
15.5 ਡਿਗਰੀ ਤੋਂ ਵੱਧ ਔਸਤ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ 44 ਫ਼ੀ ਸਦੀ ਵੱਧ
ਟੋਰਾਂਟੋ: ਠੰਢੇ ਇਲਾਕਿਆਂ ’ਚ ਰਹਿਣ ਮੁਕਾਬਲੇ ਗਰਮ ਇਲਾਕਿਆਂ ’ਚ ਰਹਿਣ ਵਾਲੇ 65 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਦੀ ਨਜ਼ਰ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ ਵੱਧ ਹੈ। ਇਹ ਚੇਤਾਵਨੀ ਵੱਖੋ-ਵੱਖ ਅਮਰੀਕੀ ਦੇਸ਼ਾਂ ਦੇ 17 ਲੱਖ ਲੋਕਾਂ ’ਤੇ ਕੀਤੇ ਇਕ ਸਟੱਡੀ ਤੋਂ ਬਾਅਦ ਜਾਰੀ ਕੀਤੀ ਗਈ ਹੈ।
10 ਡਿਗਰੀ ਦੇ ਔਸਤ ਤਾਪਮਾਨ ’ਚ ਰਹਿਣ ਵਾਲਿਆਂ ਦੇ ਮੁਕਾਬਲੇ 10-12 ਡਿਗਰੀ ਔਸਤ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀ ਨਜ਼ਰ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ 14 ਫ਼ੀ ਸਦੀ ਵੱਧ ਹੈ, ਜਦਕਿ 12 ਤੋਂ 15.5 ਡਿਗਰੀ ਦੇ ਔਸਤ ਤਾਪਮਾਨ ’ਚ ਰਹਿਣ ਵਾਲੇ ਲੋਕਾਂ ’ਚ ਇਹ ਸੰਭਾਵਨਾ 24 ਫ਼ੀ ਸਦੀ ਵੱਧ ਅਤੇ 15.5 ਡਿਗਰੀ ਤੋਂ ਵੱਧ ਔਸਤ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀਆਂ ਅੱਖਾਂ ’ਚ ਗੰਭੀਰ ਨੁਕਸ ਪੈਣ ਦੀ ਸੰਭਾਵਨਾ 44 ਫ਼ੀ ਸਦੀ ਵੱਧ ਹੈ।
ਇਹ ਵੀ ਪੜ੍ਹੋ: ਸੁੱਤੇ ਹੋਏ ਪ੍ਰਵਾਰ 'ਤੇ ਡਿੱਗੀ ਮਕਾਨ ਦੀ ਛੱਤ
ਯੂਨੀਵਰਸਿਟੀ ਆਫ਼ ਟੋਰਾਂਟੋ ਦੇ ਪ੍ਰੋ. ਐਸਮੇ ਫੁੱਲਰ ਨੇ ਕਿਹਾ, ‘‘ਨਜ਼ਰ ’ਚ ਨੁਕਸ ਪੈਣ ਅਤੇ ਇਲਾਕਿਆਂ ਦੇ ਔਸਤ ਤਾਪਮਾਨ ’ਚ ਸਬੰਧ ਸਥਾਪਤ ਹੋਣਾ ਵੱਡੀ ਚਿੰਤਾ ਦਾ ਵਿਸ਼ਾ ਹੈ। ਬਦਲਦੀ ਜਲਵਾਯੂ ਕਾਰਨ ਕੌਮਾਂਤਰੀ ਤਾਪਮਾਨ ’ਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਭਵਿੱਖ ’ਚ ਬਜ਼ੁਰਗਾਂ ਦੀ ਨਜ਼ਰ ਦਾ ਖ਼ਰਾਬ ਹੋਣਾ ਵਧਦਾ ਰਹਿੰਦਾ ਹੈ ਤਾਂ ਇਸ ਦੀ ਨਿਗਰਾਨੀ ਕਰਨੀ ਮਹੱਤਵਪੂਰਨ ਹੋ ਜਾਂਦੀ ਹੈ।’’ ਪ੍ਰੋ. ਫੁੱਲਰ ਅਧਿਐਨ ਦੇ ਮੂਲ ਲੇਖਕ ਹਨ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੇ ਰਖਿਆ ਛੇ ਲੱਖ ਹੈਕਟੇਅਰ ਰਕਬੇ 'ਤੇ ਬਾਸਮਤੀ ਦੀ ਕਾਸ਼ਤ ਦਾ ਟੀਚਾ
ਜਰਨਲ ਓਥਾਲਮਿਕ ਇਪੀਡੇਮੀਓਲੋਜੀ ’ਚ ਪ੍ਰਕਾਸ਼ਤ ਇਸ ਅਧਿਐਨ ’ਚ ਇਹ ਵੀ ਕਿਹਾ ਗਿਆ ਹੈ ਕਿ ਔਸਤ ਤਾਪਮਾਨ ਅਤੇ ਨਜ਼ਰ ਖ਼ਰਾਬ ਹੋਣ ’ਚ ਮਜ਼ਬੂਤ ਸਬੰਧ ਉਮਰ, ਲਿੰਗ, ਆਮਦਨ ਅਤੇ ਸਿਖਿਆ ’ਤੇ ਨਿਰਭਰ ਨਹੀਂ ਹੈ। ਵੱਧ ਤਾਪਮਾਨ ਵਾਲੇ ਇਲਾਕਿਆਂ ’ਚ ਰਹਿਣ ਵਾਲੇ 80 ਤੋਂ ਵਧ ਸਾਲ ਦੀ ਉਮਰ ਮੁਕਾਬਲੇ 65 ਤੋਂ 79 ਸਾਲ ਦੀ ਉਮਰ ਵਾਲੇ ਲੋਕਾਂ ਦੀ ਨਜ਼ਰ ’ਚ ਨੁਕਸ ਵੱਧ ਵੇਖਣ ਨੂੰ ਮਿਲਿਆ। ਮਰਦਾਂ ’ਚ ਇਹ ਗਿਣਤੀ ਔਰਤਾਂ ਤੋਂ ਵੱਧ ਸੀ।
ਹਾਲਾਂਕਿ ਵੱਧ ਤਾਪਮਾਨ ਦੇ ਨਜ਼ਰ ’ਤੇ ਪੈਣ ਵਾਲੇ ਅਸਰ ਦਾ ਕਾਰਨ ਅਜੇ ਤਕ ਗੁੰਝਲ ਬਣਿਆ ਹੋਇਆ ਹੈ। ਅਧਿਐਨ ਦੇ ਸਹਿ-ਲੇਖਕ ਜ਼ੀਦੀ ਡੈਂਗ ਨੇ ਕਿਹਾ, ‘‘ਨਜ਼ਰ ਖ਼ਰਾਬ ਹੋਣ ਨਾਲ ਡਿੱਗਣ, ਹੱਡੀਆਂ ਟੁੱਟਣ ਦਾ ਡਰ ਰਹਿੰਦਾ ਹੈ, ਅਤੇ ਇਹ ਬਜ਼ੁਰਗਾਂ ਦੇ ਜੀਵਨ ’ਤੇ ਬੁਰਾ ਅਸਰ ਪਾ ਸਕਦਾ ਹੈ। ਨਜ਼ਰ ਖ਼ਰਾਬ ਹੋਣ ਅਤੇ ਇਸ ਦੇ ਨਤੀਜੇ ਵਜੋਂ ਅਮਰੀਕੀ ਆਰਥਿਕਤਾ ’ਤੇ ਹਰ ਸਾਲ ਅਰਬਾਂ ਡਾਲਰ ਦਾ ਬੋਝ ਪੈਂਦਾ ਹੈ।’’