
ਪੈਟ ਕਮਿੰਸ, ਟ੍ਰੈਵਿਸ ਹੈਡ, ਮਿਸ਼ੇਲ ਸਟਾਰਕ, ਕੈਮਰੂਨ ਗ੍ਰੀਨ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈਲ ਨੂੰ ਘਰੇਲੂ ਮੈਦਾਨ ’ਤੇ ਬ੍ਰੇਕ ਦਿਤਾ ਗਿਆ
ਪੋਰਟ ਆਫ ਸਪੇਨ: ਆਸਟਰੇਲੀਆ ਨੂੰ ਖਿਡਾਰੀਆਂ ਦੀ ਘਾਟ ਕਾਰਨ ਨਾਮੀਬੀਆ ਵਿਰੁਧ ਟੀ-20 ਵਿਸ਼ਵ ਕੱਪ ਅਭਿਆਸ ਮੈਚ ’ਚ ਮੁੱਖ ਚੋਣਕਾਰ ਅਤੇ ਮੁੱਖ ਕੋਚ ਸਮੇਤ ਸਹਿਯੋਗੀ ਸਟਾਫ ਦੇ ਚਾਰ ਮੈਂਬਰਾਂ ਨੂੰ ਮੈਦਾਨ ’ਚ ਉਤਾਰਨਾ ਪਿਆ ਪਰ ਟੀਮ ਨੇ ਆਸਾਨੀ ਨਾਲ ਜਿੱਤ ਹਾਸਲ ਕੀਤੀ।
ਡੇਵਿਡ ਵਾਰਨਰ ਦੀ21 ਗੇਂਦਾਂ ’ਤੇ ਨਾਬਾਦ 54 ਦੌੜਾਂ ਦੀ ਪਾਰੀ ਅਤੇ ਫਿੱਟ ਜੋਸ਼ ਹੇਜ਼ਲਵੁੱਡ (2/5) ਤੇ ਲੈਗ ਸਪਿਨਰ ਐਡਮ ਜ਼ੰਪਾ (5 ਦੌੜਾਂ ਦੇ ਕੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਨੇ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਟੀਮ ਨੇ ਨਾਮੀਬੀਆ ਦੇ 119 ਦੌੜਾਂ ਦੇ ਟੀਚੇ ਨੂੰ 10 ਓਵਰ ਬਾਕੀ ਰਹਿੰਦੇ ਹਾਸਲ ਕਰ ਲਿਆ।
ਦੋ ਮਹੀਨੇ ਤਕ ਚੱਲਣ ਵਾਲੇ ਆਈ.ਪੀ.ਐਲ. ’ਚ ਹਿੱਸਾ ਲੈਣ ਤੋਂ ਬਾਅਦ ਪੈਟ ਕਮਿੰਸ, ਟ੍ਰੈਵਿਸ ਹੈਡ, ਮਿਸ਼ੇਲ ਸਟਾਰਕ, ਕੈਮਰੂਨ ਗ੍ਰੀਨ, ਮਾਰਕਸ ਸਟੋਇਨਿਸ ਅਤੇ ਗਲੇਨ ਮੈਕਸਵੈਲ ਨੂੰ ਘਰੇਲੂ ਮੈਦਾਨ ’ਤੇ ਬ੍ਰੇਕ ਦਿਤਾ ਗਿਆ ਹੈ ਅਤੇ ਮੁੱਖ ਚੋਣਕਾਰ ਅਤੇ ਸਾਬਕਾ ਕਪਤਾਨ ਜਾਰਜ ਬੇਲੀ ਅਤੇ ਮੁੱਖ ਕੋਚ ਐਂਡਰਿਊ ਮੈਕਡੋਨਲਡ ਨੂੰ ਫੀਲਡਿੰਗ ਲਈ ਮੈਦਾਨ ’ਤੇ ਉਤਰਨਾ ਪਿਆ।
ਬੇਲੀ ਅਤੇ ਮੈਕਡੋਨਲਡ ਤੋਂ ਇਲਾਵਾ 46 ਸਾਲ ਦੇ ਫੀਲਡਿੰਗ ਕੋਚ ਐਂਡਰੇ ਬੋਰੋਵੇਕ ਨੂੰ ਵੀ ਫੀਲਡਿੰਗ ’ਤੇ ਆਉਣਾ ਪਿਆ। ਆਸਟਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਜਦੋਂ ਮਾਰਸ਼ ਅਤੇ ਹੇਜ਼ਲਵੁੱਡ ਡਰੈਸਿੰਗ ਰੂਮ ’ਚ ਵਾਪਸ ਆਏ ਤਾਂ ਮੈਕਡੋਨਲਡ ਅਤੇ 49 ਸਾਲਾ ਬੱਲੇਬਾਜ਼ੀ ਕੋਚ ਬ੍ਰੈਡ ਹਾਜ ਨੂੰ ਮੈਦਾਨ ’ਤੇ ਆਉਣਾ ਪਿਆ।
ਤਿੰਨ ਮਹੀਨਿਆਂ ਬਾਅਦ ਅਪਣਾ ਪਹਿਲਾ ਮੈਚ ਖੇਡਣ ਵਾਲੇ ਹੇਜ਼ਲਵੁੱਡ ਚੰਗੀ ਲੈਅ ’ਚ ਨਜ਼ਰ ਆਏ। ਹੇਜ਼ਲਵੁੱਡ ਨੇ ਮੰਗਲਵਾਰ ਨੂੰ ਮੈਚ ਤੋਂ ਬਾਅਦ ਨੂੰ ਕਿਹਾ, ‘‘ਸਪੱਸ਼ਟ ਤੌਰ ’ਤੇ ਸਾਡੇ ਕੋਲ ਪੂਰੇ ਖਿਡਾਰੀ ਨਹੀਂ ਸਨ ਪਰ ਸ਼ਾਇਦ ਕੁੱਝ ਖਿਡਾਰੀ ਜੋ ਖੇਡੇ ਉਨ੍ਹਾਂ ਨੂੰ ਵੱਡੇ ਬ੍ਰੇਕ ਤੋਂ ਬਾਅਦ ਖੇਡਣ ਦੀ ਜ਼ਰੂਰਤ ਸੀ।’’ ਆਸਟਰੇਲੀਆ ਦੇ ਟੈਸਟ ਅਤੇ ਵਨਡੇ ਕਪਤਾਨ ਕਮਿੰਸ ਹੈਡ ਅਤੇ ਸਟਾਰਕ ਐਤਵਾਰ ਨੂੰ ਚੇਨਈ ’ਚ ਆਈ.ਪੀ.ਐਲ. ਫਾਈਨਲ ਦਾ ਹਿੱਸਾ ਸਨ।