
ਰੂਸ ਇਸ ਸਾਲ ਦੇ ਅੰਤ ਤਕ ਭਾਰਤ ਨੂੰ 48 ਐਮ.ਆਈ.-17 ਹੈਲੀਕਾਪਟਰ ਦੇ ਸਕਦਾ ਹੈ। ਇਸ ਲਈ ਭਾਰਤ ਅਤੇ ਰੂਸ ਵਿਚਕਾਰ ਲਗਾਤਾਰ ਗੱਲਬਾਤ ਹੋ ਰਹੀ ਹੈ।
ਮਾਸਕੋ, 30 ਜੁਲਾਈ : ਰੂਸ ਇਸ ਸਾਲ ਦੇ ਅੰਤ ਤਕ ਭਾਰਤ ਨੂੰ 48 ਐਮ.ਆਈ.-17 ਹੈਲੀਕਾਪਟਰ ਦੇ ਸਕਦਾ ਹੈ। ਇਸ ਲਈ ਭਾਰਤ ਅਤੇ ਰੂਸ ਵਿਚਕਾਰ ਲਗਾਤਾਰ ਗੱਲਬਾਤ ਹੋ ਰਹੀ ਹੈ। ਸਾਲ 2012-13 ਦੌਰਾਨ ਇਹ ਸੌਦਾ ਹੋਇਆ ਸੀ। ਹਾਈ ਟੈਕਨੋਲਾਜੀ ਨਾਲ ਲੈਸ ਇਨ੍ਹਾਂ ਹੈਲੀਕਾਪਟਰਾਂ ਦੀ ਵਰਤੋਂ ਮਿਲਟਰੀ ਟਰਾਂਸਪੋਰਟ ਲਈ ਕੀਤੀ ਜਾਵੇਗੀ। ਰੂਸ ਦੇ ਉੱਚ ਅਧਿਕਾਰੀ ਨੇ ਇਹ ਗੱਲ ਕਹੀ।
ਨਿਊਜ਼ ਏਜੰਸੀ ਮੁਤਾਬਕ ਰੂਸੀ ਆਰਮਜ਼ ਸਪਲਾਈਰ ਰੋਸੋਬੋਰੋਨ ਐਕਸਪੋਰਟ ਦੇ ਸੀ.ਈ.ਓ. ਅਲੈਗਜੈਂਡਰ ਮਿਖੀਵ ਨੇ ਕਿਹਾ, ''ਭਾਰਤ ਕੋਲ ਮੌਜੂਦਾ ਸਮੇਂ ਐਮ.ਆਈ.-8 ਅਤੇ ਐਮ.ਆਈ.-17 ਫੈਮਿਲੀ ਦੇ 300 ਹੈਲੀਕਾਪਟਰ ਹਨ। ਇਨ੍ਹਾਂ ਦੀ ਵਰਤੋਂ ਉਹ ਫ਼ੌਜਾਂ ਦੇ ਡਿਪਲਾਇਮੈਂਟ, ਪਟਰੌਲਿੰਗ, ਖ਼ੋਜ ਮੁਹਿੰਮ ਅਤੇ ਫ਼ੌਜੀ ਟਰਾਂਸਪੋਰਟ ਲਈ ਕਰਦਾ ਹੈ। ਭਾਰਤ ਅਪਣੀਆਂ ਲੋੜਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਮਿਖੀਵ ਨੇ ਇਹ ਗੱਲ ਰੂਸ ਦੇ ਏਅਰ ਸ਼ੋਅ ਦੌਰਾਨ ਕਹੀ।
ਮਿਖੀਵ ਅਨੁਸਾਰ ਭਾਰਤ ਅਤੇ ਰੂਸ ਵਿਚਕਾਰ 48 ਐਮ.ਆਈ.-17ਵੀ-5 ਹੈਲੀਕਾਪਟਰਾਂ ਨੂੰ ਲੈ ਕੇ ਗੱਲਬਾਤ ਚਲ ਰਹੀ ਹੈ। ਉਮੀਦ ਹੈ ਕਿ ਇਸ ਸਾਲ ਦੇ ਖ਼ਤਮ ਹੋਣ ਤੋਂ ਪਹਿਲਾਂ ਸੌਦਾ ਪੂਰਾ ਹੋ ਜਾਵੇਗਾ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਰੂਸ ਨੇ ਭਾਰਤ ਨੂੰ ਇਕ ਪੁਰਾਣੇ ਸੌਦੇ ਤਹਿਤ ਤਿੰਨ ਐਮ.ਆਈ.-17 ਵੀ-5 ਹੈਲੀਕਾਪਟਰ ਦਿਤੇ ਸਨ। ਇਹ ਹੈਲੀਕਾਪਟਰ ਦੁਨੀਆਂ ਦੇ ਮੋਸਟ ਐਡਵਾਂਸਡ ਮਿਲਟਰੀ ਟਰਾਂਸਪੋਰਟ ਹੈਲੀਕਾਪਟਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਸਾਲ 2008 'ਚ ਰੋਸੋਬੋਰੋਨ ਐਕਸਪਰਟ ਨੇ ਭਾਰਤ ਨੂੰ 80 ਐਮ.ਆਈ.-17 ਵੀ-5 ਹੈਲੀਕਾਪਟਰਾਂ ਦੀ ਸਪਲਾਈ ਦਾ ਸੌਦਾ ਕੀਤਾ ਸੀ, ਜੋ 2011-13 'ਚ ਪੂਰਾ ਹੋ ਗਿਆ ਸੀ।