
ਸਮੈਦਿਕ (ਬਰਮਿੰਘਮ) ਦੇ ਗੁਰਦਵਾਰਾ ਸਾਹਿਬ ਤੋਂ ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ (ਸਾਕਾ) ਯੂ.ਕੇ. ਵਲੋਂ ਹਰ ਸਾਲ ਕੀਤੀ ਜਾਂਦੀ ਚੈਰਿਟੀ ਸਾਈਕਲ ਯਾਤਰਾ ਨੂੰ ਹਰੀ ਝੰਡੀ..
ਲੰਦਨ, 27 ਜੁਲਾਈ (ਹਰਜੀਤ ਸਿੰਘ ਵਿਰਕ) : ਸਮੈਦਿਕ (ਬਰਮਿੰਘਮ) ਦੇ ਗੁਰਦਵਾਰਾ ਸਾਹਿਬ ਤੋਂ ਸਿੱਖ ਆਰਟਸ ਐਂਡ ਕਲਚਰਲ ਐਸੋਸੀਏਸ਼ਨ (ਸਾਕਾ) ਯੂ.ਕੇ. ਵਲੋਂ ਹਰ ਸਾਲ ਕੀਤੀ ਜਾਂਦੀ ਚੈਰਿਟੀ ਸਾਈਕਲ ਯਾਤਰਾ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ।
'ਸਾਕਾ ਬਾਈਕ ਰਾਈਡ' ਦੇ ਨਾਮ ਨਾਲ ਜਾਣੀ ਜਾਂਦੀ ਸਾਈਕਲ ਯਾਤਰਾ ਪਿਛਲੇ 33 ਸਾਲਾਂ ਤੋਂ ਲਗਾਤਾਰ ਹਰ ਸਾਲ ਕੀਤੀ ਜਾ ਰਹੀ ਹੈ। ਸਮੈਦਿਕ ਤੋਂ ਸ਼ੁਰੂ ਹੋ ਕੇ ਕਾਵੈਂਟਰੀ, ਡਾਵੈਂਟਰੀ, ਮਿਲਟਨ ਕੀਨਜ਼ ਹੁੰਦੇ ਹੋਏ ਸਾਈਕਲ ਚਾਲਕਾਂ ਨੇ ਪਹਿਲੇ ਦਿਨ ਲੂਟਨ ਗੁਰਦੁਆਰਾ ਸਾਹਿਬ ਵਿਖੇ ਰਾਤ ਗੁਜ਼ਾਰੀ। ਦੂਜੇ ਦਿਨ ਸੇਂਟ ਐਲਬਾਨਸ, ਰੈੱਡਲੈਡ, ਐਲਸਟਰੀ ਆਦਿ ਦਾ 130 ਮੀਲ ਸਫ਼ਰ ਤੈਅ ਕਰਕੇ ਯਾਤਰੀ ਸਾਊਥਾਲ ਪਾਰਕ ਪਹੁੰਚੇ।
ਵੈੱਲ ਚਾਈਲਡ“ਲਈ ਦਾਨ ਰਾਸ਼ੀ ਇਕੱਠੀ ਕਰਨ ਹਿਤ ਹੋਈ ਇਸ ਯਾਤਰਾ ਦੌਰਾਨ ਸਾਊਥਾਲ ਜਰਨੈਲੀ ਸੜਕ ਉੱਪਰ ਸੰਸਥਾ ਦੇ ਵਾਹਨ ਅਤੇ ਸਾਈਕਲ ਸਵਾਰਾਂ ਨੂੰ ਲੋਕ ਖੜ-ਖੜ ਵੇਖ ਰਹੇ ਸਨ। ਉੱਤਮ ਕਾਰਜ ਲਈ ਤੁਰੇ ਵਲੰਟੀਅਰ ਢੋਲ ਦੀ ਤਾਲ 'ਤੇ ਭੰਗੜਾ ਪਾ ਕੇ ਅਪਣੀ ਖ਼ੁਸ਼ੀ ਦਾ ਇਜ਼ਹਾਰ ਕਰਦੇ ਵੇਖੇ ਗਏ।
ਸ਼ਾਇਰ ਬਿੱਟੂ ਖੰਗੂੜਾ ਨੇ ਕਿਹਾ ਕਿ ਲੋੜਵੰਦਾਂ ਦੀ ਸਹਾਇਤਾ ਲਈ ਕੀਤੇ ਜਾਂਦੇ ਅਜਿਹੇ ਉਪਰਾਲੇ ਜਿਥੇ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦੇ ਹਨ, ਉਥੇ ਤੰਦਰੁਸਤੀ ਦਾ ਹੋਕਾ ਵੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਹ ਗੱਲ ਬਹੁਤ ਮਾਇਨੇ ਰੱਖਦੀ ਹੈ ਕਿ ਪੰਜਾਬੀ ਭਾਈਚਾਰੇ ਦੇ ਲੋਕ ਵੀ ਬਰਤਾਨਵੀ ਸਮਾਜ ਦਾ ਅਨਿੱਖੜਵਾਂ ਅੰਗ ਬਣ ਕੇ ਵਿਚਰ ਰਹੇ ਹਨ।