
ਕੈਨੇਡੀਅਨ ਪੁਲਿਸ ਨੇ ਦਸਿਆ ਕਿ ਕੈਲਗਰੀ ਦੇ ਪੱਛਮ ਵਲ ਇਕ ਇੰਟਰਸੈਕਸ਼ਨ ’ਤੇ ਗੱਡੀਆਂ ਦੀ ਟੱਕਰ ਹੋਈ ਅਤੇ ਇਸ ਮਗਰੋਂ ਪੂਰਾ ਹਾਈਵੇਅ ਜਾਮ ਹੋ ਗਿਆ।
Canada snowfall: ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿਚ ਇਨ੍ਹੀਂ ਦਿਨੀਂ ਭਾਰੀ ਬਰਫ਼ਬਾਰੀ ਦੇਖਣ ਨੂੰ ਮਿਲ ਰਹੀ ਹੈ। ਤਾਜ਼ਾ ਬਰਫ਼ਬਾਰੀ ਅਤੇ ਧੁੰਦ ਕਾਰਨ ਟਰਾਂਸ ਕੈਨੇਡਾ ਹਾਈਵੇਅ ’ਤੇ ਘੱਟੋ ਘੱਟ 20 ਗੱਡੀਆਂ ਦੀ ਟੱਕਰ ਹੋ ਗਈ। ਇਸ ਟੱਕਰ ਕਾਰਨ ਕਈ ਲੋਕ ਜ਼ਖ਼ਮੀ ਹੋ ਗਏ। ਕੈਨੇਡੀਅਨ ਪੁਲਿਸ ਨੇ ਦਸਿਆ ਕਿ ਕੈਲਗਰੀ ਦੇ ਪੱਛਮ ਵਲ ਇਕ ਇੰਟਰਸੈਕਸ਼ਨ ’ਤੇ ਗੱਡੀਆਂ ਦੀ ਟੱਕਰ ਹੋਈ ਅਤੇ ਇਸ ਮਗਰੋਂ ਪੂਰਾ ਹਾਈਵੇਅ ਜਾਮ ਹੋ ਗਿਆ।
ਪੁਲਿਸ ਵਲੋਂ ਡਰਾਈਵਰਾਂ ਨੂੰ ਸੁਝਾਅ ਦਿਤਾ ਗਿਆ ਕਿ ਬੇਹੱਦ ਜ਼ਰੂਰੀ ਹੋਣ ’ਤੇ ਹੀ ਹਾਈਵੇਅ ਦੀ ਵਰਤੋਂ ਕੀਤੀ ਜਾਵੇ ਜਾਂ ਬਦਲਵੇਂ ਰੂਟ ਰਾਹੀਂ ਅਪਣੀ ਮੰਜ਼ਿਲ ਤਕ ਪੁੱਜਣ ਦੇ ਯਤਨ ਕੀਤੇ ਜਾਣ। ਐਨਵਾਇਰਨਮੈਂਟ ਕੈਨੇਡਾ ਵਲੋਂ ਕੈਲਗਰੀ ਅਤੇ ਰੌਕੀ ਵਿਊ ਕਾਊਂਟੀ ਇਲਾਕੇ ਵਿਚ ਬਰਫ਼ਬਾਰੀ ਹੋਣ ਅਤੇ ਧੁੰਦ ਪੈਣ ਦੀ ਚਿਤਾਵਨੀ ਦਿਤੀ ਗਈ ਹੈ।
ਮੌਸਮ ਵਿਭਾਗ ਮੁਤਾਬਕ 10 ਸੈਂਟੀਮੀਟਰ ਤਕ ਬਰਫ਼ਬਾਰੀ ਹੋ ਸਕਦੀ ਹੈ ਜਦਕਿ ਸੰਘਣੀ ਧੁੰਦ ਕਾਰਨ ਸੜਕਾਂ ’ਤੇ ਜ਼ੀਰੋ ਵਿਜ਼ੀਬਿਲਟੀ ਹੋਵੇਗੀ। ਕੈਲਗਰੀ ਦੇ ਭੀੜ ਭਾੜ ਵਾਲੇ ਇਲਾਕਿਆਂ ਵਿਚ ਬਰਫ਼ਬਾਰੀ ਦਾ ਸੱਭ ਤੋਂ ਜ਼ਿਆਦਾ ਅਸਰ ਹੋਣ ਦੇ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਇਸੇ ਦੌਰਾਨ ਹਾਦਸੇ ਵਾਲੀ ਥਾਂ ’ਤੇ ਫਸੇ ਇਕ ਪਰਵਾਰ ਨੇ ਸੋਸ਼ਲ ਮੀਡੀਆ ਰਾਹੀਂ ਅਪਣੀ ਵੀਡੀਉ ਸਾਂਝੀ ਕੀਤੀ। ਇਹ ਪਰਵਾਰ ਅਮਰੀਕਾ ਵਿਚ ਛੁੱਟੀਆਂ ਮਨਾਉਣ ਮਗਰੋਂ ਬੈਂਫ਼ ਇਲਾਕੇ ਵਲ ਜਾ ਰਿਹਾ ਸੀ ਜਦੋਂ ਵੱਡੇ ਹਾਦਸੇ ਕਾਰਨ ਰਾਹ ਵਿਚ ਫਸ ਗਿਆ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਪਰਵਾਰ ਦੇ ਮੁਖੀ ਨੇ ਸੰਘਣੀ ਧੁੰਦ ਦਾ ਜ਼ਿਕਰ ਕਰਦਿਆਂ ਦਸਿਆ ਕਿ ਉਨ੍ਹਾਂ ਦੀ ਗੱਡੀ ਦੇ ਬਿਲਕੁਲ ਅੱਗੇ ਜਾ ਰਹੀ ਕਾਰ ਵੀ ਨਜ਼ਰ ਨਹੀਂ ਆ ਰਹੀ ਸੀ। 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤਕ ਪੁੱਜਣਾ ਵੀ ਮੁਸ਼ਕਲ ਹੋ ਗਿਆ ਅਤੇ ਅਚਾਨਕ ਕੌਕਰਨ ਅਤੇ ਕੈਨਮੋਰ ਦਰਮਿਆਨ ਹਾਈਵੇਅ 40 ਨੇੜੇ ਟਰੈਫ਼ਿਕ ਜਾਮ ਹੋ ਗਿਆ। ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛੀ ਹੋਈ ਸੀ ਅਤੇ ਗੱਡੀ ਵਿਚੋਂ ਬਾਹਰ ਨਿਕਲ ਕੇ ਹਾਲਾਤ ਦਾ ਜਾਇਜ਼ਾ ਲੈਣ ਦੀ ਹਿੰਮਤ ਵੀ ਨਾ ਹੋਈ।
(For more Punjabi news apart from 20 vehicles collided Due to heavy snowfall in Canada, stay tuned to Rozana Spokesman)