
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਪੂਰੀ ਦੁਨੀਆਂ ਚਿੰਤਤ ਹੈ। ਦੋਹਾਂ ਦੇਸ਼ਾਂ ਦੀ ਜੰਗ ਖਤਰਨਾਕ ਪੜਾਅ 'ਤੇ ਪਹੁੰਚ ਚੁੱਕੀ ਹੈ।
ਵਾਸ਼ਿੰਗਟਨ: ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਤੋਂ ਪੂਰੀ ਦੁਨੀਆਂ ਚਿੰਤਤ ਹੈ। ਦੋਹਾਂ ਦੇਸ਼ਾਂ ਦੀ ਜੰਗ ਖਤਰਨਾਕ ਪੜਾਅ 'ਤੇ ਪਹੁੰਚ ਚੁੱਕੀ ਹੈ। ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ ਸੱਤਵਾਂ ਦਿਨ ਹੈ। ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਆਪਣੇ ਸਟੇਟ ਆਫ ਦ ਯੂਨੀਅਨ ਭਾਸ਼ਣ ਦੌਰਾਨ ਕਿਹਾ ਕਿ ਰੂਸ ਨੇ ਯੂਕਰੇਨ ਨਾਲ ਜੰਗ ਛੇੜ ਕੇ ਵੱਡੀ ਗਲਤੀ ਕੀਤੀ ਹੈ। ਇਸ ਦੌਰਾਨ ਉਹਨਾਂ ਨੇ ਗਲਤੀ ਨਾਲ ਯੂਕਰੇਨੀਆਂ ਨੂੰ 'ਇਰਾਨੀ ਲੋਕ' ਕਹਿ ਕੇ ਸੰਬੋਧਨ ਕਰ ਦਿੱਤਾ।
ਉਹਨਾਂ ਕਿਹਾ, "ਪੁਤਿਨ ਟੈਂਕਾਂ ਨਾਲ ਕੀਵ ਨੂੰ ਘੇਰ ਸਕਦੇ ਹਨ ਪਰ ਉਹ ਕਦੇ ਵੀ ਈਰਾਨੀ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਨਹੀਂ ਜਿੱਤ ਸਕਣਗੇ।" ਰਾਸ਼ਟਰਪਤੀ ਬਾਇਡਨ ਨੇ ਆਪਣੇ ਸਟੇਟ ਆਫ ਦ ਯੂਨੀਅਨ ਭਾਸ਼ਣ ਦੌਰਾਨ ਰੂਸੀ ਹਮਲੇ ਖਿਲਾਫ਼ ਇਕਜੁੱਟਤਾ ਦਾ ਸੱਦਾ ਦਿੰਦੇ ਹੋਏ ਭਾਵਨਾਤਮਕ ਅਪੀਲ ਵੀ ਕੀਤੀ।
ਇਸ ਤੋਂ ਬਾਅਦ ਜੋਅ ਬਾਇਡਨ ਟਵਿਟਰ ਅਤੇ ਹੋਰ ਸੋਸ਼ਲ ਮੀਡੀਆ ਹੈਂਡਲਸ ’ਤੇ ਟਰੈਂਡ ਕਰ ਰਹੇ ਹਨ। ਰਾਸ਼ਟਰਪਤੀ ਬਾਇਡਨ ‘ਈਰਾਨੀ’ ਸ਼ਬਦ ਨਾਲ ਟਰੈਂਡ ਹੋ ਰਿਹਾ ਹੈ।
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ 79 ਸਾਲਾ ਜੋਅ ਬਾਇਡਨ ਦੀ ਜ਼ੁਬਾਨ ਫਿਸਲੀ ਹੋਵੇ ਅਤੇ ਉਹਨਾਂ ਨੇ ਐਨਾ ਵੱਡਾ ਬਿਆਨ ਦਿੱਤਾ। ਇਸ ਤੋਂ ਪਹਿਲਾਂ ਵੀ ਉਹਨਾਂ ਨਾਲ ਕਈ ਵਾਰ ਅਜਿਹਾ ਹੋ ਚੁੱਕਾ ਹੈ। ਪਿਛਲੇ ਸਾਲ ਉਹਨਾਂ ਨੇ ਗਲਤੀ ਨਾਲ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ‘ਰਾਸ਼ਟਰਪਤੀ ਹੈਰਿਸ’ ਕਹਿ ਦਿੱਤਾ ਸੀ।