
ਮੁਕੱਦਮੇ ਵਿਚ ਨਾਮ ਨਾ ਦਰਜ ਕਰਨ ਬਦਲੇ ਮੰਗੇ ਸਨ 50,000 ਰੁਪਏ
ਪਟਿਆਲਾ : ਚੌਕਸੀ ਬਿਊਰੋ ਨੇ ਪੰਜਾਬ ਪੁਲਿਸ ਦੇ ਦੋ ਸਹਾਇਕ ਥਾਣੇਦਾਰਾਂ ਨੂੰ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਦੇ ਸੀਨੀਅਰ ਕਪਤਾਨ ਪੁਲਿਸ ਸ. ਜਸਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਥਾਣਾ ਵਿਜੀਲੈਂਸ ਬਿਊਰੋ, ਪਟਿਆਲਾ ਰੇਂਜ, ਪਟਿਆਲਾ ਵਿਖੇ ਏ.ਐਸ.ਆਈ ਸਮਸੇਰ ਸਿੰਘ, ਨੰਬਰ 2351/ਪਟਿਆਲਾ, ਥਾਣਾ ਅਰਬਨ ਅਸਟੇਟ, ਪਟਿਆਲਾ ਅਤੇ ਏ.ਐਸ.ਆਈ ਰਣਜੀਤ ਸਿੰਘ, ਨੰਬਰ 494/ਪਟਿਆਲਾ, ਥਾਣਾ ਵੂਮੈਨ ਸੈਲ, ਪਟਿਆਲਾ ਵਿਰੁੱਧ ਮੁਕੱਦਮਾ ਨੰਬਰ 06 ਮਿਤੀ 30-05-2019 ਅ/ਧ 7 ਪੀ.ਸੀ.ਐਕਟ 1988 (ਅਮੈਂਡਮੈਂਟ ਐਕਟ-2018) ਅਤੇ 120-ਬੀ, ਆਈ.ਪੀ.ਸੀ ਤਹਿਤ ਦਰਜ਼ ਕੀਤਾ ਗਿਆ ਹੈ।
Bribe Case
ਐਸ.ਐਸ.ਪੀ. ਸ. ਸਿੱਧੂ ਨੇ ਦਸਿਆ ਕਿ ਇਸ ਮਾਮਲੇ ਵਿਚ ਮੁਦਈ ਦੇ ਪਰਵਾਰ ਵਿਰੁਧ ਮੁਕੱਦਮਾ ਨੰਬਰ 68/2019 ਅ/ਧ 420, 406 ਆਈ.ਪੀ.ਸੀ, ਥਾਣਾ ਅਰਬਨ ਅਸਟੇਟ, ਪਟਿਆਲਾ ਵਿਖੇ ਦਰਜ ਸੀ ਜਿਸ ਵਿਚ ਇਨ੍ਹਾਂ ਦੋਵੇਂ ਥਾਣੇਦਾਰਾਂ ਵਲੋਂ ਮੁਦਈ ਦੀ ਪਤਨੀ ਨਵਨੀਤ ਕੌਰ ਦੀ ਜ਼ਮਾਨਤ ਕਰਵਾਉਣ ਵਿਚ ਮਦਦ ਕਰਨ, ਮੁਦਈ ਤੇ ਮਾਤਾ ਪਿਤਾ ਦਾ ਨਾਮ ਮੁਕੱਦਮਾ ਵਿਚ ਨਾ ਦਰਜ ਕਰਨ ਅਤੇ ਮੁਕੱਦਮਾ ਵਿਚ ਮਦਦ ਕਰਨ ਬਦਲੇ ਏ.ਐਸ.ਆਈ. ਸਮਸ਼ੇਰ ਸਿੰਘ ਤਫ਼ਤੀਸ਼ੀ ਅਫ਼ਸਰ ਨਾਲ 50,000 ਰੁਪਏ ਵਿਚ ਸੌਦਾ ਤੈਅ ਹੋਇਆ ਸੀ। ਉਨ੍ਹਾਂ ਦਸਿਆ ਕਿ ਇਸ ਵਿਚੋਂ 10,000 ਰੁਪਏ ਦੀ ਪਹਿਲੀ ਕਿਸ਼ਤ ਏ.ਐਸ.ਆਈ. ਸਮਸੇਰ ਸਿੰਘ ਨੇ ਪਹਿਲਾਂ ਹੀ ਹਾਸਲ ਕਰ ਲਏ ਸਨ ਅਤੇ 25,000 ਰੁਪਏ ਅੱਜ ਮੰਗੇ ਸਨ।
Bribe Case
ਸ. ਸਿੱਧੂ ਨੇ ਦਸਿਆ ਕਿ ਵਿਚੋਲੇ ਏ.ਐਸ.ਆਈ. ਰਣਜੀਤ ਸਿੰਘ ਨੂੰ ਅੱਜ 25,000 ਰੁਪਏ ਬਤੌਰ ਰਿਸ਼ਵਤ ਵਜੋਂ ਹਾਸਲ ਕਰਦੇ ਹੋਏ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਵਿਜੀਲੈਂਸ ਬਿਊਰੋ ਯੂਨਿਟ ਪਟਿਆਲਾ ਦੇ ਇੰਸਪੈਕਟਰ ਪ੍ਰਿਤਪਾਲ ਸਿੰਘ ਨੇ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ। ਗਿਫ਼ਤਾਰ ਕਰਨ ਤੋਂ ਬਾਅਦ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਏ.ਐਸ.ਆਈ ਰਣਜੀਤ ਸਿੰਘ ਦੀ ਰਿਸ਼ਵਤ ਹਾਸਲ ਕਰਨ ਸਬੰਧੀ ਗੱਲਬਾਤ ਏ.ਐਸ.ਆਈ ਸਮਸੇਰ ਸਿੰਘ ਨਾਲ ਕਰਵਾਈ ਗਈ, ਜਿਸ 'ਤੇ ਉਸ ਨੇ ਅਪਣੀ ਸਹਿਮਤੀ ਪ੍ਰਗਟ ਕੀਤੀ ਅਤੇ ਏ.ਐਸ.ਆਈ ਸ਼ਮਸ਼ੇਰ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮੁਕੱਦਮਾ ਦੀ ਅਗਲੇਰੀ ਤਫ਼ਤੀਸ ਜਾਰੀ ਹੈ।