
ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕਜ਼ਾਖ਼ਸਤਾਨ 'ਚ 14 ਤੋਂ 22 ਸਤੰਬਰ ਤਕ ਹੋਵੇਗਾ।
ਨਵੀਂ ਦਿੱਲੀ : ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਵਿਸ਼ਵ ਚੈਂਪੀਅਨਸ਼ਿਪ 'ਚ ਥਾਂ ਪੱਕੀ ਕਰਨ ਲਈ ਚਾਰ ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਾ ਜਦਕਿ ਰਵੀ ਕੁਮਾਰ ਦਹੀਆ ਨੇ ਸ਼ੁਕਰਵਾਰ ਨੂੰ ਇਥੇ ਚੋਣ ਟ੍ਰਾਇਲਜ਼ ਦਾ ਸੱਭ ਤੋਂ ਦਿਲਚਸਪ ਮੁਕਾਬਲਾ ਜਿੱਤ ਕੇ ਇਸ ਦਾ ਟਿਕਟ ਕਟਾਇਆ। ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕਜ਼ਾਖ਼ਸਤਾਨ 'ਚ 14 ਤੋਂ 22 ਸਤੰਬਰ ਤਕ ਹੋਵੇਗਾ।
Bajrang Punia
ਇਹ ਟੂਰਨਾਮੈਂਟ ਓਲੰਪਿਕ ਕੁਆਲੀਫ਼ਾਇੰਗ ਪ੍ਰਤੀਯੋਗਿਤਾ ਹੈ। ਬਜਰੰਗ ਦੀ 65 ਕਿਲੋਗ੍ਰਾਮ ਭਾਰਵਰਗ 'ਚ ਮੌਜੂਦਗੀ ਦੇ ਕਾਰਨ ਜ਼ਿਆਦਾਤਰ ਪਹਿਲਵਾਨਾਂ ਨੇ ਖ਼ੁਦ ਨੂੰ ਇਸ ਮੁਕਾਬਲੇ ਤੋਂ ਦੂਰ ਰਖਿਆ। ਉਨ੍ਹਾਂ ਨੂੰ ਚੁਨੌਤੀ ਦੇਣ ਸਿਰਫ ਮੌਜੂਦਾ ਰਾਸ਼ਟਰੀ ਚੈਂਪੀਅਨ ਹਰਫ਼ੁਲ ਸਿੰਘ ਪਹੁੰਚੇ। ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ਼ ਬਜਰੰਗ ਨੂੰ ਹਾਲਾਂਕਿ ਹਰਫ਼ੁਲ ਚੁਨੌਤੀ ਨਹੀਂ ਦੇ ਸਕੇ। ਹਰਫੁਲ ਗੋਡੇ 'ਚ ਸੱਟ ਕਾਰਨ ਮੁਕਾਬਲੇ ਦੇ ਦੂਜੇ ਗੇੜ ਤਕ ਮੁਕਾਬਲਾ ਵੀ ਨਹੀਂ ਕਰ ਸਕੇ।
Wrestling World Championship will be held in Kazakhstan
ਦੂਜੇ ਗੇੜ 'ਚ ਬਜਰੰਗ ਨੇ ਉਨ੍ਹਾਂ ਦੇ ਸੱਜੇ ਪੈਰ 'ਤੇ ਮਜ਼ਬੂਤ ਪਕੜ ਬਣਾਈ ਜਿਸ ਨਾਲ ਉਹ ਪਾਰ ਨਾ ਕਰ ਸਕੇ। ਮੁਕਾਬਲਾ (ਬਾਊਟ) ਰੋਕੇ ਜਾਂਦੇ ਸਮੇਂ ਬਜਰੰਗ 7-0 ਨਾਲ ਅੱਗੇ ਸਨ। ਪ੍ਰਤਿਭਾਸ਼ਾਲੀ ਸੰਦੀਪ ਤੋਮਰ ਅਤੇ ਉਤਕਰਸ਼ ਕਾਲੇ ਸਮੇਤ 7 ਪਹਿਲਵਾਨ 57 ਕਿਲੋਗ੍ਰਾਮ ਵਰਗ 'ਚ ਸ਼ਾਮਲ ਸਨ। ਹਾਲਾਂਕਿ ਪਿਛਲੇ ਸਾਲ ਅੰਡਰ-23 ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਰਵੀ ਨੇ ਇਸ 'ਚ ਬਾਜ਼ੀ ਮਾਰ ਕੇ ਕਜ਼ਾਖਸਤਾਨ ਦਾ ਟਿਕਟ ਕਟਾਇਆ। ਕੋਚ ਵਰਿੰਦਰ ਦੀ ਦੇਖ ਰੇਖ 'ਚ ਛਤਰਸਾਲ ਸਟੇਡੀਅਮ 'ਚ ਸਿਖਲਾਈ ਲੈਣ ਵਾਲੇ ਰਵੀ ਨੇ ਫ਼ਾਈਨਲ ਮੁਕਾਬਲੇ 'ਚ ਰਾਹੁਲ ਨੂੰ 12-2 ਨਾਲ ਹਰਾਇਆ। ਰਾਹੁਲ ਨੇ ਇਸ ਤੋਂ ਪਹਿਲਾਂ 2016 ਦੇ ਏਸ਼ੀਆਈ ਚੈਂਪੀਅਨ ਸੰਦੀਪ ਤੋਮਰ ਨੂੰ ਹਰਾਇਆ ਸੀ ਜਦਕਿ ਰਵੀ ਨੇ ਕਾਲੇ ਨੂੰ ਹਰਾਇਆ ਸੀ।