
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 5 ਵਿਕਟਾਂ ਦੇ ਨੁਕਸਾਨ 'ਤੇ ਆਸਟ੍ਰੇਲੀਆ ਨੂੰ ਰੀਕਾਰਡ 400 ਦੌੜਾਂ ਦਾ ਟੀਚਾ ਦਿਤਾ ਸੀ
ਇੰਦੌਰ: ਸ਼ੁਭਮਨ ਗਿੱਲ ਅਤੇ ਸ਼੍ਰੇਅਸ ਅਈਅਰ ਦੇ ਸੈਂਕੜਿਆਂ ਤੋਂ ਬਾਅਦ ਭਾਰਤ ਨੇ ਸਪਿੰਨਰਾਂ ਦੀ ਮਦਦ ਨਾਲ ਐਤਵਾਰ ਨੂੰ ਇੱਥੇ ਮੀਂਹ ਪ੍ਰਭਾਵਿਤ ਦੂਜੇ ਵਨਡੇ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ ਡਕਵਰਥ ਲੁਈਸ ਵਿਧੀ ਨਾਲ 99 ਦੌੜਾਂ ਨਾਲ ਹਰਾ ਕੇ ਦੂਜੇ ਵਨਡੇ ਕ੍ਰਿਕਟ ਮੈਚ ਨੂੰ ਜਿੱਤ ਕੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਲੀਡ ਬਣਾ ਲਈ ਹੈ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ ’ਤੇ ਪੰਜ ਵਿਕਟਾਂ ’ਤੇ 399 ਦੌੜਾਂ ਦਾ ਰੀਕਾਰਡ ਸਕੋਰ ਬਣਾਇਆ। ਜਵਾਬ ’ਚ ਜਦੋਂ ਆਸਟਰੇਲੀਆਈ ਟੀਮ ਨੇ ਨੌਂ ਓਵਰਾਂ ’ਚ ਦੋ ਵਿਕਟਾਂ ’ਤੇ 56 ਦੌੜਾਂ ਬਣਾ ਲਈਆਂ ਸਨ ਤਾਂ ਮੀਂਹ ਪੈ ਗਿਆ। ਮੀਂਹ ਰੁਕਣ ਤੋਂ ਬਾਅਦ ਆਸਟਰੇਲੀਆ ਨੂੰ ਡਕਵਰਥ ਲੁਈਸ ਵਿਧੀ ਅਨੁਸਾਰ 33 ਓਵਰਾਂ ’ਚ 317 ਦੌੜਾਂ ਬਣਾਉਣ ਦਾ ਟੀਚਾ ਰਖਿਆ ਗਿਆ ਸੀ ਪਰ ਉਸ ਦੀ ਟੀਮ 28.2 ਓਵਰਾਂ ’ਚ 217 ਦੌੜਾਂ ਬਣਾ ਕੇ ਆਊਟ ਹੋ ਗਈ।
ਇਸ ਤਰ੍ਹਾਂ ਭਾਰਤ ਨੇ ਤਿੰਨ ਮੈਚਾਂ ਦੀ ਲੜੀ ’ਚ 2-0 ਦੀ ਅਜੇਤੂ ਲੀਡ ਹਾਸਲ ਕਰ ਲਈ ਹੈ। ਤੀਜਾ ਅਤੇ ਆਖਰੀ ਮੈਚ ਬੁਧਵਾਰ ਨੂੰ ਰਾਜਕੋਟ ’ਚ ਖੇਡਿਆ ਜਾਵੇਗਾ।
ਗਿੱਲ ਨੇ 97 ਗੇਂਦਾਂ ’ਚ ਚਾਰ ਛੱਕਿਆਂ ਅਤੇ ਛੇ ਚੌਕਿਆਂ ਦੀ ਮਦਦ ਨਾਲ 104 ਦੌੜਾਂ ਬਣਾਈਆਂ, ਜਦਕਿ ਅਈਅਰ ਨੇ 90 ਗੇਂਦਾਂ ’ਚ 105 ਦੌੜਾਂ ਬਣਾਈਆਂ ਜਿਸ ’ਚ 11 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਦੋਵਾਂ ਨੇ ਦੂਜੀ ਵਿਕਟ ਲਈ 200 ਦੌੜਾਂ ਜੋੜੀਆਂ, ਜੋ ਭਾਰਤ ਵਲੋਂ ਆਸਟਰੇਲੀਆ ਵਿਰੁਧ ਵਨਡੇ ਵਿਚ ਕਿਸੇ ਵੀ ਵਿਕਟ ਲਈ ਚੌਥੀ ਸਭ ਤੋਂ ਵੱਡੀ ਸਾਂਝੇਦਾਰੀ ਹੈ।
ਕਪਤਾਨ ਕੇ.ਐੱਲ. ਰਾਹੁਲ (38 ਗੇਂਦਾਂ ’ਤੇ 52 ਦੌੜਾਂ, ਤਿੰਨ ਚੌਕੇ, ਤਿੰਨ ਛੱਕੇ) ਅਤੇ ਸੂਰਿਆਕੁਮਾਰ ਯਾਦਵ (37 ਗੇਂਦਾਂ ’ਤੇ ਨਾਬਾਦ 72 ਦੌੜਾਂ, ਛੇ ਚੌਕੇ, ਛੇ ਛੱਕੇ) ਨੇ ਅਰਧ ਸੈਂਕੜੇ ਬਣਾ ਕੇ ਭਾਰਤ ਨੂੰ ਵੱਡੇ ਸਕੋਰ ਤਕ ਪਹੁੰਚਾਉਣ ’ਚ ਅਹਿਮ ਯੋਗਦਾਨ ਪਾਇਆ। ਆਸਟਰੇਲੀਆ ਲਈ ਕੈਮਰੂਨ ਗ੍ਰੀਨ ਨੇ ਦੋ ਵਿਕਟਾਂ ਲਈਆਂ ਪਰ ਇਸ ਦੇ ਲਈ ਉਸ ਨੇ 103 ਦੌੜਾਂ ਖਰਚ ਕੀਤੀਆਂ।
ਆਸਟ੍ਰੇਲੀਆ ਵਿਰੁਧ ਇਹ ਭਾਰਤ ਦਾ ਸਭ ਤੋਂ ਵੱਡਾ ਸਕੋਰ ਹੈ। ਇਸ ਤੋਂ ਪਹਿਲਾਂ 2013 ’ਚ ਉਸ ਨੇ ਬੈਂਗਲੁਰੂ ’ਚ ਛੇ ਵਿਕਟਾਂ ’ਤੇ 383 ਦੌੜਾਂ ਬਣਾਈਆਂ ਸਨ।
ਆਸਟ੍ਰੇਲੀਆਈ ਬੱਲੇਬਾਜ਼ਾਂ ਵਿਚ ਡੇਵਿਡ ਵਾਰਨਰ ਨੇ 53 ਦੌੜਾਂ ਬਣਾ ਕੇ ਅਪਣੀ ਫਾਰਮ ਨੂੰ ਬਰਕਰਾਰ ਰਖਿਆ, ਪਰ ਇਹ ਸੀਨ ਐਬੋਟ (36 ਗੇਂਦਾਂ ’ਤੇ 54 ਦੌੜਾਂ, ਚਾਰ ਚੌਕੇ, ਪੰਜ ਛੱਕੇ) ਅਤੇ ਜੋਸ਼ ਹੇਜ਼ਲਵੁੱਡ (16 ਗੇਂਦਾਂ ’ਤੇ 23 ਦੌੜਾਂ) ਸਨ, ਜਿਨ੍ਹਾਂ ਨੇ ਅਪਣੀ ਬੱਲੇਬਾਜ਼ੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਭਾਰਤ ਲਈ, ਰਵੀਚੰਦਰਨ ਅਸ਼ਵਿਨ ਨੇ 41 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਅਤੇ ਅਕਸ਼ਰ ਪਟੇਲ ਦੇ ਫਿੱਟ ਨਾ ਹੋਣ ਦੀ ਸਥਿਤੀ ’ਚ ਵਿਸ਼ਵ ਕੱਪ ਟੀਮ ’ਚ ਜਗ੍ਹਾ ਲਈ ਅਪਣਾ ਦਾਅਵਾ ਮਜ਼ਬੂਤ ਕੀਤਾ। ਰਵਿੰਦਰ ਜਡੇਜਾ ਨੇ 42 ਦੌੜਾਂ ਦੇ ਕੇ ਤਿੰਨ ਵਿਕਟਾਂ ਜਦਕਿ ਪ੍ਰਸਿਧ ਕ੍ਰਿਸ਼ਨ ਨੇ 56 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।
ਵੱਡੇ ਟੀਚੇ ਦੇ ਸਾਹਮਣੇ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕ੍ਰਿਸ਼ਨਾ ਨੇ ਇਸ ਮੈਚ ’ਚ ਕਪਤਾਨੀ ਕਰ ਰਹੇ ਮੈਥਿਊ ਸ਼ਾਰਟ (09) ਅਤੇ ਸਟੀਵ ਸਮਿਥ (00) ਨੂੰ ਪਾਰੀ ਦੇ ਅਪਣੇ ਪਹਿਲੇ ਓਵਰ ਦੀ ਦੂਜੀ ਅਤੇ ਤੀਜੀ ਗੇਂਦ ’ਤੇ ਆਊਟ ਕਰ ਕੇ ਸਿਖਰਲੇ ਕ੍ਰਮ ਨੂੰ ਹਿਲਾ ਦਿਤਾ।
ਮੀਂਹ ਰੁਕਣ ਤੋਂ ਬਾਅਦ ਆਸਟਰੇਲੀਆ ਨੂੰ ਨਵੇਂ ਟੀਚੇ ਦੇ ਸਾਹਮਣੇ ਬਾਕੀ ਬਚੇ 24 ਓਵਰਾਂ ’ਚ 261 ਦੌੜਾਂ ਬਣਾਉਣੀਆਂ ਸਨ ਪਰ ਇਸ ਤੋਂ ਬਾਅਦ ਅਸ਼ਵਿਨ ਦੀ ਸਪਿਨ ਦਾ ਜਾਦੂ ਕੰਮ ਕਰ ਗਿਆ। ਮਾਰਨਸ ਲੈਬੁਸ਼ੇਨ (27) ਨੂੰ ਗੇਂਦਬਾਜ਼ੀ ਕਰਨ ਤੋਂ ਬਾਅਦ ਉਸ ਨੇ ਵਾਰਨਰ ਅਤੇ ਜੋਸ਼ ਇੰਗਲਿਸ਼ (06) ਨੂੰ ਅਪਣੇ ਇਕ ਓਵਰ ’ਚ ਐਲ.ਬੀ.ਡਬਲਿਊ. ਆਊਟ ਕੀਤਾ।
ਉਸ ਦੇ ਸਾਥੀ ਸਪਿਨਰ ਜਡੇਜਾ ਨੇ ਐਲੇਕਸ ਕੈਰੀ (14) ਨੂੰ ਬੋਲਡ ਕਰ ਦਿਤਾ ਜਦਕਿ ਗ੍ਰੀਨ (19) ਰਨ ਆਊਟ ਹੋ ਗਿਆ, ਜਿਸ ਨਾਲ ਆਸਟਰੇਲੀਆ ਦੀਆਂ ਅਸਲ ਉਮੀਦਾਂ ਖਤਮ ਹੋ ਗਈਆਂ। ਐਬੋਟ ਅਤੇ ਹੇਜ਼ਲਵੁੱਡ ਨੇ ਨੌਵੇਂ ਵਿਕਟ ਲਈ 77 ਦੌੜਾਂ ਦੀ ਸਾਂਝੇਦਾਰੀ ਕਰ ਕੇ ਹਾਰ ਦਾ ਫਰਕ ਘੱਟ ਕੀਤਾ। ਇਸ ਦੌਰਾਨ ਐਬੋਟ ਨੇ ਅਸ਼ਵਿਨ ’ਤੇ ਛੱਕਾ ਜੜ ਕੇ ਅਪਣੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ।