
ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲੀ ਵੋਟਿੰਗ ਨਾਲ ਜ਼ਿਆਦਾਤਰ ਲੋਕਾਂ ਨੇ ਦੂਰੀ ਬਣਾਈ ਅਤੇ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰਨ ਲਈ
ਕਰਾਕਸ, 31 ਜੁਲਾਈ : ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਸ਼ਕਤੀਆਂ ਪ੍ਰਦਾਨ ਕਰਨ ਵਾਲੀ ਵੋਟਿੰਗ ਨਾਲ ਜ਼ਿਆਦਾਤਰ ਲੋਕਾਂ ਨੇ ਦੂਰੀ ਬਣਾਈ ਅਤੇ ਵੱਡੀ ਗਿਣਤੀ ਵਿਚ ਲੋਕ ਪ੍ਰਦਰਸ਼ਨ ਕਰਨ ਲਈ ਸੜਕਾਂ 'ਤੇ ਉਤਰੇ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਕਾਰ ਹੋਏ ਸੰਘਰਸ਼ ਵਿਚ 10 ਲੋਕਾਂ ਦੀ ਮੌਤ ਹੋ ਗਈ।
ਵੋਟਿੰਗ ਰਾਹੀਂ ਸਰਕਾਰ ਵੈਨਜ਼ੁਏਲਾ 'ਤੇ ਸਿਆਸੀ ਦਬਦਬਾ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਦੇ ਇਸ ਕਦਮ ਨਾਲ ਅਮਰੀਕੀ ਪਾਬੰਦੀ ਅਤੇ ਨਵੇਂ ਸਿਰੇ ਤੋਂ ਸੜਕਾਂ ਉੱਤੇ ਦੰਗੇ ਹੋਣ ਦਾ ਸ਼ੱਕ ਵੱਧ ਗਿਆ ਹੈ। ਅਪ੍ਰੈਲ ਤੋਂ ਸ਼ੁਰੂ ਹੋਏ ਇਨ੍ਹਾਂ ਸੰਘਰਸ਼ਾਂ ਵਿਚ ਘੱਟ ਤੋਂ ਘੱਟ 122 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ ਕਰੀਬ 2000 ਲੋਕ ਜ਼ਖ਼ਮੀ ਹੋਏ ਹਨ। ਹਿੰਸਾ ਕਾਰਨ ਵੋਟਿੰਗ ਬੁਰੀ ਤਰ੍ਹਾਂ ਨਾਲ ਪ੍ਰਭਾਵਤ ਹੋਈ ਸੀ।
ਪ੍ਰਦਰਸ਼ਨਕਾਰੀਆਂ ਨੇ ਵੋਟਿੰਗ ਕੇਂਦਰਾਂ 'ਤੇ ਹਮਲਾ ਕੀਤਾ, ਜਿਸ ਦੇ ਜਵਾਬ 'ਚ ਸੁਰੱਖਿਆ ਬਲਾਂ ਨੇ ਗੋਲੀਬਾਰੀ ਕੀਤੀ। ਇਸ ਹਿੰਸਾ 'ਚ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਅਰਜਨਟੀਨਾ, ਕੋਲੰਬੀਆ, ਪੇਰੂ, ਪਨਾਮਾ ਅਤੇ ਅਮਰੀਕਾ ਦਾ ਕਹਿਣਾ ਹੈ ਕਿ ਉਹ ਇਸ ਵੋਟਿੰਗ ਨੂੰ ਮਾਨਤਾ ਨਹੀਂ ਦੇਣਗੇ। ਕੈਨੇਡਾ ਅਤੇ ਮੈਕਸੀਕੋ ਨੇ ਵੀ ਚੋਣ ਨੂੰ ਅਸਵੀਕਾਰ ਕਰਨ ਦੇ ਸਬੰਧ ਵਿਚ ਬਿਆਨ ਜਾਰੀ ਕੀਤਾ ਹੈ।
ਇਸ ਦੌਰਾਨ ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿਕੀ ਹੇਲੀ ਨੇ ਇਕ ਟਵੀਟ ਵਿਚ ਕਿਹਾ ਮਾਦੁਰੋ ਦੀ ਇਹ ਬਣਾਉਟੀ ਚੋਣ ਤਾਨਾਸ਼ਾਹੀ ਵੱਲ ਇਕ ਹੋਰ ਕਦਮ ਹੈ। ਅਸੀਂ ਗ਼ੈਰ-ਕਾਨੂੰਨੀ ਸਰਕਾਰ ਨੂੰ ਸਵੀਕਾਰ ਨਹੀਂ ਕਰਾਂਗੇ।
ਵੈਨਜ਼ੁਏਲਾ ਦੀ ਜਨਤਾ ਅਤੇ ਲੋਕਤੰਤਰ ਦੀ ਜਿੱਤ ਹੋਵੇਗੀ। ਰਾਜਧਾਨੀ ਵਿਚ ਕਰੀਬ 20 ਲੱਖ ਲੋਕ ਹੋਣ ਦੇ ਬਾਵਜੂਦ ਦਰਜਨਾਂ ਵੋਟਿੰਗ ਕੇਂਦਰ ਖਾਲੀ ਰਹੇ। ਇਸ ਦੇ ਉਲਟ ਪਛਮੀ ਕਰਾਕਸ ਵਿਚ ਪਾਲੀਦਰੋ ਸਪੋਰਟਸ ਅਤੇ ਸੱਭਿਆਚਾਰਕ ਕੰਪਲੈਕਸ ਵਿਚ ਹਜ਼ਾਰਾਂ ਲੋਕ ਦੋ ਘੰਟਿਆਂ ਤਕ ਵੋਟਿੰਗ ਕੇਂਦਰਾਂ ਉੱਤੇ ਵੋਟ ਪਾਉਣ ਲਈ ਇੰਤਜ਼ਾਰ ਕਰਦੇ ਰਹੇ। ਵਿਰੋਧੀ ਧਿਰ ਵਾਲੇ ਕਈ ਵੋਟਿੰਗ ਕੇਂਦਰ ਬੰਦ ਵੀ ਰਹੇ।
ਵੋਟਿੰਗ ਨੂੰ ਸੱਤਾਧਾਰੀ ਪਾਰਟੀ ਦੀ ਧੱਕੇਸ਼ਾਹੀ ਕਰਾਰ ਦਿੰਦੇ ਹੋਏ ਵਿਰੋਧੀ ਨੇਤਾਵਾਂ ਨੇ ਇਸ ਦਾ ਬਾਈਕਾਟ ਕਰਨ ਦਾ ਫੈਸਲਾ ਲਿਆ ਸੀ ਅਤੇ ਦੁਪਹਿਰ ਤੋਂ ਬਾਅਦ ਘੱਟ ਵੋਟਿੰਗ ਨੂੰ ਉਨ੍ਹਾਂ ਨੇ ਅਪਣੀ ਸ਼ਾਨਦਾਰ ਜਿੱਤ ਕਰਾਰ ਦਿਤਾ। (ਪੀਟੀਆਈ)