
ਅਮਰੀਕਾ-ਮੈਕਸੀਕੋ ਸਰਹੱਦ ਦਾ ਵੀਡੀਓ ਹੋ ਰਿਹੈ ਵਾਇਰਲ
ਅਮਰੀਕਾ- ਅਮਰੀਕਾ ਅਤੇ ਮੈਕਸੀਕੋ ਦੀ ਸਰਹੱਦ ਹਮੇਸ਼ਾਂ ਵਿਵਾਦਾਂ ਵਿਚ ਰਹੀ ਹੈ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਹੀਂ ਚਾਹੁੰਦੇ ਕਿ ਮੈਕਸੀਕੋ ਦੇ ਗ਼ੈਰ ਕਾਨੂੰਨੀ ਨਾਗਰਿਕ ਅਮਰੀਕਾ ਵਿਚ ਵੱਸਣ ਅਜਿਹੇ ਵਿਚ ਕੈਲੇਫੋਰਨੀਆਂ ਦੇ ਦੋ ਪ੍ਰੋਫੈਸਰਾਂ ਨੇ ਟਰੰਪ ਦਾ ਵਿਰੋਧ ਕਰਨ ਦਾ ਅਨੋਖਾ ਤਰੀਕਾ ਕੱਢਿਆ ਹੈ, ਜਿਸ ਦੀ ਵਿਸ਼ਵ ਭਰ ਵਿਚ ਚਰਚਾ ਹੋ ਰਹੀ ਹੈ ਦਰਅਸਲ ਪ੍ਰੋਫੈਸਰਾਂ ਨੇ ਸਰਹੱਦ 'ਤੇ ਸੀ-ਸਾਅ ਝੂਲੇ ਲਗਾ ਦਿੱਤੇ ਹਨ, ਜਿਸ 'ਤੇ ਬੈਠ ਕੇ ਦੋਵੇਂ ਦੇਸ਼ਾਂ ਦੇ ਬੱਚੇ ਅਤੇ ਜਵਾਨ ਝੂਲੇ ਝੂਲਦੇ ਹਨ ਅਤੇ ਮਸਤੀ ਕਰਦੇ ਹਨ।
ਸਰਹੱਦ 'ਤੇ ਬਣਾਈ ਗਈ ਸਟੀਲ ਦੀ ਫੈਂਸਿੰਗ ਵਿਚ ਬੀਤੇ ਦਿਨ ਤਿੰਨ ਝੂਲੇ ਲਗਾਏ। ਝੂਲਿਆਂ ਦਾ ਇਕ ਹਿੱਸਾ ਅਮਰੀਕਾ ਵਿਚ ਹੈ ਅਤੇ ਦੂਜਾ ਹਿੱਸਾ ਮੈਕਸੀਕੋ ਵਿਚ ਸਰਹੱਦੀ ਇਲਾਕੇ ਦੇ ਸਨਲੈਂਡ ਪਾਰਕ ਵਿਚ ਲੱਗੇ ਇਨ੍ਹਾਂ ਝੂਲਿਆਂ 'ਤੇ ਝੂਲਣ ਲਈ ਵੱਡੀ ਗਿਣਤੀ ਵਿਚ ਬੱਚੇ ਅਤੇ ਵੱਡੇ ਪਹੁੰਚ ਰਹੇ ਹਨ। ਝੂਲੇ ਲਗਾਉਣ ਵਾਲੇ ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਅਸੀਂ ਇਹ ਝੂਲੇ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਜੋੜਨ ਲਈ ਲਗਾਏ ਹਨ ਤਾਂ ਜੋ ਇਹ ਸਾਰੇ ਆਪਸ ਵਿਚ ਗੱਲ ਕਰ ਸਕਣ ਅਤੇ ਇਕ ਦੂਜੇ ਦੀ ਨਾਗਰਿਕਤਾ ਦਾ ਸਨਮਾਨ ਕਰਨ।
ਕੈਲੇਫੋਰਨੀਆਂ ਯੂਨੀਵਰਸਿਟੀ ਵਿਚ ਆਰਕੀਟੈਕਚਰ ਪ੍ਰੋਫੈਸਰ ਰੋਨਾਲਡ ਰਾਇਲ ਅਤੇ ਸਹਾਇਕ ਪ੍ਰੋਫੈਸਰ ਸੈਨ ਫ੍ਰੇਟਲੋ ਨੂੰ ਇਹ ਵਿਚਾਰ 2009 ਵਿਚ ਆਇਆ ਸੀ ਪਰ ਉਨ੍ਹਾਂ ਦਾ ਇਹ ਸੁਪਨਾ ਹੁਣ ਜਾ ਕੇ ਸਾਕਾਰ ਹੋਇਆ ਹੈ। ਇਨ੍ਹਾਂ ਝੂਲਿਆਂ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵਲੋਂ ਇਸ ਦੀ ਤਾਰੀਫ਼ ਕਰਦਿਆਂ ਇਸ ਨੂੰ ਖ਼ੂਬ ਸ਼ੇਅਰ ਕੀਤਾ ਜਾ ਰਿਹਾ ਹੈ।