
ਬੈਡਮਿੰਟਨ ਵਰਲਡ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ
ਬਾਸੇਲ (ਸਵਿਟਜ਼ਰਲੈਂਡ) : ਉਲੰਪਿਕ ਚਾਂਦੀ ਤਮਗ਼ਾ ਜੇਤੂ ਪੀ.ਵੀ. ਸਿੰਧੂ ਨੇ ਐਤਵਾਰ ਨੂੰ ਬੀਡਬਲਿਊਐਫ ਬੈਡਮਿੰਟਨ ਵਰਲਡ ਚੈਂਪੀਅਨਸ਼ਨ ਦੇ ਫ਼ਾਈਨਲ 'ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ। ਸਿੰਧੂ ਨੇ ਫਾਈਨਲ 'ਚ ਵਿਸ਼ਵ ਰੈਂਕਿੰਗ ਸੂਚੀ 'ਚ ਚੌਥੇ ਨੰਬਰ ਦੀ ਜਾਪਾਨੀ ਖਿਡਾਰਨ ਨੋਜ਼ੋਮੀ ਓਕੁਹਾਰਾ ਨੂੰ ਹਰਾ ਕੇ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ। ਵਿਸ਼ਵ ਰੈਂਕਿੰਗ ਸੂਚੀ 'ਚ ਪੰਜਵੇਂ ਨੰਬਰ 'ਤੇ ਕਾਬਜ਼ ਸਿੰਧੂ ਨੇ ਓਕੁਹਾਰਾ ਨੂੰ ਸਿੱਧੇ ਸੈਟਾਂ 'ਚ 21-7, 21-7 ਨਾਲ ਹਰਾਇਆ। ਇਹ ਮੁਕਾਬਲਾ 37 ਮਿੰਟ ਤਕ ਚੱਲਿਆ। ਇਸ ਜਿੱਤ ਨਾਲ ਸਿੰਧੂ ਨੇ ਓਕੁਹਾਰਾ ਵਿਰੁੱਧ ਆਪਣਾ ਕਰਿਅਰ ਰਿਕਾਰਡ 9-7 ਕਰ ਲਿਆ ਹੈ।
BWF World Championships : PV Sindhu Becomes 1st Indian to Win Gold
ਸਾਲ 2017 ਅਤੇ 2018 'ਚ ਚਾਂਦੀ ਅਤੇ 2013 ਤੇ 2014 'ਚ ਕਾਂਸੇ ਤਾ ਤਮਗ਼ਾ ਜਿੱਤ ਚੁੱਕੀ ਸਿੰਧੂ ਨੇ ਪਹਿਲੇ ਗੇਮ 'ਚ ਵਧੀਆ ਸ਼ੁਰੂਆਤ ਕੀਤੀ ਅਤੇ 5-1 ਦੀ ਲੀਡ ਬਣਾ ਲਈ। ਇਸ ਤੋਂ ਬਾਅਦ 12-2 ਦੀ ਲੀਡ ਬਣਾ ਲਈ। ਸਿੰਧੂ ਨੇ ਜਾਪਾਨੀ ਖਿਡਾਰਨ ਨੂੰ ਵਾਪਸੀ ਦਾ ਮੌਕਾ ਨਾ ਦਿੱਤਾ ਅਤੇ ਪਹਿਲਾ ਸੈਟ 21-7 ਨਾਲ ਜਿੱਤ ਲਿਆ।
BWF World Championships : PV Sindhu Becomes 1st Indian to Win Gold
ਸਿੰਧੂ ਨੇ ਦੂਜੇ ਸੈਟ 'ਚ ਵੀ ਸ਼ਾਨਦਾਰ ਖੇਡ ਵਿਖਾਉਂਦਿਆਂ ਕੁਝ ਮਿੰਟਾਂ 'ਚ 8-2 ਦੀ ਲੀਡ ਲੈ ਲਈ। ਸਿੰਧੂ ਨੇ ਇਸ ਲੀਡ ਨੂੰ ਅੰਤ ਤਕ ਕਾਇਮ ਰੱਖਿਆ ਅਤੇ ਦੂਜਾ ਸੈਟ 21-7 ਨਾਲ ਜਿੱਤ ਕੇ ਸੋਨ ਤਮਗ਼ਾ ਆਪਣੇ ਨਾਂ ਕਰ ਲਿਆ।
BWF World Championships : PV Sindhu Becomes 1st Indian to Win Gold
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2015 ਵਿਚ ਬੀਡਬਲਿਊਐਫ ਬੈਡਮਿੰਟਨ ਵਰਲਡ ਚੈਂਪੀਅਨਸ਼ਨ ਦੇ ਫਾਈਨਲ 'ਚ ਸਾਈਨਾ ਨੇਹਵਾਲ ਹਾਰ ਗਈ ਸੀ। ਮਰਦਾਂ 'ਚ ਸਾਲ 1983 ਵਿਚ ਪ੍ਰਕਾਸ਼ ਪਾਦੁਕੋਣ ਅਤੇ ਇਸ ਸਾਲ ਬੀ. ਸਾਈ ਪ੍ਰਣੀਤ ਨੇ ਕਾਂਸੇ ਦੇ ਤਮਗ਼ੇ ਜਿੱਤੇ ਹਨ। ਜਵਾਲਾ ਗੁੱਟਾ ਅਤੇ ਅਸ਼ਵਨੀ ਪੋਨੰਪਾ ਦੀ ਜੋੜੀ ਨੇ ਸਾਲ 2011 ਵਿਚ ਮਹਿਲਾ ਡਬਲਜ਼ 'ਚ ਕਾਂਸੀ ਦਾ ਤਮਗ਼ਾ ਜਿੱਤਿਆ ਸੀ।