
ਰਾਹੁਲ ਅਮੇਠੀ ਤੋਂ ਹਾਰੇ, ਵਾਇਨਾਡ ਤੋਂ ਜਿੱਤੇ ; ਮੋਦੀ ਨੇ ਵਾਰਾਣਸੀ ਸੀਟ ਵੱਡੇ ਫ਼ਰਕ ਨਾਲ ਜਿੱਤੀ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਤੋਂ ਅਪਣੀ ਹਾਰ ਪ੍ਰਵਾਨ ਕਰਦਿਆਂ ਸਮ੍ਰਿਤੀ ਈਰਾਨੀ ਨੂੰ ਵਧਾਈ ਦਿਤੀ ਜਿਹੜੀ ਆਖ਼ਰੀ ਖ਼ਬਰਾਂ ਮਿਲਣ ਤਕ 30 ਹਜ਼ਾਰ ਵੋਟਾਂ ਨਾਲ ਅੱਗੇ ਸੀ। ਰਾਹੁਲ ਗਾਂਧੀ ਕੇਰਲਾ ਦੀ ਵਾਇਨਾਡ ਸੀਟ ਤੋਂ ਭਾਰੀ ਫ਼ਰਕ ਨਾਲ ਜਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਣਸੀ ਸੀਟ ਤੋਂ ਅਪਣੀ ਨੇੜਲੀ ਵਿਰੋਧੀ ਸ਼ਾਲਿਨੀ ਯਾਦਵ ਨੂੰ 79,505 ਵੋਟਾਂ ਦੇ ਫ਼ਰਕ ਨਾਲ ਹਰਾ ਦਿਤਾ।
Amit Shah
ਅਮਿਤ ਸ਼ਾਹ ਨੇ ਗਾਂਧੀਨਗਰ ਸੀਟ ਪੰਜ ਲੱਖ ਵੋਟਾਂ ਦੇ ਫ਼ਰਕ ਨਾਲ ਜਦਕਿ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਕਰਨਾਟਕ ਦੇ ਤੁਮਕੁਰ ਤੋਂ ਹਾਰ ਗਏ। ਭਾਜਪਾ ਦੀ ਸਾਧਵੀ ਪ੍ਰਗਿਆ ਸਿੰਘ ਨੇ ਭੋਪਾਲ ਸੀਟ ਤਿੰਨ ਲੱਖ ਵੋਟਾਂ ਦੇ ਫ਼ਰਕ ਨਾਲ ਜਿੱਤੀ ਜਦਕਿ ਕਾਂਗਰਸ ਦੇ ਜਯੋਤੀਰਦਿਤਿਆ ਸਿੰਧੀਆ ਮੱਧ ਪ੍ਰਦੇਸ਼ ਦੀ ਗੁਣਾ ਸੀਟ ਤੋਂ 1.5 ਲੱਖ ਵੋਟਾਂ ਦੇ ਫ਼ਰਕ ਨਾਲ ਹਾਰ ਗਏ।
Ravi Shankar Parsad
ਆਜ਼ਾਦ ਉਮੀਦਵਾਰ ਸੁਮਨਲਤਾ ਨੇ ਕਰਨਾਟਕ ਦੇ ਮੁੱਖ ਮੰਤਰੀ ਕੁਮਾਰਾਸਵਾਮੀ ਦੇ ਮੁੰਡੇ ਨਿਖਿਲ ਕੁਮਾਰਸਵਾਮੀ ਨੂੰ ਹਰਾ ਦਿਤਾ। ਕਾਂਗਰਸ ਦੇ ਸ਼ਤਰੂਘਣ ਸਿਨਹਾ ਪਟਨਾ ਸਾਹਿਬ ਸੀਟ ਤੋਂ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਕੋਲੋਂ ਭਾਰੀ ਫ਼ਰਕ ਨਾਲ ਹਾਰ ਗਏ ਜਦਕਿ ਪੀਲੀਭੀਤ ਤੋਂ ਭਾਜਪਾ ਦੇ ਵਰੁਣ ਗਾਂਧੀ ਨੇ ਜਿੱਤ ਦਰਜ ਕੀਤੀ।
Bhupinder Singh Hooda
ਇਸ ਤੋਂ ਇਲਾਵਾ ਯੂਪੀ ਦੇ ਰਾਮਪੁਰ ਤੋਂ ਜਯਾ ਪ੍ਰਦਾ ਨੂੰ ਆਜ਼ਮ ਖ਼ਾਨ ਤੋਂ ਹਾਰ ਸਾਹਮਣਾ ਕਰਨਾ ਪਿਆ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੂੰ ਵੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਸ ਤੋਂ ਇਲਾਵਾ ਕੁਲਦੀਪ ਬਿਸ਼ਨੋਈ, ਦੁਸ਼ਯੰਤ ਚੌਟਾਲਾ, ਵੈਭਵ ਗਹਿਲੋਤ, ਚੌਧਰੀ ਅਜੀਤ ਸਿੰਘ, ਡਿੰਪਲ ਯਾਦਵ, ਧਰਮਿੰਦਰ ਯਾਦਵ, ਅਕਸ਼ੈ ਯਾਦਵ, ਮੀਸਾ ਯਾਦਵ ਨੂੰ ਵੀ ਹਾਰ ਮਿਲੀ ਹੈ।