
ਪਾਕਿਸਤਾਨ ਵਿਚ 8 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
Pakistan News: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਇਕ ਨੇਤਾ ਦੀ ਬੁੱਧਵਾਰ ਨੂੰ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਅਧਿਕਾਰੀਆਂ ਨੇ ਦਸਿਆ ਕਿ ਰੇਹਾਨ ਜ਼ੈਬ ਖਾਨ, ਜਿਸ ਨੇ ਬਾਜੌਰ ਹਲਕੇ ਤੋਂ ਆਮ ਚੋਣਾਂ ਲੜੀਆਂ ਸਨ, ਦੀ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ, ਜਦਕਿ ਉਸ ਦੇ ਤਿੰਨ ਸਮਰਥਕ ਇਸ ਘਟਨਾ ਵਿਚ ਜ਼ਖਮੀ ਹੋ ਗਏ। ਪਾਕਿਸਤਾਨ ਵਿਚ 8 ਫਰਵਰੀ ਨੂੰ ਚੋਣਾਂ ਹੋਣੀਆਂ ਹਨ।
ਪੀ.ਟੀ.ਆਈ. 'ਤੇ ਚੋਣ ਲੜਨ 'ਤੇ ਪਾਬੰਦੀ ਦੇ ਅਦਾਲਤੀ ਹੁਕਮਾਂ ਤੋਂ ਬਾਅਦ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਸਨ। ਉਹ ਅਤੇ ਉਨ੍ਹਾਂ ਦੇ ਸਮਰਥਕ ਖੈਬਰ ਪਖਤੂਨਖਵਾ ਦੇ ਸਿੱਦੀਕ ਅਬਾਦ ਫਟਕ ਬਾਜ਼ਾਰ ਦੇ ਮੁੱਖ ਚੌਕ ਖੇਤਰ ਵਿਚ ਚੋਣ ਪ੍ਰਚਾਰ ਕਰ ਰਹੇ ਸਨ। ਇਕ ਸੀਨੀਅਰ ਅਧਿਕਾਰੀ ਨੇ ਦਸਿਆ, “ਐਨਏ-8 ਬਾਜੌਰ ਤੋਂ ਪੀ.ਟੀ.ਆਈ. ਆਗੂ ਰੇਹਾਨ ਜ਼ੈਬ ਖਾਨ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਕੇ ਹਤਿਆ ਕਰ ਦਿਤੀ। ਚੋਣ ਪ੍ਰਚਾਰ ਦੌਰਾਨ ਵਾਪਰੀ ਇਸ ਘਟਨਾ ਵਿਚ ਉਨ੍ਹਾਂ ਦੇ ਤਿੰਨ ਸਮਰਥਕ ਜ਼ਖ਼ਮੀ ਹੋ ਗਏ”। ਪੁਲਿਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਦੋਸ਼ੀਆਂ ਨੂੰ ਫੜਨ ਲਈ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ।
ਇਸ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਨੂੰ ਪਾਕਿਸਤਾਨ ਦੇ ਦੱਖਣ-ਪੱਛਮੀ ਸੂਬੇ ਬਲੋਚਿਸਤਾਨ ਵਿਚ ਪੀ.ਟੀ.ਆਈ. ਦੀ ਇਕ ਰੈਲੀ ਨੇੜੇ ਹੋਏ ਬੰਬ ਧਮਾਕੇ ਵਿਚ ਘੱਟੋ-ਘੱਟ ਚਾਰ ਲੋਕ ਮਾਰੇ ਗਏ ਸਨ ਅਤੇ ਪੰਜ ਹੋਰ ਜ਼ਖਮੀ ਹੋ ਗਏ ਸਨ।
(For more Punjabi news apart from Imran Khan's party leader shot dead, 3 supporters injured, stay tuned to Rozana Spokesman)