
ਅਮਰੀਕੀ ਰਾਸ਼ਟਰਪਤੀ ਨੇ ਰੂਸੀ ਯਾਟ, ਜੈੱਟ ਅਤੇ ਹੋਰ ਲਗਜ਼ਰੀ ਚੀਜ਼ਾਂ ਨੂੰ ਜ਼ਬਤ ਕਰਨ ਲਈ ਯੂਰਪੀਅਨ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਦਾ ਦਾਅਵਾ ਕੀਤਾ ਹੈ।
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਨੇ ਰੂਸੀ ਯਾਟ, ਜੈੱਟ ਅਤੇ ਹੋਰ ਲਗਜ਼ਰੀ ਚੀਜ਼ਾਂ ਨੂੰ ਜ਼ਬਤ ਕਰਨ ਲਈ ਯੂਰਪੀਅਨ ਸਹਿਯੋਗੀਆਂ ਨਾਲ ਮਿਲ ਕੇ ਕੰਮ ਕਰਨ ਦਾ ਦਾਅਵਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦਾ ਕਹਿਣਾ ਹੈ ਕਿ ਅਮਰੀਕਾ ਰੂਸੀ ਅਰਬਪਤੀਆਂ ਤੋਂ “ਕਿਸ਼ਤੀਆਂ, ਲਗਜ਼ਰੀ ਅਪਾਰਟਮੈਂਟ ਅਤੇ ਪ੍ਰਾਈਵੇਟ ਜੈੱਟ” ਜ਼ਬਤ ਕਰਨ ਲਈ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕਰੇਗਾ।
ਅਮਰੀਕੀ ਰਾਸ਼ਟਰਪਤੀ ਨੇ ਆਪਣੇ ਸਟੇਟ ਆਫ ਦ ਯੂਨੀਅਨ ਸੰਬੋਧਨ ਦੌਰਾਨ ਇਹ ਐਲਾਨ ਕੀਤਾ। ਉਹਨਾਂ ਨੇ ਯੂਕਰੇਨ ’ਤੇ ਹਮਲੇ ਨੂੰ ਲੈ ਕੇ ਰੂਸ ਅਤੇ ਇਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਲਗਾਏ ਜਾ ਰਹੇ "ਸ਼ਕਤੀਸ਼ਾਲੀ ਆਰਥਿਕ ਪਾਬੰਦੀਆਂ" ਦੀ ਰੂਪਰੇਖਾ ਤਿਆਰ ਕੀਤੀ। ਜੋਅ ਬਾਇਡਨ ਨੇ ਕਿਹਾ "ਆਜ਼ਾਦ ਦੁਨੀਆਂ ਉਹਨਾੰ ਨੂੰ ਜਵਾਬਦੇਹ ਠਹਿਰਾ ਰਹੀ ਹੈ। ਫਰਾਂਸ, ਜਰਮਨੀ, ਇਟਲੀ ਸਮੇਤ ਯੂਰਪੀਅਨ ਯੂਨੀਅਨ ਦੇ 27 ਮੈਂਬਰਾਂ ਦੇ ਨਾਲ-ਨਾਲ ਯੂਨਾਈਟਿਡ ਕਿੰਗਡਮ, ਕੈਨੇਡਾ, ਜਾਪਾਨ, ਕੋਰੀਆ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਹੋਰ ਬਹੁਤ ਸਾਰੇ ਦੇਸ਼ ਇਥੋਂ ਤੱਕ ਕਿ ਸਵਿਟਜ਼ਰਲੈਂਡ ਵੀ ਯੂਕਰੇਨ ਦੇ ਲੋਕਾਂ ਦਾ ਸਮਰਥਨ ਕਰ ਰਹੇ ਹਨ”।
Russian President Vladimir Putin
ਉਹਨਾਂ ਕਿਹਾ ਕਿ ਅਸੀਂ ਅਪਣੇ ਸਹਿਯੋਗੀਆਂ ਨਾਲ ਮਿਲ ਕੇ ਰੂਸ ’ਤੇ ਸ਼ਕਤੀਸ਼ਾਲੀ ਆਰਥਿਕ ਪਾਬੰਦੀਆਂ ਲਾਗੂ ਕਰ ਰਹੇ ਹਾਂ। ਅਸੀਂ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ਤੋਂ ਰੂਸ ਦੇ ਸਭ ਤੋਂ ਵੱਡੇ ਬੈਂਕਾਂ ਨੂੰ ਕੱਟ ਰਹੇ ਹਾਂ। ਬਾਇਡਨ ਅਨੁਸਾਰ, ਇਹ ਪਾਬੰਦੀ ਰੂਸ ਨੂੰ ਹੋਰ ਅਲੱਗ-ਥਲੱਗ ਕਰ ਦੇਵੇਗੀ ਅਤੇ ਇਸਦੀ ਆਰਥਿਕ ਸਥਿਤੀ 'ਤੇ ਹੋਰ ਦਬਾਅ ਪਾਵੇਗੀ। ਉਹਨਾਂ ਕਿਹਾ ਕਿ ਰੂਸੀ ਰੂਬਲ (ਮੁਦਰਾ) ਅਤੇ ਸ਼ੇਅਰ ਬਜ਼ਾਰ ਪਹਿਲਾਂ ਹੀ ਆਪਣੇ ਮੁੱਲ ਦਾ ਕ੍ਰਮਵਾਰ 30% ਅਤੇ 40% ਗੁਆ ਚੁੱਕੇ ਹਨ।
ਉਹਨਾਂ ਕਿਹਾ, “ਪੁਤਿਨ ਟੈਂਕਾਂ ਨਾਲ ਕੀਵ ਦਾ ਚੱਕਰ ਲਗਾ ਸਕਦੇ ਹਨ ਪਰ ਉਹ ਕਦੇ ਵੀ ਯੂਕਰੇਨ ਦੇ ਲੋਕਾਂ ਦੇ ਦਿਲਾਂ ਅਤੇ ਰੂਹਾਂ ਨੂੰ ਹਾਸਲ ਨਹੀਂ ਕਰਨਗੇ ਅਤੇ ਉਹ ਕਦੇ ਵੀ ਆਜ਼ਾਦ ਸੰਸਾਰ ਦੇ ਸੰਕਲਪ ਨੂੰ ਕਮਜ਼ੋਰ ਨਹੀਂ ਕਰ ਸਕਣਗੇ। ਅਮਰੀਕਾ ਯੂਕਰੇਨ ਦੇ ਨਾਲ ਖੜ੍ਹਾ ਹੈ। ਯੂਕਰੇਨੀ ਹਿੰਮਤ ਨਾਲ ਲੜ ਰਹੇ ਹਨ। ਪੁਤਿਨ ਨੂੰ ਜੰਗ ਦੇ ਮੈਦਾਨ 'ਤੇ ਫਾਇਦਾ ਹੋ ਸਕਦਾ ਹੈ ਪਰ ਉਹਨਾਂ ਨੂੰ ਲੰਬੇ ਸਮੇਂ ਤੱਕ ਇਸ ਦੀ ਕੀਮਤ ਭਰਨੀ ਪਵੇਗੀ”।