
ਭਾਰਤ ਨੇ ਪੁਲਮਾਵਾ ਹਮਲੇ ਦੀ ਸਖ਼ਤ ਨਖੇਧੀ ਕਰਨ ਲਈ ਬੋਲਵੀਆ ਦਾ ਕੀਤਾ ਧੰਨਵਾਦ
ਸਾਂਤਾ ਕਰੂਜ਼ (ਬੋਲਵੀਆ) : ਸਰਹੱਦ ਪਾਰ ਅੱਤਵਾਦ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਿਆਂ ਭਾਰਤ ਤੇ ਬੋਲਵੀਆ ਨੇ ਅੱਤਵਾਦ ਵਿਰੁਧ ਲੜਾਈ 'ਚ ਸਾਰੇ ਦੇਸ਼ਾਂ ਨੂੰ ਇਕੱਠੇ ਹੋਣ ਦੀ ਲੋੜ 'ਤੇ ਜ਼ੋਰ ਦਿਤਾ। ਦੋਵਾਂ ਦੇਸ਼ਾਂ ਨੇ ਅੱਤਵਾਦ ਸਮਰਥਕਾਂ, ਸਾਜ਼ਿਸ਼ ਘਾੜਿਆਂ ਤੇ ਦੋਸ਼ੀਆਂ ਨੂੰ ਨਿਆਂ ਹੇਠ ਲਿਆਉਣ 'ਤੇ ਵੀ ਜ਼ੋਰ ਦਿਤਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਬੋਲਵੀਆ ਦੇ ਉਨ੍ਹਾਂ ਦੇ ਹਮਰੁਤਬਾ ਇਵੋ ਮੋਰਾਲੇਸ ਅਯਮਾ ਨੇ ਆਪਸੀ ਗਲਬਾਤ ਤੋਂ ਬਾਅਦ ਸਨਿਚਰਵਾਰ ਨੂੰ ਇਕ ਸੰਯੁਕਤ ਬਿਆਨ ਜਾਰੀ ਕੀਤਾ।
ਇਸ 'ਚ ਕਿਹਾ ਗਿਆ ਕਿ ਦੋਹਾਂ ਨੇਤਾਵਾਂ ਨੇ ਆਪਸੀ ਹਿਤ ਦੇ ਕਈ ਮੁੱਦਿਆਂ 'ਤੇ ਚਰਚਾ ਕੀਤੀ। ਇਸ 'ਚ ਖ਼ਾਸਤੌਰ 'ਤੇ ਸੰਯੁਕਤ ਸੁਰਖਿਆ ਪ੍ਰੀਸ਼ਦ, ਅੱਤਵਾਦ ਵਿਰੁਧ ਲੜਾਈ ਤੇ ਜਲਵਾਯੂ ਪਰਵਾਰਤਨ ਸ਼ਾਮਲ ਹਨ। ਦੋਹਾਂ ਨੇਤਾਵਾਂ ਨੇ ਇਸ ਗਲ 'ਤੇ ਜ਼ੋਰ ਦਿਤਾ ਕਿ ਕਿਸੇ ਵੀ ਤਰ੍ਹਾਂ ਦਾ ਅੱਤਵਾਦ ਅੰਤਰਰਾਸ਼ਟਰੀ ਸ਼ਾਂਤੀ ਦੇ ਲਈ ਗੰਭੀਰ ਖ਼ਤਰਾ ਹੈ। ਭਾਰਤ ਨੇ ਪੁਲਮਾਵਾ ਹਮਲੇ ਦੀ ਸਖ਼ਤ ਨਖੇਧੀ ਕਰਨ ਲਈ ਬੋਲਵੀਆ ਦਾ ਧੰਨਵਾਦ ਕੀਤਾ। ਇਸ ਹਮਲੇ 'ਚ ਸੀ. ਆਰ. ਪੀ. ਐਫ਼. ਦੇ 40 ਜਵਾਨ ਸ਼ਹੀਦ ਹੋ ਗਏ ਸਨ।
ਦੋਹਾਂ ਨੇਤਾਵਾਂ ਨੇ ਸਾਰੇ ਦੇਸ਼ਾਂ ਵਲੋਂ ਦੱਸੇ ਗਏ ਆਲਮੀ ਪੱਧਰ 'ਤੇ ਅੱਤਵਾਦੀਆਂ ਅਤੇ ਅੱਤਾਵਦੀ ਸੰਗਠਨਾਂ 'ਤੇ ਕਾਰਵਾਈ ਕਰਨੇ ਲਈ ਸਾਰੇ ਦੇਸ਼ਾਂ ਦੇ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮੰਗ ਕੀਤੀ। ਬੋਲਵੀਆ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਵਿਸਤ੍ਰਿਤ ਰੂਪ 'ਚ ਭਾਰਤ ਦੀ ਸਥਾਈ ਸੀਟ ਦੀ ਉਮੀਦਵਾਰੀ ਨੂੰ ਆਪਣਾ ਸਮਰਥਨ ਦਿਤਾ ਹੈ। ਇਸ ਤੋਂ ਇਲਾਵਾ 2019 'ਚ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ 'ਤੇ ਸੰਯੁਕਤ ਰੂਪ ਨਾਲ ਕਈ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਵਾਉਣ 'ਤੇ ਦੋਹਾਂ ਪੱਖਾਂ ਨੇ ਸਹਿਮਤੀ ਜਤਾਈ।