
ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ।
ਇਸਲਾਮਾਬਾਦ: ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਲਾਈਵ ਸੰਬੋਧਨ ਕਰਨ ਦਾ ਫੈਸਲਾ ਕੀਤਾ ਹੈ। ਇਸ ਮੌਕੇ ਉਹਨਾਂ ਨੇ ਇਨਸਾਨ ਅਤੇ ਮਨੁੱਖਤਾ ਦੀ ਗੱਲ ਕੀਤੀ। ਇਮਰਾਨ ਨੇ ਕਿਹਾ ਕਿ ਦੇਸ਼ ਆਪਣੇ ਇਤਿਹਾਸ ਦੇ ਅਹਿਮ ਪੜਾਅ 'ਤੇ ਪਹੁੰਚ ਗਿਆ ਹੈ। ਸਾਡੇ ਸਾਹਮਣੇ ਦੋ ਰਸਤੇ ਹਨ, ਅਸੀਂ ਕਿਹੜਾ ਰਾਹ ਅਪਣਾਉਣਾ ਹੈ, ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਦਿਲ ਦੀ ਗੱਲ ਕਰਾਂਗਾ।
ਉਹਨਾਂ ਕਿਹਾ ਕਿ ਸਿਰਫ਼ ਆਜ਼ਾਦ ਲੋਕ ਹੀ ਸਵੈ-ਮਾਣ ਦੀ ਮਹੱਤਤਾ ਜਾਣਦੇ ਹਨ। ਮੈਂ ਖੁਸ਼ਕਿਸਮਤ ਹਾਂ ਕਿ ਮੇਰਾ ਜਨਮ ਆਜ਼ਾਦ ਪਾਕਿਸਤਾਨ ਵਿਚ ਹੋਇਆ। ਮੇਰੇ ਮਾਤਾ-ਪਿਤਾ ਹਮੇਸ਼ਾ ਕਿਹਾ ਕਰਦੇ ਸਨ ਕਿ ਤੁਸੀਂ ਖੁਸ਼ਕਿਸਮਤ ਹੋ ਕਿ ਆਜ਼ਾਦ ਦੇਸ਼ ਵਿਚ ਜਨਮ ਲਿਆ ਹੈ। ਉਹਨਾਂ ਨੂੰ ਅੰਗਰੇਜ਼ਾਂ ਦਾ ਰਾਜ ਬਹੁਤ ਬੁਰਾ ਲੱਗਾ। ਪਾਕਿਸਤਾਨ ਮੇਰੇ ਤੋਂ ਪੰਜ ਸਾਲ ਹੀ ਵੱਡਾ ਹੈ। ਮੈਂ ਆਜ਼ਾਦੀ ਤੋਂ ਬਾਅਦ ਪੈਦਾ ਹੋਈ ਦੇਸ਼ ਦੀ ਪਹਿਲੀ ਪੀੜ੍ਹੀ ਵਿਚੋਂ ਹਾਂ।
ਇਮਰਾਨ ਖ਼ਾਨ ਨੇ ਕਿਹਾ, 'ਜਦੋਂ ਮੈਂ ਰਾਜਨੀਤੀ 'ਚ ਆਉਣ ਦਾ ਫੈਸਲਾ ਕੀਤਾ ਤਾਂ ਲੋਕਾਂ ਨੇ ਕਿਹਾ ਕਿ ਮੈਂ ਅਜਿਹਾ ਕਿਉਂ ਕਰ ਰਿਹਾ ਹਾਂ। ਰੱਬ ਨੇ ਮੈਨੂੰ ਸਭ ਕੁਝ ਬਖਸ਼ਿਆ ਹੈ ਅਤੇ ਮੈਂ ਇਸ ਲਈ ਸ਼ੁਕਰਗੁਜ਼ਾਰ ਹਾਂ। ਮੈਂ ਇਕ ਮਿਸ਼ਨ ਦੇ ਨਾਲ ਰਾਜਨੀਤੀ ਵਿਚ ਆਇਆ ਹਾਂ। ਜਦੋਂ ਮੈਂ ਰਾਜਨੀਤੀ ਵਿਚ ਦਾਖਲ ਹੋਇਆ, ਮੇਰੇ ਤਿੰਨ ਟੀਚੇ ਸਨ - ਨਿਆਂ, ਮਨੁੱਖਤਾ ਅਤੇ ਸਵੈ-ਨਿਰਭਰਤਾ ਨੂੰ ਯਕੀਨੀ ਬਣਾਉਣਾ। ਮੈਂ ਰਾਜਨੀਤੀ ਵਿਚ ਇਸ ਲਈ ਆਇਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਜਿਨਾਹ ਜਿਸ ਪਾਕਿਸਤਾਨ ਲਈ ਲੜਿਆ ਸੀ, ਇਹ ਉਹ ਪਾਕਿਸਤਾਨ ਬਿਲਕੁਲ ਨਹੀਂ ਸੀ।
ਉਹਨਾਂ ਕਿਹਾ, 'ਮੈਂ ਨਿਆਂ ਅਤੇ ਸਵੈ-ਮਾਣ ਲਈ ਰਾਜਨੀਤੀ ਵਿਚ ਆਇਆ ਹਾਂ। ਮੁਸਲਿਮ ਭਾਈਚਾਰਾ ਕਿਸੇ ਦਾ ਗੁਲਾਮ ਨਹੀਂ ਹੈ। ਉਹ ਅੱਲ੍ਹਾ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਦਾ। ਨਾ ਮੈਂ ਕਿਸੇ ਅੱਗੇ ਮੱਥਾ ਟੇਕਦਾ ਹਾਂ, ਨਾ ਮੈਂ ਝੁਕਦਾ ਹਾਂ। ਨਾ ਹੀ ਮੈਂ ਆਪਣੇ ਭਾਈਚਾਰੇ ਨੂੰ ਝੁਕਣ ਦਿਆਂਗਾ’। ਉਹਨਾਂ ਕਿਹਾ, 'ਪਾਕਿਸਤਾਨ ਅਤਿਵਾਦ ਦੇ ਖਿਲਾਫ ਹੈ। ਕਬਾਇਲੀ ਖੇਤਰ ਇਸ ਬਾਰੇ ਬਿਹਤਰ ਜਾਣਦੇ ਹਨ। ਮੈਂ ਨਾ ਤਾਂ ਹਿੰਦੁਸਤਾਨ ਵਿਰੋਧੀ ਹਾਂ ਅਤੇ ਨਾ ਹੀ ਅਮਰੀਕਾ ਵਿਰੋਧੀ। ਭਾਰਤ ਅਤੇ ਅਮਰੀਕਾ ਵਿਚ ਮੇਰੇ ਬਹੁਤ ਸਾਰੇ ਦੋਸਤ ਹਨ। ਮੈਨੂੰ ਕਿਸੇ ਨਾਲ ਕੋਈ ਗੁੱਸਾ ਨਹੀਂ ਹੈ। ਮੈਂ ਸਿਰਫ਼ ਉਹਨਾਂ ਦੀਆਂ ਨੀਤੀਆਂ ਦੀ ਆਲੋਚਨਾ ਕਰਦਾ ਹਾਂ।
ਉਹਨਾਂ ਕਿਹਾ ਕਿ ਸਾਨੂੰ ਕਿਹਾ ਗਿਆ ਕਿ ਜੇਕਰ ਅਸੀਂ ਅਮਰੀਕਾ ਦਾ ਸਾਥ ਨਹੀਂ ਦਿੰਦੇ ਤਾਂ ਇਹ ਸਾਡੇ ਲਈ ਚੰਗਾ ਨਹੀਂ ਹੋਵੇਗਾ। 9/11 ਦੌਰਾਨ ਅਸੀਂ ਕਿਹਾ ਸੀ ਕਿ ਜੇਕਰ ਅਮਰੀਕਾ ਵਿਚ ਕੋਈ ਅਤਿਵਾਦੀ ਘਟਨਾ ਹੁੰਦੀ ਹੈ ਤਾਂ ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਪਰ ਇਹ ਸਾਡੀ ਲੜਾਈ ਨਹੀਂ ਸੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ, 'ਮੈਂ ਕ੍ਰਿਕਟਰ ਰਿਹਾ ਹਾਂ। ਮੈਂ ਆਖਰੀ ਗੇਂਦ ਤੱਕ ਹਾਰ ਨਹੀਂ ਮੰਨਾਂਗਾ। ਮੈਂ ਇਸ ਲੜਾਈ ਨੂੰ ਅੰਤ ਤੱਕ ਲੜਾਂਗਾ। ਉਹਨਾਂ ਕਿਹਾ ਕਿ ਪਾਕਿਸਤਾਨ ਦੇ ਭਵਿੱਖ ਦਾ ਫੈਸਲਾ ਐਤਵਾਰ ਨੂੰ ਹੋਵੇਗਾ। ਬੇਭਰੋਸਗੀ ਮਤਾ, ਪਾਕਿਸਤਾਨ ਦਾ ਭਵਿੱਖ ਤੈਅ ਕਰੇਗਾ।