
ਅਸ਼ਵਿਨ ਨੇ ਸੋਮਵਾਰ ਨੂੰ ਆਈ.ਪੀ.ਐਲ. ਦੇ ਮੈਚ ਵਿਚ ਦੂਜੇ ਪਾਸੇ ਖੜੇ ਬਟਲਰ ਨੂੰ ਰਨ ਆਊਟ ਕੀਤਾ ਸੀ
ਲੰਡਨ : ਕ੍ਰਿਕਟ ਕਾਨੂੰਨਾ ਦਾ ਸਰਪਰਸਤ ਮੰਨੇ ਜਾਣ ਵਾਲੇ ਮੇਰਿਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਨੇ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਆਰ. ਅਸ਼ਵਿਨ ਵਲੋਂ ਰਾਜਸਥਾਨ ਰਾਇਲਸ ਦੇ ਜੋਸ ਬਟਲਰ ਨੂੰ ਆਈ. ਪੀ. ਐੱਲ. ਮੈਚ ਵਿਚ ਮਾਂਕਡਿੰਗ ਮਾਮਲੇ ਵਿਚ ਸਮੀਖਿਆ ਕੀਤਾ ਜਾਣ ਤੋਂ ਬਾਅਦ ਅਪਣੇ ਰਵੱਈਏ 'ਚ ਬਦਲਾਅ ਕਰਦਿਆਂ ਇਸ ਨੂੰ ਖੇਡ ਭਾਵਨਾ ਦੇ ਉਲਟ ਦਸਿਆ ਹੈ।
ਐਮ. ਸੀ. ਸੀ. ਨੇ ਇਸ ਤੋਂ ਪਹਿਲਾਂ ਬਟਲਰ ਨੂੰ ਰਨ ਆਊਟ ਕਰਨ ਦੇ ਤਰੀਕੇ 'ਤੇ ਭਾਰਤੀ ਖਿਡਾਰੀ ਦਾ ਸਮਰਥਨ ਕੀਤਾ ਸੀ ਪਰ ਇਕ ਦਿਨ ਬਾਅਦ ਉਸ ਨੇ ਮਾਮਲੇ ਵਿਚ ਅਪਣਾ ਰਵੱਈਆ ਬਦਲ ਲਿਆ ਹੈ। ਅਸ਼ਵਿਨ ਨੇ ਸੋਮਵਾਰ ਨੂੰ ਆਈ. ਪੀ. ਐੱਲ. ਦੇ ਮੈਚ ਵਿਚ ਦੂਜੇ ਪਾਸੇ ਖੜੇ ਬਟਲਰ ਨੂੰ ਰਨ ਆਊਟ ਕੀਤਾ ਜਦਕਿ ਇਸ ਤੋਂ ਪਹਿਲਾਂ ਉਸ ਨੂੰ ਚਿਤਾਵਨੀ ਵੀ ਨਹੀਂ ਦਿੱਤੀ।
ਬ੍ਰਿਟਿਸ਼ ਅਖਬਾਰਾਂ ਮੁਤਾਬਕ ਐੱਮ. ਸੀ. ਸੀ. ਦੇ ਲਾਅ ਮੈਨੇਜਰ ਫੇਜਰ ਸਟੀਵਰਟ ਨੇ ਕਿਹਾ, ''ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ ਸਾਨੂੰ ਨਹੀਂ ਲਗਦਾ ਕਿ ਇਹ ਖੇਡ ਭਾਵਨਾ ਦੇ ਤਹਿਤ ਸੀ। ਸਾਡਾ ਮੰਨਣਾ ਹੈ ਕਿ ਅਸ਼ਵਿਨ ਨੇ ਕ੍ਰੀਜ਼ 'ਤੇ ਪਹੁੰਚਣ ਅਤੇ ਠਹਿਰਾਵ ਵਿਚਾਲੇ ਜ਼ਿਆਦਾ ਸਮਾਂ ਲਿਆ ਸੀ। ਅਜਿਹੇ 'ਚ ਬੱਲੇਬਾਜ਼ ਉਮੀਦ ਕਰਦਾ ਹੈ ਕਿ ਉਸ ਨੇ ਗੇਂਦ ਸੁੱਟ ਦਿਤੀ ਹੈ। ਬਟਲਰ ਨੇ ਅਜਿਹਾ ਹੀ ਸੋਚਿਆ ਹੋਵੇਗਾ ਕਿ ਗੇਂਦ ਸੁੱਟ ਦਿਤੀ ਗਈ ਹੈ ਅਤੇ ਉਹ ਅਪਣੀ ਕ੍ਰੀਜ਼ ਵਿਚ ਹੀ ਸੀ।''
ਇਸ ਤੋਂ ਪਹਿਲਾਂ ਐੱਮ. ਸੀ. ਸੀ. ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਕ੍ਰਿਕਟ ਦੇ ਨਿਯਮਾਂ ਵਿਚ ਨਹੀਂ ਹੈ ਕਿ ਦੂਜੇ ਪਾਸੇ ਖੜੇ ਬੱਲੇਬਾਜ਼ ਨੂੰ ਚਿਤਾਵਨੀ ਦਿਤੀ ਜਾਵੇ। ਇਹ ਕ੍ਰਿਕਟ ਦੀ ਖੇਡ ਭਾਵਨਾ ਖਿਲਾਫ਼ ਹੈ ਕਿ ਦੂਜੇ ਪਾਸੇ ਖੜਾ ਬੱਲੇਬਾਜ਼ ਕ੍ਰੀਜ਼ ਤੋਂ ਬਾਹਰ ਨਿਕਲੇ ਜਿਸ ਨਾਲ ਉਸ ਨੂੰ ਫਾਇਦਾ ਮਿਲੇ। (ਪੀਟੀਆਈ)