
ਫ਼ਰਾਂਸ ਦੀ ਰਾਜਧਾਨੀ ਪੈਰਿਸ ਦੀ ਜੇਲ 'ਚੋਂ ਇਕ ਖ਼ਤਰਨਾਕ ਗੈਂਗਸਟਰ ਫ਼ਿਲਮੀ ਅੰਦਾਜ਼ ਵਿਚ ਫ਼ਰਾਰ ਹੋ ਗਿਆ.......
ਪੈਰਿਸ : ਫ਼ਰਾਂਸ ਦੀ ਰਾਜਧਾਨੀ ਪੈਰਿਸ ਦੀ ਜੇਲ 'ਚੋਂ ਇਕ ਖ਼ਤਰਨਾਕ ਗੈਂਗਸਟਰ ਫ਼ਿਲਮੀ ਅੰਦਾਜ਼ ਵਿਚ ਫ਼ਰਾਰ ਹੋ ਗਿਆ। ਘਟਨਾ ਪੈਰਿਸ ਇਲਾਕੇ ਦੀ ਸੇਨ-ਏ-ਮਾਨ ਜੇਲ ਦੀ ਹੈ, ਜਿਥੋਂ ਇਹ ਕੈਦੀ ਹੈਲੀਕਾਪਟਰ 'ਚ ਸਵਾਰ ਹੋ ਕੇ ਫ਼ਰਾਰ ਹੋਇਆ। ਫ਼ਰਾਂਸੀਸੀ ਅਧਿਕਾਰੀਆਂ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। 46 ਸਾਲਾ ਰੇਡੋਨ ਫ਼ੈਦ ਨੂੰ ਲਿਜਾਣ ਲਈ ਇਕ ਹੈਲੀਕਾਪਟਰ 'ਚ ਸਵਾਰ ਤਿੰਨ ਹਥਿਆਰਬੰਦ ਲੋਕ ਜੇਲ ਅੰਦਰ ਖੁਲ੍ਹੇ ਮੈਦਾਨ ਵਿਚ ਉਤਰੇ ਅਤੇ ਕੈਦੀ ਨੂੰ ਅਪਣੇ ਨਾਲ ਬਿਠਾ ਕੇ ਲੈ ਗਏ। ਫ਼ੈਦ ਨੂੰ ਇਕ ਡਕੈਤੀ ਦੇ ਮਾਮਲੇ ਵਿਚ 25 ਸਾਲ ਕੈਦ ਦੀ ਸਜ਼ਾ ਮਿਲੀ ਸੀ। ਇਸ ਵਾਰਦਾਤ 'ਚ ਇਕ ਪੁਲਿਸ ਅਧਿਕਾਰੀ ਦੀ ਮੌਤ ਹੋ ਗਈ ਸੀ।
ਪੁਲਿਸ ਦਾ ਮੰਨਣਾ ਹੈ ਕਿ ਸਾਲ 2010 'ਚ ਹੋਈ ਇਸ ਡਕੈਤੀ ਦਾ ਮੁੱਖ ਸਾਜ਼ਸ਼ਘਾੜਾ ਫ਼ੈਦ ਹੀ ਸੀ। ਫ਼ੈਦ ਨੂੰ ਇਸ ਮਾਮਲੇ 'ਚ ਅਪ੍ਰੈਲ 2017 ਵਿਚ ਸਜ਼ਾ ਸੁਣਾਈ ਗਈ ਸੀ। ਇਹ ਦੂਜੀ ਵਾਰ ਹੈ ਜਦੋਂ ਫ਼ੈਦ ਜੇਲ ਤੋੜ ਕੇ ਫ਼ਰਾਰ ਹੋਇਆ ਹੈ। ਸਾਲ 2013 'ਚ ਵੀ ਫ਼ੈਦ ਜੇਲ ਤੋੜ ਕੇ ਫ਼ਰਾਰ ਹੋਇਆ ਸੀ। ਹਾਲਾਂਕਿ 6 ਹਫ਼ਤੇ ਬਾਅਦ ਹੀ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਫ਼ਰੈਂਚ ਵੈਬਸਾਈਟ ਯੂਰਪ-1 ਦੀ ਰੀਪੋਰਟ ਮੁਤਾਬਕ ਫ਼ੈਦ ਅਤੇ ਉਸ ਦੇ ਸਾਥੀ ਜੇਲ ਤੋਂ ਬਿਨਾਂ ਕਿਸੇ ਨੂੰ ਜ਼ਖ਼ਮੀ ਕੀਤੇ ਫ਼ਰਾਰ ਹੋ ਗਏ। ਫ਼ਰਾਰ ਹੋਣ ਮਗਰੋਂ ਹੈਲੀਕਾਪਟਰ ਨੂੰ ਬੁਰਜ਼ੇ ਇਲਾਕੇ 'ਚ ਵੇਖਿਆ ਗਿਆ।
ਬਾਅਦ 'ਚ ਸਥਾਨਕ ਪੁਲਿਸ ਨੂੰ ਹੈਲੀਕਾਪਟਰ ਦਾ ਸੜਿਆ ਹੋਇਆ ਮਲਬਾ ਮਿਲਿਆ। ਜ਼ਿਕਰਯੋਗ ਹੈ ਕਿ 1972 'ਚ ਜੰਮਿਆ ਫ਼ੈਦ ਪੈਰਿਸ ਦੇ ਪ੍ਰਸਿੱਧ ਅਪਰਾਧਗ੍ਰਸਤ ਇਲਾਕੇ 'ਚ ਪਲਿਆ ਅਤੇ ਫਿਰ ਅਪਰਾਧ ਦੀ ਦੁਨੀਆਂ 'ਚ ਸ਼ਾਮਲ ਹੋ ਗਿਆ। 1990 ਦੇ ਦਹਾਕੇ 'ਚ ਉਹ ਡਕੈਤੀ ਅਤੇ ਵਸੂਲੀ ਕਰਨ ਵਾਲਾ ਗਰੋਹ ਚਲਾਉਂਦਾ ਸੀ। 2009 'ਚ ਫ਼ੈਦ ਨੇ ਇਕ ਕਿਤਾਬ ਲਿਖੀ। ਇਸ 'ਚ ਉਸ ਨੇ ਪੈਰਿਸ ਦੇ ਅਪਰਾਧਗ੍ਰਸਤ ਇਲਾਕੇ ਦੀ ਜ਼ਿੰਦਗੀ ਅਤੇ ਅਪਰਾਧ ਦੀ ਦੁਨੀਆਂ ਦੇ ਅਪਣੇ ਅਨੁਭਵਾਂ ਬਾਰੇ ਦਸਿਆ ਹੈ। (ਏਜੰਸੀ)