
ਪਟਿਆਲਾ ਵਿਖੇ ਸਥਾਪਤ ਕੀਤੀ ਜਾਵੇਗੀ ਖੇਡ ਯੂਨੀਵਰਸਿਟੀ
ਚੰਡੀਗੜ੍ਹ : ਭਾਰਤ ਦੇ ਇਕਲੌਤੇ ਓਲੰਪਿਕ ਸੋਨ ਤਮਗ਼ਾ ਜੇਤੂ ਖਿਡਾਰੀ ਅਭਿਨਵ ਬਿੰਦਰਾ ਵਲੋਂ ਅਪਣਾਈ ਗਈ ਤਕਨੀਕ ਅਤੇ ਉਸ ਦੀ ਨਿਸ਼ਾਨੇਬਾਜ਼ੀ ਖੇਡ ਵਿੱਚ ਹਾਸਲ ਕੀਤੀ ਮੁਹਾਰਤ ਨੂੰ ਪੰਜਾਬ ਦਾ ਖੇਡ ਵਿਭਾਗ ਵਰਤੋਂ ਵਿਚ ਲਿਆਵੇਗਾ ਤਾਂ ਜੋ ਸੂਬੇ ਵਿਚੋਂ ਵੱਧ ਤੋਂ ਵੱਧ ਖਿਡਾਰੀ ਕੌਮਾਂਤਰੀ ਪੱਧਰ ਦੇ ਤਿਆਰ ਹੋ ਸਕਣ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਓਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨਾਲ ਖਾਸ ਮੁਲਾਕਾਤ ਉਪਰੰਤ ਕੀਤਾ।
Abhinav Bindra meets Sports Minister Rana Sodhi
ਪਦਮ ਭੂਸ਼ਣ ਅਤੇ ਰਾਜੀਵ ਗਾਂਧੀ ਖੇਡ ਰਤਨ ਪੁਰਸਕਾਰ ਜੇਤੂ ਅਭਿਨਵ ਬਿੰਦਰਾ ਅੱਜ ਪੰਜਾਬ ਸਿਵਲ ਸਕੱਤਰੇਤ ਸਥਿਤ ਖੇਡ ਮੰਤਰੀ ਦੇ ਦਫਤਰ ਵਿਖੇ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਮਿਲਣ ਆਏ ਸਨ। ਰਾਣਾ ਸੋਢੀ ਨੇ ਕਿਹਾ ਕਿ ਅਭਿਨਵ ਬਿੰਦਰਾ ਵਲੋਂ ਖੇਡ ਵਿਗਿਆਨ ਅਤੇ ਤਕਨਾਲੋਜੀ ਨਾਲ ਲੈਸ ਚਲਾਏ ਜਾ ਰਹੇ ਭਾਰਤ ਦੇ ਅਹਿਮ ਉਚ ਕਾਰਗੁਜ਼ਾਰੀ ਵਾਲੇ ਕੇਂਦਰ 'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਦੀ ਮੁਹਾਰਤ ਦਾ ਫਾਇਦਾ ਪੰਜਾਬ ਦਾ ਖੇਡ ਵਿਭਾਗ ਵੀ ਲਵੇਗਾ ਜਿਹੜਾ ਕਿ ਖੇਡਾਂ ਦੇ ਖੇਤਰ ਵਿੱਚ ਨਵੀਂ ਪਹਿਲਕਦਮੀ ਤੇ ਬਦਲਾਅ ਲਿਆ ਰਿਹਾ ਹੈ।
Abhinav Bindra meets Sports Minister Rana Sodhi
ਇਹ ਬ੍ਰਾਂਡ ਉਸ ਤਕਨਾਲੋਜੀ ਦੀ ਵਰਤੋਂ ਕਰੇਗਾ ਜੋ ਅਭਿਨਵ ਬਿੰਦਰਾ ਨੇ ਆਪਣੀ ਸਿਖਲਾਈ ਦੌਰਾਨ ਵਰਤੀ ਸੀ ਤੇ ਜਿਸ ਸਦਕਾ 2008 ਵਿਚ ਬੀਜਿੰਗ ਓਲਪਿੰਕ ਖੇਡਾਂ 'ਚ 10 ਮੀਟਰ ਏਅਰ ਰਾਈਫਲ ਈਵੈਂਟ ਦਾ ਸੋਨ ਤਮਗ਼ਾ ਜਿੱਤਿਆ ਸੀ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਵਲੋਂ ਪਟਿਆਲਾ ਜ਼ਿਲ੍ਹੇ ਵਿਖੇ ਸਥਾਪਤ ਹੋਣ ਵਾਲੀ ਨਵੀਂ ਖੇਡ ਯੂਨੀਵਰਸਿਟੀ ਵਿਚ ਨਵੇਂ ਉੱਭਰ ਰਹੇ ਖਿਡਾਰੀਆਂ ਨੂੰ ਅਭਿਨਵ ਬਿੰਦਰਾ ਦੇ ਤਜ਼ਰਬੇ ਤੇ ਮੁਹਾਰਤ ਨਾਲ ਸਿਖਲਾਈ ਦੇਣ ਵਿਚ ਵੀ ਸਹਾਇਤਾ ਮਿਲੇਗੀ।
Abhinav Bindra meets Sports Minister Rana Sodhi
'ਅਭਿਨਵ ਬਿੰਦਰਾ ਟਾਰਗੇਟਿੰਗ ਪਰਫਾਰਮੈਂਸ' ਦੇ ਪ੍ਰਬੰਧਾਂ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਖੇਡ ਮੰਤਰੀ ਨੇ ਦਸਿਆ ਕਿ ਇਸ ਨਵੇਂ ਉੱਚ-ਪ੍ਰਦਰਸ਼ਨ ਕੇਂਦਰ ਨੂੰ ਸਥਾਪਤ ਕਰਨ ਲਈ ਪ੍ਰਸਤਾਵ ਤਿਆਰ ਕੀਤੇ ਜਾ ਚੁੱਕੇ ਹਨ ਜੋ ਡਾਟਾ ਅਤੇ ਰੀਅਲ-ਟਾਈਮ ਵਿਜ਼ੂਅਲ ਫੀਡਬੈਕ ਦੀ ਵਰਤੋਂ ਕਰਕੇ ਅਥਲੀਟ ਦੇ ਸਰੀਰਕ ਮਾਪਦੰਡਾਂ ਦਾ ਮੁਲਾਂਕਣ ਕਰਨਗੇ ਅਤੇ ਉਨ੍ਹਾਂ ਨੂੰ ਸਿਖਲਾਈ ਦੇਣਗੇ। ਇਹ ਤਕਨਾਲੋਜੀ ਅਥਲੀਟਾਂ ਨੂੰ ਸਿਖਲਾਈ ਦੇਣ ਵਾਲੇ ਸਪੋਰਟਸ ਮੈਡੀਸਨ ਦੇ ਮਾਹਿਰਾਂ, ਫਿਜ਼ੀਓਥੈਰੇਪਿਸਟ, ਖੇਡ ਵਿਗਿਆਨ ਅਤੇ ਅੰਕੜਾ ਵਿਸ਼ਲੇਸ਼ਕਾਂ ਦੇ ਬੇਹੱਦ ਕੰਮ ਆਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਾਰਪੋਰੇਟ ਸਪਾਂਸਰਾਂ ਦੀ ਸਹਾਇਤਾ ਨਾਲ ਇਸ ਯੋਜਨਾ ਦਾ ਸਮਰਥਨ ਕਰੇਗੀ। ਉਨ੍ਹਾਂ ਕਿਹਾ ਕਿ ਅਜਿਹੀ ਪਹਿਲਕਦਮੀ ਨਿਸ਼ਚਿਤ ਤੌਰ 'ਤੇ ਖੇਡ ਦੇ ਖੇਤਰ ਵਿਚ ਪੰਜਾਬ ਦਾ ਮਾਰਗ ਦਰਸ਼ਨ ਕਰੇਗੀ।
Abhinav Bindra meets Sports Minister Rana Sodhi
ਅਭਿਨਵ ਬਿੰਦਰਾ ਨੇ ਇਸ ਮੌਕੇ ਖੇਡ ਮੰਤਰੀ ਦੇ ਦਫਤਰ ਵਿੱਚ ਦੇਸ਼ ਦੇ ਨਾਮੀ ਖਿਡਾਰੀਆਂ ਦੀਆਂ ਤਸਵੀਰਾਂ ਵੀ ਦੇਖੀਆ ਜਿਸ ਵਿਚ ਖੁਦ ਉਸ ਨੇ ਆਪਣੀ ਵੀ ਤਸਵੀਰ ਦੇਖੀ। ਅਭਿਨਵ ਨੇ ਖੇਡ ਮੰਤਰੀ ਵਲੋਂ ਭਾਰਤੀ ਖੇਡਾਂ ਦੇ ਸੁਨਹਿਰੀ ਪਲਾਂ ਨੂੰ ਸਾਂਭਣ ਦੇ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਰਾਣਾ ਸੋਢੀ ਨੇ ਵੀ ਅਭਿਨਵ ਬਿੰਦਰਾ ਨਾਲ ਜੁੜੀਆਂ ਦੂਨ ਸਕੂਲ ਤੋਂ ਉਸ ਦੇ ਓਲੰਪਿਕ ਚੈਂਪੀਅਨ ਬਣਨ ਤਕ ਆਪਣੀਆਂ ਯਾਦਾਂ ਤਾਜ਼ੀਆਂ ਕੀਤੀਆਂ। ਬਿੰਦਰਾ ਨੇ ਵੀ ਉਸ ਪਲ ਨੂੰ ਯਾਦ ਕੀਤਾ ਜਦੋਂ ਉਸ ਨੇ ਬੀਜਿੰਗ ਵਿਖੇ ਸੋਨ ਤਮਗਾ ਜਿੱਤਿਆ ਸੀ ਅਤੇ ਰਾਣਾ ਸੋਢੀ ਉਸ ਵੇਲੇ ਉਸ ਦੇ ਨਾਲ ਸਨ।