
ਉਹਨਾਂ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਤੁਸੀਂ ਦੇਖੋਗੇ ਕਿ ਮੈਂ ਉਹਨਾਂ ਨਾਲ ਕਿਵੇਂ ਮੁਕਾਬਲਾ ਕਰਦਾ ਹਾਂ।
ਇਸਲਾਮਾਬਾਦ: ਪਾਕਿਸਤਾਨ 'ਚ ਬੇਭਰੋਸਗੀ ਮਤੇ ਦਾ ਸਾਹਮਣਾ ਕਰ ਰਹੇ ਇਮਰਾਨ ਖ਼ਾਨ ਨੇ ਪਾਕਿਸਤਾਨ ਦੇ ਲੋਕਾਂ ਨੂੰ ਵੋਟਿੰਗ ਤੋਂ ਇਕ ਦਿਨ ਪਹਿਲਾਂ ਸੜਕਾਂ 'ਤੇ ਉਤਰ ਕੇ ਆਪਣਾ ਵਿਰੋਧ ਜ਼ਾਹਰ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਦੇਸ਼ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੱਲ੍ਹ ਤੁਸੀਂ ਦੇਖੋਗੇ ਕਿ ਮੈਂ ਉਹਨਾਂ ਨਾਲ ਕਿਵੇਂ ਮੁਕਾਬਲਾ ਕਰਦਾ ਹਾਂ। ਇਮਰਾਨ ਖਾਨ ਨੇ ਕਿਹਾ ਕਿ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਸ ਦਾ ਵਿਰੋਧ ਕਰੋ। ਮੈਂ ਚਾਹੁੰਦਾ ਹਾਂ ਕਿ ਮੇਰੀ ਕੌਮ ਜ਼ਿੰਦਾ ਰਹੇ। ਕੋਈ ਹੋਰ ਜ਼ਿੰਦਾ ਦੇਸ਼ ਹੁੰਦਾ ਤੇ ਉਸ ਵਿਚ ਅਜਿਹਾ ਹੋ ਰਿਹਾ ਹੁੰਦਾ ਤਾਂ ਕੌਮ ਸੜਕਾਂ 'ਤੇ ਹੁੰਦੀ।
ਇਮਰਾਨ ਖਾਨ ਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਤੁਸੀਂ ਅੱਜ ਅਤੇ ਕੱਲ੍ਹ ਸੜਕਾਂ 'ਤੇ ਆ ਕੇ ਵਿਰੋਧ ਪ੍ਰਦਰਸ਼ਨ ਕਰੋ। ਕੋਈ ਵੀ ਪਾਰਟੀ ਤੁਹਾਨੂੰ ਬਾਹਰ ਨਾ ਕੱਢੇ ਤੁਹਾਡੀ ਜ਼ਮੀਰ ਤੁਹਾਨੂੰ ਬਾਹਰ ਕੱਢੇ। ਆਪਣੇ ਦੇਸ਼ ਲਈ, ਆਪਣੇ ਬੱਚਿਆਂ ਲਈ ਬਾਹਰ ਆਓ। ਇਹ ਚੋਰ ਸੱਤਾ ਵਿਚ ਆਉਣਾ ਚਾਹੁੰਦੇ ਹਨ ਤਾਂ ਜੋ ਉਹ ਆਪਣੇ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਖਤਮ ਕਰ ਸਕਣ। ਉਹਨਾਂ 'ਤੇ ਅਰਬਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਮਾਮਲੇ ਦਰਜ ਹਨ। ਸਿਰਫ ਅਤੇ ਸਿਰਫ ਇਹ ਲੋਕ ਦੇਸ਼ ਨੂੰ ਧੋਖਾ ਦੇ ਰਹੇ ਹਨ। ਇਸ ਲਈ ਤੁਹਾਨੂੰ ਬਾਹਰ ਆ ਕੇ ਦੱਸਣਾ ਚਾਹੀਦਾ ਹੈ ਕਿ ਤੁਸੀਂ ਇਕ ਜ਼ਿੰਦਾ ਕੌਮ ਹੋ’।
ਹਾਲਾਂਕਿ ਇਮਰਾਨ ਖਾਨ ਨੇ ਸ਼ਾਂਤੀਪੂਰਨ ਵਿਰੋਧ ਪ੍ਰਦਰਸ਼ਨ ਦੀ ਅਪੀਲ ਕੀਤੀ ਹੈ ਪਰ ਇਸ ਸੱਦੇ ਤੋਂ ਬਾਅਦ ਕੱਲ੍ਹ ਇਸਲਾਮਾਬਾਦ ਵਿਚ ਤਣਾਅ ਅਤੇ ਹਿੰਸਾ ਦੀ ਸੰਭਾਵਨਾ ਵੱਧ ਗਈ ਹੈ ਦੱਸ ਦੇਈਏ ਕਿ 28 ਮਾਰਚ ਨੂੰ ਪਾਕਿਸਤਾਨ ਨੈਸ਼ਨਲ ਅਸੈਂਬਲੀ 'ਚ ਵਿਰੋਧੀ ਧਿਰ ਦੇ ਨੇਤਾ ਸ਼ਾਹਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਸੀ। ਇਸ 'ਤੇ ਭਲਕੇ ਵੋਟਿੰਗ ਹੋਵੇਗੀ।
ਇਮਰਾਨ ਖਾਨ ਨੂੰ 342 ਮੈਂਬਰੀ ਨੈਸ਼ਨਲ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਵਿਰੋਧੀ ਧਿਰ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ਲਈ 172 ਵੋਟਾਂ ਦੀ ਲੋੜ ਹੈ। ਹਾਲਾਂਕਿ ਵਿਰੋਧੀ ਧਿਰ ਨੇ ਆਪਣੇ ਪੱਖ ਵਿਚ 175 ਸੰਸਦ ਮੈਂਬਰਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਅਤੇ ਪ੍ਰਧਾਨ ਮੰਤਰੀ ਤੋਂ ਤੁਰੰਤ ਅਸਤੀਫਾ ਦੇਣ ਦੀ ਮੰਗ ਕੀਤੀ ਹੈ।