
Major Dhyan Chand: ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਤ ‘ਕੌਮੀ ਖੇਡ ਦਿਵਸ’ ਭਾਰਤ ਵਿਚ ਹਰ ਸਾਲ 29 ਅਗੱਸਤ ਨੂੰ ਮਨਾਇਆ ਜਾਂਦਾ ਹੈ।
Hockey wizard Major Dhyan Chand: ‘ਹਾਕੀ ਦਾ ਜਾਦੂਗਰ’ ਤੇ ‘ਹਾਕੀ ਦਾ ਸ਼ਹਿਨਸ਼ਾਹ’ ਆਦਿ ਜਿਹੇ ਅਨੇਕਾਂ ਲਕਬਾਂ ਨਾਲ ਜਾਣੇ ਜਾਂਦੇ ਭਾਰਤੀ ਹਾਕੀ ਦੇ ਅੰਬਰ ਦੇ ਸੂਰਜ ਮੇਜਰ ਧਿਆਨ ਚੰਦ ਦੇ ਜਨਮ ਦਿਨ ਨੂੰ ਸਮਰਪਤ ‘ਕੌਮੀ ਖੇਡ ਦਿਵਸ’ ਭਾਰਤ ਵਿਚ ਹਰ ਸਾਲ 29 ਅਗੱਸਤ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਨਾ ਕੇਵਲ ਮੇਜਰ ਧਿਆਨ ਚੰਦ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਚੇਤੇ ਕੀਤਾ ਜਾਂਦਾ ਹੈ ਸਗੋਂ ਖੇਡਾਂ ਦੇ ਖੇਤਰ ’ਚ ਸ਼ਾਨਾਂਮਤੀਆਂ ਪ੍ਰਾਪਤੀਆਂ ਕਰਨ ਵਾਲੇ ਸਿਰਮੌਰ ਭਾਰਤੀ ਖਿਡਾਰੀਆਂ ਨੂੰ ‘ਖੇਡ ਰਤਨ’ ਤੇ ‘ਅਰਜੁਨ ਐਵਾਰਡ’ ਅਤੇ ਖਿਡਾਰੀਆਂ ਦਾ ਸਫ਼ਲ ਮਾਰਗ ਦਰਸ਼ਨ ਕਰਨ ਵਾਲੇ ਕੋਚ ਲਈ ‘ਦ੍ਰੋਣਾਚਾਰੀਆ ਐਵਾਰਡ’ ਜਿਹੇ ਕੌਮੀ ਪੱਧਰ ਦੇ ਸਨਮਾਨ ਵੀ ਮਾਣਯੋਗ ਰਾਸ਼ਟਰਪਤੀ ਵਲੋਂ ਪ੍ਰਦਾਨ ਕੀਤੇ ਜਾਂਦੇ ਹਨ। ਹਰ ਸਾਲ 29 ਅਗੱਸਤ ਦੇ ਦਿਨ ‘ਕੌਮੀ ਖੇਡ ਦਿਵਸ’ ਮਨਾਏ ਜਾਣ ਦਾ ਐਲਾਨ ਸੰਨ 2012 ਵਿਚ ਕੀਤਾ ਗਿਆ ਸੀ।
ਧਿਆਨ ਚੰਦ ਦਾ ਅਸਲ ਨਾਂ ਧਿਆਨ ਸਿੰਘ ਸੀ ਤੇ ਉਹ ਸ੍ਰੀ ਰਾਮੇਸ਼ਵਰ ਸਿੰਘ ਅਤੇ ਸ੍ਰੀਮਤੀ ਸ਼ਾਰਦਾ ਸਿੰਘ ਦੇ ਘਰ 29 ਅਗੱਸਤ, 1905 ਨੂੰ ਇਲਾਹਬਾਦ, ਉੱਤਰ ਪ੍ਰਦੇਸ਼ ਵਿਖੇ ਪੈਦਾ ਹੋਏ ਸੀ। ਉਨ੍ਹਾਂ ਦੇ ਦੋ ਹੋਰ ਭਰਾ ਵੀ ਸਨ ਜਿਨ੍ਹਾਂ ਦੇ ਨਾਂ ਮੂਲ ਸਿੰਘ ਅਤੇ ਰੂਪ ਸਿੰਘ ਸਨ। ਰੂਪ ਸਿੰਘ ਵੀ ਚੋਟੀ ਦਾ ਹਾਕੀ ਖਿਡਾਰੀ ਸੀ ਤੇ ਉਸ ਨੇ ਵੀ ਧਿਆਨ ਚੰਦ ਵਾਂਗ ਸੰਨ 1932 ਅਤੇ ਸੰਨ 1936 ਦੀਆਂ ਉਲੰਪਿਕ ਖੇਡਾਂ ਵਿਚ ਭਾਗ ਲਿਆ ਸੀ ਤੇ ਭਾਰਤ ਨੂੰ ਸੋਨ ਤਗ਼ਮਾ ਜਿਤਾਉਣ ਵਿਚ ਮਦਦ ਕੀਤੀ ਸੀ। ਧਿਆਨ ਚੰਦ ਦੇ ਪਿਤਾ ਬ੍ਰਿਟਿਸ਼-ਇੰਡੀਅਨ ਆਰਮੀ ਵਿਚ ਨੌਕਰੀ ਕਰਦੇ ਸਨ ਤੇ ਫ਼ੌਜ ਦੀ ਹਾਕੀ ਟੀਮ ਦੇ ਸਰਗਰਮ ਖਿਡਾਰੀ ਸਨ। ਪਿਤਾ ਦੀ ਨੌਕਰੀ ਕਰ ਕੇ ਧਿਆਨ ਚੰਦ ਨੂੰ ਵੱਖ ਵੱਖ ਸ਼ਹਿਰਾਂ ਦੇ ਸਕੂਲਾਂ ਵਿਚ ਪੜ੍ਹਾਈ ਕਰਨ ਦਾ ਮੌਕਾ ਮਿਲਿਆ ਸੀ। ਉਸ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਟੀ ਤੋਂ ਕੁੱਝ ਜਮਾਤਾਂ ਪਾਸ ਕਰਨ ਉਪ੍ਰੰਤ ਗਵਾਲੀਅਰ ਦੇ ਵਿਕਟੋਰੀਆ ਕਾਲਜ ਤੋਂ ਸੰਨ 1932 ਵਿਚ ਗ੍ਰੈਜੂਏਸ਼ਨ ਪਾਸ ਕੀਤੀ ਸੀ।
ਕਿੰਨੀ ਦਿਲਚਸਪ ਗੱਲ ਹੈ ਕਿ ਪੜ੍ਹਾਈ ਦੌਰਾਨ ਧਿਆਨ ਚੰਦ ਦੀ ਰੁਚੀ ਕੁਸ਼ਤੀਆਂ ਵਿਚ ਸੀ ਨਾਕਿ ਹਾਕੀ ਵਿਚ ਜਦਕਿ ਉਨ੍ਹਾਂ ਦੇ ਘਰ ਵਿਚ ਹਾਕੀ ਦੀ ਗੰਗਾ ਵਹਿੰਦੀ ਸੀ। ਇਕ ਵਾਰ ਇਕ ਅਖ਼ਬਾਰ ਨੂੰ ਦਿਤੀ ਇੰਟਰਵਿਊ ਵਿਚ ਉਨ੍ਹਾਂ ਨੇ ਕਿਹਾ ਸੀ, ‘‘ਮੈਨੂੰ ਯਾਦ ਨਹੀਂ ਕਿ ਫ਼ੌਜ ਵਿਚ ਭਰਤੀ ਹੋਣ ਤੋਂ ਪਹਿਲਾਂ ਮੈਂ ਕਦੇ ਚੱਜ ਨਾਲ ਹਾਕੀ ਖੇਡੀ ਹੋਵੇ।’’ 29 ਅਗੱਸਤ, ਸੰਨ 1922 ਵਿਚ ਅਪਣੇ 17ਵੇਂ ਜਨਮ ਦਿਨ ਮੌਕੇ ਉਹ ਫ਼ੌਜ ਵਿਚ ਬਤੌਰ ਸਿਪਾਹੀ ਭਰਤੀ ਹੋਏ ਸੀ ਤੇ ਉਨ੍ਹਾਂ ਦੀ ਰੈਜੀਮੈਂਟ ਦਾ ਨਾਂ ‘ਬ੍ਰਾਹਮਣ ਰੈਜੀਮੈਂਟ’ ਸੀ ਜੋ ਕਿ ਬਾਅਦ ਵਿਚ ‘ਪਹਿਲੀ ਪੰਜਾਬ ਰੈਜੀਮੈਂਟ’ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ ਸੀ। ਉਨ੍ਹਾਂ ਨੇ ਫ਼ੌਜ ਵਿਚ ਸ਼ਾਮਲ ਹੋਣ ਮਗਰੋਂ ਹਾਕੀ ਖੇਡਣੀ ਸ਼ੁਰੂ ਕੀਤੀ ਤੇ ਛੇਤੀ ਹੀ ਉਨ੍ਹਾਂ ਦੇ ਸਾਥੀ ਅਤੇ ਅਫ਼ਸਰ ਉਨ੍ਹਾਂ ਦੀ ਅਦਭੁੱਤ ਖੇਡ ਪ੍ਰਤਿਭਾ ਦੇ ਕਾਇਲ ਹੋ ਗਏ। ਫ਼ੌਜ ਵਿਚ ਹੁੰਦੇ ਟੂਰਨਾਮੈਂਟਾਂ ਅਤੇ ਰੈਜ਼ੀਮੈਂਟਲ ਖੇਡਾਂ ਵਿਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਸਦਕਾ ਉਨ੍ਹਾਂ ਨੂੰ ਸੰਨ 1926 ਵਿਚ ਨਿਊਜ਼ੀਲੈਂਡ ਦੇ ਦੌਰੇ ’ਤੇ ਜਾਣ ਵਾਲੀ ਹਾਕੀ ਟੀਮ ਵਿਚ ਚੁਣ ਲਿਆ ਗਿਆ। ਉਨ੍ਹਾਂ ਦੀ ਟੀਮ ਨੇ ਉੱਥੇ ਕੁਲ 21 ਮੈਚ ਖੇਡੇ, ਜਿਨ੍ਹਾਂ ਵਿਚੋਂ 18 ਜਿੱਤੇ, ਇਕ ਹਾਰਿਆ ਅਤੇ ਦੋ ਮੈਚ ਬਰਾਬਰੀ ’ਤੇ ਖ਼ਤਮ ਹੋਏ। ਵਤਨ ਵਾਪਸੀ ਉਪਰੰਤ ਉਨ੍ਹਾਂ ਨੂੰ ਤਰੱਕੀ ਦੇ ਕੇ ਸੰਨ 1927 ਵਿਚ ਲਾਂਸ ਨਾਇਕ ਬਣਾ ਦਿਤਾ ਗਿਆ।
ਸੰਨ 1928 ਦੀਆਂ ਐਮਸਟਰਡਮ (ਨੀਦਰਲੈਂਡ) ਵਿਖੇ ਹੋਣ ਵਾਲੀਆਂ ਉਲੰਪਿਕ ਖੇਡਾਂ ਲਈ ਬੜੀ ਕਰੜੀ ਪ੍ਰੀਖਿਆ ਉਪਰੰਤ ਕੀਤੀ ਗਈ। ਖਿਡਾਰੀਆਂ ਦੀ ਚੋਣ ਵਿਚ ਧਿਆਨ ਚੰਦ ਦਾ ਨਾਂ ਸਿਖ਼ਰਲੇ ਖਿਡਾਰੀਆਂ ਵਿਚ ਸੀ। ਉਲੰਪਿਕ ਮੁਕਾਬਲਿਆਂ ਵਿਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ 6-0 ਗੋਲਾਂ ਦੇ ਫ਼ਰਕ ਨਾਲ ਮਾਤ ਦਿਤੀ, ਜਿਨ੍ਹਾਂ ਵਿਚੋਂ 3 ਗੋਲ ਧਿਆਨ ਚੰਦ ਨੇ ਕੀਤੇ ਸਨ। ਇਸੇ ਤਰ੍ਹਾਂ ਡੈਨਮਾਰਕ ਅਤੇ ਸਵਿਟਜ਼ਰਲੈਂਡ ਦੀਆਂ ਟੀਮਾਂ ਨੂੰ ਵੀ ਭਾਰਤੀ ਟੀਮ ਹਥੋਂ ਕ੍ਰਮਵਾਰ 5-0 ਅਤੇ 6-0 ਦੇ ਫ਼ਰਕ ਨਾਲ ਸ਼ਿਕਸਤ ਝਲਣੀ ਪਈ ਤੇ ਇਨ੍ਹਾਂ ਮੈਚਾਂ ਵਿਚ ਧਿਆਨ ਚੰਦ ਦਾ ਯੋਗਦਾਨ ਕ੍ਰਮਵਾਰ 3 ਤੇ 4 ਗੋਲਾਂ ਦਾ ਸੀ।
26 ਮਈ, 1928 ਨੂੰ ਹੋਏ ਫ਼ਾਈਨਲ ਮੁਕਾਬਲੇ ਵਿਚ ਭਾਰਤੀ ਟੀਮ ਨੇ ਨੀਦਰਲੈਂਡ ਦੀ ਟੀਮ ਨੂੰ 3-0 ਦੇ ਫ਼ਰਕ ਨਾਲ ਮਾਤ ਦੇ ਕੇ ਭਾਰਤ ਨੂੰ ਸੋਨ ਤਗ਼ਮਾ ਦਿਵਾਇਆ ਸੀ। ਉਲÇੰਪਕ ਖੇਡਾਂ ਤੋਂ ਵਾਪਸੀ ਉਪਰੰਤ ਫ਼ੌਜ ਵਲੋਂ ਧਿਆਨ ਚੰਦ ਨੂੰ ਲਾਂਸ ਨਾਇਕ ਤੋਂ ਨਾਇਕ ਬਣਾ ਦਿਤਾ ਗਿਆ। ਸੰਨ 1932 ’ਚ ਹੋਈਆਂ ਅਗਲੀਆਂ ਉਲੰਪਿਕ ਖੇਡਾਂ ਵਿਚ ਧਿਆਨ ਚੰਦ ਤੇ ਉਨ੍ਹਾਂ ਦੇ ਭਰਾ ਰੂਪ ਸਿੰਘ ਵਾਲੀ ਭਾਰਤੀ ਟੀਮ ਨੇ ਕਈ ਵੱਡੀਆਂ ਟੀਮਾਂ ਨੂੰ ਮਾਤ ਦਿਤੀ ਤੇ ਅਮਰੀਕਾ ਦੀ ਟੀਮ ਨੂੰ ਤਾਂ 24-1 ਗੋਲਾਂ ਦੇ ਫ਼ਰਕ ਨਾਲ ਮਾਤ ਦੇ ਕੇ ਵਿਸ਼ਵ ਰਿਕਾਰਡ ਹੀ ਬਣਾ ਦਿਤਾ ਜੋ ਕਿ 71 ਸਾਲ ਬਾਅਦ ਸੰਨ 2003 ਵਿਚ ਟੁੱਟਿਆ ਸੀ। ਦਿਲਚਸਪ ਗੱਲ ਇਹ ਸੀ ਕਿ ਉਕਤ 24 ਗੋਲਾਂ ਵਿਚੋਂ 10 ਗੋਲ ਰੂਪ ਸਿੰਘ ਨੇ ਤੇ 8 ਗੋਲ ਧਿਆਨ ਚੰਦ ਨੇ ਕੀਤੇ ਸਨ। ਇਨ੍ਹਾਂ ਉਲੰਪਿਕ ਖੇਡਾਂ ਵਿਚ ਭਾਰਤੀ ਟੀਮ ਨੇ ਕੁਲ 35 ਗੋਲ ਕੀਤੇ ਸਨ ਜਿਨ੍ਹਾਂ ਵਿਚੋਂ 25 ਗੋਲ ਧਿਆਨ ਚੰਦ ਤੇ ਰੂਪ ਸਿੰਘ ਦੀ ਜੋੜੀ ਨੇ ਦਾਗ਼ੇ ਸਨ।
ਧਿਆਨ ਚੰਦ ਨੇ ਸੰਨ 1926 ਤੋਂ 1949 ਤਕ 185 ਕੌਮਾਂਤਰੀ ਮੈਚ ਖੇਡੇ ਤੇ 570 ਗੋਲ ਕਰ ਕੇ ਚੰਗਾ ਨਾਮਣਾ ਖੱਟਿਆ ਸੀ। ਉਨ੍ਹਾਂ ਨੇ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਖੇਡਦਿਆਂ ਹੋਇਆਂ ਅਪਣੇ ਸਮੁੱਚੇ ਕਰੀਅਰ ਵਿਚ ਕੁਲ ਹਜ਼ਾਰ ਤੋਂ ਵੱਧ ਗੋਲ ਕੀਤੇ ਸਨ ਤੇ ਇਤਿਹਾਸ ਰਚਿਆ ਸੀ। ਉਸ ਵੇਲੇ ਬੀ.ਬੀ.ਸੀ. ਨੇ ਐਲਾਨ ਕੀਤਾ ਸੀ ਕਿ ‘‘ਧਿਆਨ ਚੰਦ ਤਾਂ ਦੁਨੀਆਂ ਦੇ ਚੋਟੀ ਦੇ ਖਿਡਾਰੀ ਮੁਹੰਮਦ ਅਲੀ ਦੇ ਬਰਾਬਰ ਹੋ ਨਿਬੜਿਆ ਹੈ।’’ 29 ਅਗੱਸਤ, 1956 ਨੂੰ ਧਿਆਨ ਚੰਦ ਫ਼ੌਜ ਤੋਂ ਸੇਵਾਮੁਕਤ ਹੋ ਗਏ ਤੇ ਉਸੇ ਸਾਲ ਹੀ ਭਾਰਤ ਸਰਕਾਰ ਨੇ ਧਿਆਨ ਚੰਦ ਨੂੰ ‘ਪਦਮ ਭੂਸ਼ਨ’ ਨਾਲ ਸਨਮਾਨਤ ਕਰ ਦਿਤਾ ਸੀ। ਸੇਵਾ-ਮੁਕਤੀ ਮਗਰੋਂ ਉਨ੍ਹਾਂ ਨੇ ਬਤੌਰ ਕੋਚ ਪਹਿਲਾਂ ਰਾਜਸਥਾਨ ਵਿਚ ਤੇ ਫਿਰ ਐਨ.ਆਈ.ਐਸ. ਪਟਿਆਲਾ ਵਿਖੇ ਸੇਵਾ ਨਿਭਾਈ ਸੀ। 3 ਦਸੰਬਰ, ਸੰਨ 1979 ਨੂੰ ਇਸ ਮਹਾਨ ਹਾਕੀ ਖਿਡਾਰੀ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਵਿਚ ਸਥਿਤ ‘ਝਾਂਸੀ ਹੀਰੋ ਗਰਾੳਂੂਡ’ ਵਿਖੇ ਕੀਤਾ ਗਿਆ ਸੀ ਤੇ ਉਨ੍ਹਾਂ ਦੀ ‘ਪੰਜਾਬ ਰੈਜੀਮੈਂਟ’ ਵਲੋਂ ਉਨ੍ਹਾਂ ਨੂੰ ਪੂਰੇ ਫ਼ੌਜੀ ਸਨਮਾਨਾਂ ਨਾਲ ਅੰਤਮ ਸੰਸਕਾਰ ਸਥਲ ਤਕ ਲਿਜਾਇਆ ਗਿਆ ਸੀ। ਕਿੰਨੇ ਫ਼ਖ਼ਰ ਦੀ ਗੱਲ ਹੈ ਕਿ ਧਿਆਨ ਚੰਦ ਦੇ ਸਪੁੱਤਰ ਅਸ਼ੋਕ ਧਿਆਨ ਚੰਦ ਨੇ ਵੀ ਬਤੌਰ ਹਾਕੀ ਖਿਡਾਰੀ ਉਲੰਪਿਕ ਖੇਡਾਂ ਵਿਚ ਹਿੱਸਾ ਲਿਆ ਸੀ।
ਮੇਜਰ ਧਿਆਨ ਚੰਦ ਨੂੰ ਭਾਰਤੀਆਂ ਨੇ ਅਤੇ ਵਿਦੇਸ਼ੀਆਂ ਨੇ ਅਥਾਹ ਪਿਆਰ ਅਤੇ ਮਾਣ-ਸਤਿਕਾਰ ਪ੍ਰਦਾਨ ਕੀਤਾ ਸੀ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਭਾਰਤ ਦਾ ‘ਕੌਮੀ ਖੇਡ ਦਿਵਸ’ ਉਨ੍ਹਾਂ ਦੇ ਜਨਮ ਦਿਨ ਮੌਕੇ ਹਰ ਸਾਲ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਯੋਗਦਾਨ ਦੀ ਬਦੌਲਤ ਭਾਰਤੀ ਹਾਕੀ ਟੀਮ ਸੰਨ 1928, 1932 ਅਤੇ 1936 ਦੀਆਂ ਉਲੰਪਿਕ ਖੇਡਾਂ ਵਿਚ ਸੋਨ ਤਗ਼ਮੇ ਹਾਸਲ ਕਰਨ ’ਚ ਕਾਮਯਾਬ ਰਹੀ ਸੀ। ਕਿਹਾ ਜਾਂਦਾ ਹੈ ਕਿ ਉਹ ਦਿਨ ਦੇ ਸਮੇਂ ਅਪਣੀ ਫ਼ੌਜ ਦੀ ਡਿਊਟੀ ਅਤੇ ਸਾਥੀਆਂ ਨਾਲ ਹਾਕੀ ਦਾ ਅਭਿਆਸ ਕਰਨ ਉਪਰੰਤ ਦੇਰ ਰਾਤ ਤਕ ਇਕੱਲਾ ਹੀ ਮੈਦਾਨ ਵਿਚ ਜਾ ਕੇ ਚੰਨ ਦੀ ਰੌਸ਼ਨੀ ਵਿਚ ਅਭਿਆਸ ਕਰਦਾ ਸੀ, ਇਸ ਕਰ ਕੇ ਲੋਕ ਉਸ ਨੂੰ ਧਿਆਨ ‘ਸਿੰਘ’ ਦੀ ਥਾਂ ਧਿਆਨ ‘ਚੰਦ’ ਹੀ ਆਖਣ ਲੱਗ ਪਏ ਸਨ।
ਇਹ ਵੱਡੇ ਮਾਣ ਦੀ ਗੱਲ ਹੈ ਕਿ ਭਾਰਤ ਸਰਕਾਰ ਵਲੋਂ ਪ੍ਰਦਾਨ ਕੀਤੇ ਜਾਂਦੇ ‘ਖੇਡ ਰਤਨ ਪੁਰਸਕਾਰ’ ਦਾ ਪੂਰਾ ਨਾਂ ‘ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ’ ਹੈ। ਇਥੇ ਹੀ ਬਸ ਨਹੀਂ ਸਗੋਂ ਲੰਦਨ ਵਿਖੇ ਸਥਿਤ ਇਕ ਹਾਕੀ ਮੈਦਾਨ ਦਾ ਨਾਂ ਹੀ ਉਸ ਦੇ ਨਾਂ ’ਤੇ ਰਖਿਆ ਗਿਆ ਹੈ। ਬੜੇ ਹੀ ਦੁੱਖ ਦੀ ਗੱਲ ਇਹ ਵੀ ਹੈ ਕਿ ਸੰਨ 2014 ਵਿਚ ਮੇਜਰ ਧਿਆਨ ਚੰਦ ਦਾ ਨਾਂ ‘ਭਾਰਤ ਰਤਨ’ ਲਈ ਨਾਮਜ਼ਦ ਕੀਤਾ ਗਿਆ ਸੀ ਪਰ ਉਸ ਨੂੰ ‘ਭਾਰਤ ਰਤਨ’ ਜਿਹਾ ਮਾਣਮੱਤਾ ਪੁਰਸਕਾਰ ਪ੍ਰਦਾਨ ਕਰਨ ਦੀ ਥਾਂ ਇਹ ਪੁਰਸਕਾਰ ਨਾਮਵਰ ਕ੍ਰਿਕਟਰ ‘ਸਚਿਨ ਤੇਂਦੁਲਕਰ’ ਨੂੰ ਪ੍ਰਦਾਨ ਕਰ ਦਿਤਾ ਗਿਆ ਸੀ। ਉਂਜ ਮੁਕਦੀ ਗੱਲ ਇਹ ਹੈ ਕਿ ਮੇਜਰ ਧਿਆਨ ਚੰਦ ਦਾ ਨਾਂ ਅਤੇ ਉਨ੍ਹਾਂ ਦੀ ਅਦਭੁੱਤ ਖੇਡ ਪ੍ਰਤਿਭਾ ਕਿਸੇ ਵੀ ਇਨਾਮ ਜਾਂ ਸਨਮਾਨ ਦੀ ਮੁਥਾਜ ਨਹੀਂ। ਸਰੀਰਕ ਪਖੋਂ ਕੱਦ ਛੋਟਾ ਹੋਣ ਦੇ ਬਾਵਜੂਦ ਬਤੌਰ ਪ੍ਰਤਿਭਾਵਾਨ ਖਿਡਾਰੀ ਉਨ੍ਹਾਂ ਦਾ ਕੱਦ ਬਹੁਤ ਵੱਡਾ ਹੈ ਤੇ ਉਨ੍ਹਾਂ ਦਾ ਨਾਂ ਖੇਡ ਜਗਤ ਵਿਚ ਸਦਾ ਚੰਨ ਵਾਂਗ ਚਮਕਦਾ ਰਹੇਗਾ।