
41 ਸਾਲਾ ਸਵਿਸ ਸਟਾਰ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਲਾਵਰ ਕੱਪ ਵਿਚ ਖੇਡਿਆ। ਹਾਲਾਂਕਿ ਉਹ ਹਾਰ ਗਏ।
ਲੰਡਨ: ਟੈਨਿਸ ਦੇ ਆਲ-ਟਾਈਮ ਮਹਾਨ ਖਿਡਾਰੀਆਂ ਵਿਚੋਂ ਇਕ ਰੋਜਰ ਫ਼ੈਡਰਰ ਨੇ ਸ਼ੁੱਕਰਵਾਰ ਨੂੰ ਕੋਰਟ ਨੂੰ ਅਲਵਿਦਾ ਆਖ ਦਿੱਤਾ। ਪਹਿਲਾਂ ਕੀਤੇ ਗਏ ਐਲਾਨ ਅਨੁਸਾਰ 41 ਸਾਲਾ ਸਵਿਸ ਸਟਾਰ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ ਲਾਵਰ ਕੱਪ ਵਿਚ ਖੇਡਿਆ। ਹਾਲਾਂਕਿ ਉਹ ਹਾਰ ਗਏ। ਪੁਰਸ਼ਾਂ ਦੇ ਇਸ ਡਬਲਜ਼ ਮੁਕਾਬਲੇ ਵਿਚ ਆਪਣੇ ਦੋਸਤ ਰਾਫੇਲ ਨਡਾਲ ਨਾਲ ਉਤਰੇ ਫੈਡਰਰ ਨੂੰ ਅਮਰੀਕਾ ਦੇ ਫਰਾਂਸਿਸ ਟਿਆਫੋ ਅਤੇ ਜੈਕ ਸਾਕ ਨੇ 6-4, 6-7, 9-11 ਨਾਲ ਹਰਾਇਆ।
ਆਖਰੀ ਮੈਚ ਹਾਰਨ ਤੋਂ ਬਾਅਦ ਫੈਡਰਰ ਕੋਰਟ 'ਤੇ ਭਾਵੁਕ ਹੋ ਗਏ ਅਤੇ ਰੋਂਦੇ ਹੋਏ ਕਿਹਾ- 'ਮੈਂ ਉਦਾਸ ਨਹੀਂ ਹਾਂ, ਖੁਸ਼ ਹਾਂ।' ਪਰ ਉਹਨਾਂ ਦੀਆਂ ਅੱਖਾਂ ਵਿਚ ਹੰਝੂ ਸਨ। ਟੈਨਿਸ ਕੋਰਟ ਦੇ ਵਿਚਕਾਰ ਖੜ੍ਹੇ ਫੈਡਰਰ ਨੇ ਆਪਣੇ ਦੋਵੇਂ ਹੱਥ ਖੜ੍ਹੇ ਕਰ ਕੇ ਪ੍ਰਸ਼ੰਸਕਾਂ ਦਾ ਸਵਾਗਤ ਕੀਤਾ। ਫਿਰ ਸਰਬੀਆਈ ਸਟਾਰ ਨੋਵਾਕ ਜੋਕੋਵਿਚ ਨਾਲ ਮੁਲਾਕਾਤ ਹੋਈ। ਇਸ ਦੌਰਾਨ ਉਹਨਾਂ ਦੇ ਸਾਥੀ ਨਡਾਲ ਵੀ ਭਾਵੁਕ ਨਜ਼ਰ ਆਏ।
ਸਵਿਸ ਸਟਾਰ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਤਿੰਨ ਦਿਨ ਚੱਲਣ ਵਾਲੇ ਟੂਰਨਾਮੈਂਟ ਤੋਂ ਬਾਅਦ ਟੈਨਿਸ ਤੋਂ ਸੰਨਿਆਸ ਲੈ ਲੈਣਗੇ। ਉਹਨਾਂ ਨੇ ਫਿਰ ਸਪੱਸ਼ਟ ਕੀਤਾ ਕਿ ਡਬਲਜ਼ ਮੈਚ ਉਹਨਾਂ ਦਾ ਆਖਰੀ ਹੋਵੇਗਾ। ਪਿਛਲੇ ਸਾਲ ਵਿੰਬਲਡਨ ਵਿਚ ਕੁਆਰਟਰ ਫਾਈਨਲ ਵਿਚ ਹਾਰ ਤੋਂ ਬਾਅਦ ਫੈਡਰਰ ਨੂੰ ਆਪਣੇ ਸੱਜੇ ਗੋਡੇ ਦੇ ਤਿੰਨ ਓਪਰੇਸ਼ਨ ਕਰਵਾਉਣੇ ਪਏ ਸਨ। ਇਸ ਤੋਂ ਬਾਅਦ ਉਹ ਕੋਰਟ 'ਤੇ ਨਹੀਂ ਉਤਰ ਸਕਿਆ ਅਤੇ ਇਸ ਤਰ੍ਹਾਂ ਉਹ ਵਿੰਬਲਡਨ ਮੈਚ ਉਸ ਦਾ ਆਖਰੀ ਸਿੰਗਲ ਮੈਚ ਸਾਬਤ ਹੋਇਆ।
ਟੈਨਿਸ ਦਿੱਗਜ ਨੇ ਆਪਣੇ ਕਰੀਅਰ ਵਿਚ 20 ਗ੍ਰੈਂਡ ਸਲੈਮ ਖ਼ਿਤਾਬ ਜਿੱਤੇ ਹਨ, ਜਿਨ੍ਹਾਂ ਵਿਚ ਵਿੰਬਲਡਨ ਵਿਚ ਅੱਠ, ਆਸਟ੍ਰੇਲੀਅਨ ਓਪਨ ਵਿਚ ਛੇ, ਯੂਐਸ ਓਪਨ ਵਿਚ ਪੰਜ ਅਤੇ ਫਰੈਂਚ ਓਪਨ ਵਿਚ ਇਕ ਸ਼ਾਮਲ ਹੈ। ਫੈਡਰਰ ਨੇ ਕੁੱਲ 103 ਸਿੰਗਲ ਖਿਤਾਬ ਜਿੱਤੇ ਅਤੇ 310 ਹਫਤਿਆਂ ਤੱਕ ਏਟੀਪੀ ਰੈਂਕਿੰਗ ਵਿਚ ਪਹਿਲੇ ਨੰਬਰ 'ਤੇ ਰਹੇ। ਇਸ ਤੋਂ ਇਲਾਵਾ ਡੇਵਿਸ ਕੱਪ ਖਿਤਾਬ ਅਤੇ ਓਲੰਪਿਕ ਮੈਡਲ ਵੀ ਉਸ ਦੇ ਨਾਂ ਦਰਜ ਹਨ।