
ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਔਰਤਾਂ ਤੇ ਬੱਚਿਆਂ ਦੇ ਮਨੋਰੰਜਨ ਲਈ ਪੰਜਾਬੀ ਵਿਰਸਾ ਤੇ ਸਭਿਆਚਾਰ ਨੂੰ ਦਰਸਾਉਂਦਾ 'ਮੇਲਾ ਪੰਜਾਬਣਾਂ ਦਾ' ਕੁਨੈਕਟ ਮਾਈਗ੍ਰੇਸ਼ਨ ਵਲੋਂ...
ਪਰਥ, 28 ਜੁਲਾਈ (ਪਿਆਰਾ ਸਿੰਘ ਨਾਭਾ) : ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਔਰਤਾਂ ਤੇ ਬੱਚਿਆਂ ਦੇ ਮਨੋਰੰਜਨ ਲਈ ਪੰਜਾਬੀ ਵਿਰਸਾ ਤੇ ਸਭਿਆਚਾਰ ਨੂੰ ਦਰਸਾਉਂਦਾ 'ਮੇਲਾ ਪੰਜਾਬਣਾਂ ਦਾ' ਕੁਨੈਕਟ ਮਾਈਗ੍ਰੇਸ਼ਨ ਵਲੋਂ ਸਿਕਲੀਅਨ ਕਲੱਬ ਬਲਕਟਾ 'ਚ 22 ਜੁਲਾਈ ਨੂੰ ਲਾਇਆ ਗਿਆ। ਇਸ 'ਚ ਸਥਾਨਕ ਭਾਈਚਾਰੇ ਦੀਆਂ ਮੁਟਿਆਰਾਂ, ਬੀਬੀਆਂ ਤੇ ਬੱਚਿਆਂ ਨੇ ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਸਥਾਨਕ ਸਰਕਾਰ ਦੇ ਨੁਮਾਇੰਦਿਆਂ ਮੈਂਬਰ ਪਾਰਲੀਮੈਂਟ ਡੇਵਿਡ ਮਈਕਲ, ਮਾਰਗ੍ਰੇਟ ਕਿਊਰਕ ਮੈਂਬਰ ਪਾਰਲੀਮੈਂਟ ਗਿਰਾਵੀਨ, ਮੈਂਬਰ ਪਾਰਲੀਮੈਂਟ ਜੰਡਾਕੋਟ ਯਜ ਮੁਬਾਰਕਾਈ, ਮੈਂਬਰ ਪਾਰਲੀਮੈਂਟ ਡਾਰਲਿੰਗ ਰੇਂਜ ਬੇਰੀ ਅਰਬਨ ਅਤੇ ਬਲਵਿੰਦਰ ਸਿੰਘ ਬੱਲੀ ਜਸਟਿਸ ਆਫ ਪੀਸ ਆਦਿ ਹਾਜ਼ਰ ਸਨ।
ਮੇਲੇ ਦੀ ਸ਼ੁਰੂਆਤ ਬੱਚਿਆਂ ਵਲੋਂ ਗਾਏ ਧਾਰਮਕ ਸ਼ਬਦ ਨਾਲ ਕੀਤੀ ਅਤੇ ਛੋਟੀਆਂ ਬੱਚੀਆਂ ਨੇ ਰਵਾਇਤੀ ਬੋਲੀਆਂ 'ਤੇ ਗਿੱਧਾ ਪਾਇਆ। ਬਾਲੀਵੁਡ ਸੋਲੋ ਪੇਸ਼ਕਾਰੀ ਅਤੇ ਵਿਦੇਸ਼ ਵਸਦੇ ਮੁੰਡਿਆਂ ਲਈ ਵੱਧ ਦਾਜ ਮੰਗਣ ਅਧਾਰਤ ਨਾਟਕ ਖੇਡਿਆ ਗਿਆ। ਬਜ਼ੁਰਗ ਮਾਤਾਵਾਂ ਨੇ ਪੁਰਾਤਨ ਸਿੱਠਣੀਆਂ ਤੇ ਸ਼ਗਨਾਂ ਦੇ ਗੀਤ ਗਾਏ। ਧੀਆਂ ਤੇ ਮੁਟਿਆਰ ਦੇ ਸੁਹੱਪਣ ਬਾਰੇ ਗੀਤਾਂ ਰਾਹੀਂ ਕੀਤੀ ਕੋਰੀਉਗ੍ਰਾਫ਼ੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਟੁੰਬਿਆ। ਪੰਜਾਬਣਾਂ ਦਾ ਮਨਭਾਉਦਾਂ ਲੋਕ ਨਾਚ ਗਿੱਧੇ ਨੂੰ ਮੁਟਿਆਰਾਂ ਨੇ ਪੁਰਾਤਨ ਤੇ ਰਵਾਇਤੀ ਲੋਕ ਬੋਲੀਆਂ ਪਾ ਕੇ ਧਮਾਲਾਂ ਮਚਾਈਆਂ। ਇਸ ਮੌਕੇ ਮੈਂਬਰ ਪਾਰਲੀਮੈਂਟ ਡੇਵਿਡ ਮਾਈਕਲ ਨੇ ਭਾਰਤੀਆਂ ਵਲੋਂ ਆਸਟ੍ਰੇਲੀਆ ਦੀ ਤਰੱਕੀ 'ਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ।