
ਇੰਡੀਅਨ ਵੇਲਸ : ਦੁਨੀਆਂ ਦੀ ਨੰਬਰ ਇਕ ਟੈਨਿਸ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਚੀਨ ਦੀ ਵਾਂਗ ਕਯਾਂਗ ਨੂੰ ਹਰਾ ਕੇ ਇਥੇ ਬੀ.ਐਨ.ਪੀ. ਪਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਹਾਲੇਪ ਨੇ ਮੰਗਲਵਾਰ ਨੂੰ ਖੇਡੇ ਗਏ ਮੁਕਾਬਲੇ 'ਚ ਵਿਸ਼ਵ ਰੈਂਕਿੰਗ 'ਚ 55ਵੇਂ ਨੰਬਰ ਦੀ ਵਾਂਗ ਨੂੰ 7-5, 6-1 ਨਾਲ ਹਰਾਇਆ।
ਕੁਆਰਟਰ ਫ਼ਾਈਨਲ 'ਚ ਹਾਲੇਪ ਦਾ ਸਾਹਮਣਾ ਕ੍ਰੋਏਸ਼ੀਆ ਦੀ ਪੇਤਰਾ ਮਾਰਟਿਚ ਨਾਲ ਹੋਵੇਗਾ। 26 ਸਾਲ ਦੀ ਹਾਲੇਪ ਪੈਰ ਦੀ ਸੱਟ ਕਾਰਨ ਪਿਛਲੇ ਮਹੀਨੇ ਦੋਹਾ 'ਚ ਟਾਟਾ ਕਤਰ ਓਪਨ ਟੂਰਨਾਮੈਂਟ ਤੋਂ ਖ਼ੁਦ ਬਾਹਰ ਹੋ ਗਈ ਸੀ ਪਰ ਇਥੇ ਉਸ ਨੇ ਸ਼ਾਨਦਾਰ ਵਾਪਸੀ ਕੀਤੀ।
ਹਾਲੇਪ ਇਥੇ 2015 'ਚ ਇੰਡੀਅਨ ਵੇਲਸ ਖ਼ਿਤਾਬ ਜਿੱਤ ਚੁਕੀ ਹੈ। ਇਕ ਹੋਰ ਮੁਕਾਬਲੇ 'ਚ ਸਾਬਕਾ ਨੰਬਰ ਇਕ ਚੈੱਕ ਗਣਰਾਜ ਦੀ ਕੈਰੀਲਿਨਾ ਪਲਿਸਕੋਵਾ ਨੇ ਵੀ ਆਖ਼ਰੀ ਅੱਠ 'ਚ ਅਪਣਾ ਸਥਾਨ ਪੱਕਾ ਕਰ ਲਿਆ ਹੈ। ਪਲਿਸਕੋਵਾ ਨੇ 16 ਸਾਲ ਦੀ ਨੌਜਵਾਨ ਖਿਡਾਰਨ ਅਮਾਂਡਾ ਐਨੀਸੀਮੋਵਾ ਨੂੰ 6-1, 7-6 ਨਾਲ ਹਰਾਇਆ।
ਪਲਿਸਕੋਵਾ ਨੇ ਲਗਾਤਾਰ ਤੀਜੇ ਸਾਲ ਕੁਆਰਟਰ ਫ਼ਾਈਨਲ 'ਚ ਕਦਮ ਰਖਿਆ ਹੈ। ਕੁਆਰਟਰ ਫ਼ਾਈਨਲ 'ਚ ਪਲਿਸਕੋਵਾ ਦਾ ਸਾਹਮਣਾ ਜਾਪਾਨ ਦੀ ਨਾਓਮੀ ਓਸਾਕਾ ਅਤੇ ਮਿਸਰ ਦੀ ਮਾਰੀਆ ਸੱਕਾਰੀ ਦੇ ਵਿਚਾਲੇ ਹੋਣ ਵਾਲੇ ਮੁਕਾਬਲੇ ਦੀ ਜੇਤੂ ਨਾਲ ਹੋਵੇਗਾ।