤ ਦੇ ਬੰਗਲੌਰ ਦੇ ਦੋ ਪੁਰਸ਼ਾਂ ਨੇ ਸਾਊਦੀ ਅਰਬ ਦੇ ਮੱਕਾ ਜਾਣ ਦਾ ਇਰਾਦਾ ਬਣਾਇਆ...
ਆਬੂ-ਧਾਬੀ: ਤਿੰਨ ਮਹੀਨੇ ਪਹਿਲਾਂ ਭਾਰਤ ਦੇ ਬੰਗਲੌਰ ਦੇ ਦੋ ਪੁਰਸ਼ਾਂ ਨੇ ਸਾਊਦੀ ਅਰਬ ਦੇ ਮੱਕਾ ਜਾਣ ਦਾ ਇਰਾਦਾ ਬਣਾਇਆ। ਦੋਹਾਂ ਨੇ ਸਾਇਕਲ ਜ਼ਰੀਏ 6 ਮਹੀਨੇ ਵਿਚ ਇਹ ਕੰਮ ਕਰਨ ਦੀ ਯੋਜਨਾ ਬਣਾਈ। ਦੋਵੇਂ ਭਾਰਤੀ 53 ਸਾਲਾ ਮੁਹੰਮਦ ਸਲੀਮ ਅਤੇ 42 ਸਾਲਾ ਰਿਜ਼ਵਾਨ ਅਹਿਮਦ ਖ਼ਾਨ ਯੂਏਈ ਵਿਚ ਮੱਕਾ ਦੀ ਯਾਤਰਾ ‘ਤੇ ਪਹੁੰਚੇ ਹਨ। ਦੋਹਾਂ ਨੇ ਯੂਏਈ ਪਹੁੰਚਣ ਲਈ ਤਿੰਨ ਦੇਸ਼ਾਂ ਵਿਚ 3800 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ। ਮਹੱਤਪੂਰਨ ਗੱਲ ਇਹ ਹੈ ਕਿ ਰਮਜ਼ਾਨ ਮਹੀਨਾ ਹੋਣ ਕਾਰਨ ਦੋਹਾਂ ਨੇ ਰੋਜ਼ਾ ਰੱਖਿਆ ਹੋਇਆ ਹੈ। ਇਸ ਦੇ ਬਾਵਜੂਦ ਦੋਹਾਂ ਨੇ ਇਹ ਯਾਤਰਾ ਜਾਰੀ ਰੱਖੀ। ਦੋਹਾਂ ਲਈ ਇਹ ਯਾਤਰਾ ਆਸਾਨ ਨਹੀਂ ਰਹੀ।
ਰੋਜ਼ਾ ਰੱਖਣ ਦੌਰਾਨ ਉਨ੍ਹਾਂ ਨੂੰ ਤੇਜ਼ ਧੁੱਪ ਵਿਚ ਚੱਲਣਾ ਪਿਆ। ਇਕ ਵਾਰ ਤਾਂ ਉਨ੍ਹਾਂ ਦੀਆਂ ਸਾਈਕਲਾਂ ਗੁੰਮ ਹੋ ਗਈਆਂ। ਸਲੀਮ ਨੇ ਦੱਸਿਆ ਕਿ ਸਾਡੀਆਂ ਸਾਇਕਲਾਂ ਬੰਡਾਰ ਅੱਬਾਸ ਤੋਂ ਯੂਏਈ ਲਈ ਕਿਸ਼ਤੀ ਸਵਾਰੀ ਦੌਰਾਨ ਗੁੰਮ ਹੋ ਗਈਆਂ। ਉਦੋਂ ਮੈਂ ਥੋੜ੍ਹਾ ਨਿਰਾਸ਼ ਸੀ ਕਿਉਂਕਿ ਇਹ ਰੋਜ਼ੇ ਦਾ ਪਹਿਲਾ ਦਿਨ ਸੀ ਅਤੇ ਗਰਮੀ ਬਹੁਤ ਜ਼ਿਆਦਾ ਸੀ। ਪਰ ਸ਼ਾਰਜਾਹ ਬੰਦਰਗਾਰ ਦੇ ਲੋਕਾਂ ਸਾਡੀਆਂ ਸਾਇਕਲਾਂ ਲੱਭਣ ਵਿਚ ਮੱਦਦ ਕੀਤੀ। ਸਲੀਮ ਨੇ ਅੱਗੇ ਦੱਸਿਆ ਕਿ ਯਾਤਰਾ ਦੌਰਾਨੀ ਉਹ ਕਾਫ਼ੀ ਦਿਆਲੂ ਅਤੇ ਉਦਾਰ ਲੋਕਾਂ ਮਿਲੇ।
ਉਸ ਨੇ ਦੱਸਿਆ ਕਿ ਯਾਤਰਾ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸੱਭਿਆਚਾਰਾਂ ਦਾ ਅਨੁਭਵ ਕੀਤਾ, ਵੱਖ-ਵੱਖ ਤਰ੍ਹਾਂ ਦਾ ਭੋਜਨ ਕੀਤਾ ਅਤੇ ਕਾਫ਼ੀ ਧਾਰਮਿਕ ਥਾਵਾਂ ‘ਤੇ ਪ੍ਰਾਰਥਨਾ ਕੀਤੀ। ਜਾਣਕਾਰੀ ਮੁਤਾਬਿਕ ਦੋਨਾਂ ਨੇ ਉਕਤ ਯਾਤਰਾ ਦੌਰਾਨ ਭਾਰਤ ਤੋਂ ਪਾਕਿਸਤਾਨ ਹੁੰਦੇ ਹੋਏ ਇਰਾਕ, ਈਰਾਨ ਅਤੇ ਕੁਵੈਤ ਦੇ ਰਸਤੇ ਸਾਊਦੀ ਅਰਬ ਵੱਲ ਜਾਣਾ ਸੀ ਪਰ ਉਨ੍ਹਾਂ ਨੂੰ ਵੀਜ਼ਾ ਸਬੰਧੀ ਪ੍ਰੇਸ਼ਾਨੀਆਂ ਦਾ ਸਹਾਮਣਾ ਕਰਨਾ ਪਿਆ।
ਜਿਸ ਤੋਂ ਬਾਅਦ ਦੋਨਾਂ ਨੇ ਅਪਣਾ ਯਾਤਰਾ ਮਾਰਗ ਬਦਲ ਦਿੱਤਾ। ਫਿਰ ਉਹ ਓਮਾਨ, ਈਰਾਨ ਅਤੇ ਯੂਏਈ ਵੱਲ ਨਿਕਲ ਗਏ। ਹੁਣ ਇਹ ਦੋਵੇਂ ਜੁਲਾਈ ਦੇ ਅਖੀਰ ਵਿਚ ਮੱਕਾ ਜਾਣਗੇ। ਜ਼ਿਕਰਯੋਗ ਹੈ ਕਿ ਭਾਰਤ ਤੋਂ ਖਾੜ ਦੇਸ਼ਾਂ ਦੀ ਸਾਇਕਲ ਯਾਤਰਾ ਕਾਫ਼ੀ ਮੁਸ਼ਕਿਲ ਹੈ। ਰਸਤੇ ਵਿਚ ਮੁਸ਼ਕਿਲ ਖੇਤਰ ਵੀ ਹਨ ਜਿੱਥੋਂ ਦੀ ਲੰਘਣਾ ਕਾਫ਼ੀ ਮੁਸ਼ਕਿਲ ਹੈ।