
ਨਾਸਾ ਦੇ ਪੁਲਾੜ ਯਾਤਰੀ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਹੋਏ ਰਵਾਨਾ
ਕੇਨਵਰਲ, 2 ਅਗੱਸਤ : ਸਪੇਸ ਐਕਸ ਵਲੋਂ ਭੇਜੇ ਗਏ ਪਹਿਲੇ ਪੁਲਾੜ ਯਾਤਰੀ ਧਰਤੀ 'ਤੇ ਪਰਤਣ ਲਈ ਸਨਿਚਰਵਾਰ ਰਾਤ ਨੂੰ ਅੰਤਰਰਾਸ਼ਟਰੀ ਪੁਲਾੜ (ਸਪੇਸ) ਸਟੇਸ਼ਨ ਤੋਂ ਰਵਾਨਾ ਹੋ ਗਏ ਅਤੇ ਉਨ੍ਹਾਂ ਨੂੰ ਸਿੱਧਾ ਸਮੁੰਦਰ ਵਿਚ ਉਤਾਰਣ ਦੀ ਯੋਜਨਾ ਹੈ। ਨਾਸਾ ਦੇ ਡਗ ਹਰਲੀ ਅਤੇ ਬਾਬ ਬੇਨਕੇਨ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਐਤਵਾਰ ਸਵੇਰੇ 5 ਵਜੇ ਰਵਾਨਾ ਹੋ ਗਏ ਅਤੇ ਉਹ ਐਤਵਾਰ ਰਾਤ 12 ਵਜੇ ਤਕ ਮੈਕਸੀਕੋ ਦੀ ਖਾੜੀ ਵਿਚ ਉਤਰਣਗੇ।
ਨਾਸਾ 45 ਸਾਲ ਵਿਚ ਪਹਿਲੀ ਵਾਰ ਕਿਸੇ ਪੁਲਾੜ ਯਾਤਰੀ ਨੂੰ ਸਿੱਧਾ ਸਮੁੰਦਰ ਵਿਚ ਉਤਾਰ ਰਿਹਾ ਹੈ। ਆਖ਼ਰੀ ਵਾਰ ਅਮਰੀਕਾ-ਸੋਵਿਅਤ ਦੇ ਸੰਯੁਕਤ ਮਿਸ਼ਨ ਅਪੋਲੋ-ਸੋਉਜ ਨੂੰ 1975 ਵਿਚ ਸਮੁੰਦਰ ਵਿਚ ਉਤਾਰਾ ਗਿਆ ਸੀ। ਫਲੋਰੀਡਾ ਦੇ ਅਟਲਾਂਟਿਕ ਤਟ 'ਤੇ ਊਸ਼ਣਕਟੀਬੰਧੀ ਤੂਫ਼ਾਨ 'ਇਸਾਯਸ' ਦੇ ਪੁੱਜਣ ਦੇ ਖਦਸ਼ੇ ਦੇ ਬਾਵਜੂਦ ਨਾਸਾ ਨੇ ਕਿਹਾ ਕਿ ਪੇਂਸਾਕੋਲਾ ਤਟ 'ਤੇ ਮੌਸਮ ਅਨੁਕੂਲ ਲੱਗ ਰਿਹਾ ਹੈ।
ਪੁਲਾੜ ਏਜੰਸੀ ਨਾਸਾ ਨੇ ਟਵੀਟ ਕਰ ਕੇ ਦਸਿਆ ਕਿ ਸਪੇਸ ਐਕਸ ਡ੍ਰੈਗਨ ਅੰਡੇਵਰ ਪੁਲਾੜ ਤੋਂ ਨਿਕਲ ਚੁੱਕਾ ਹੈ। ਪੁਲਾੜ ਯਾਤਰੀ ਡਗ ਹਰਲੀ ਅਤੇ ਬਾਬ ਬੇਨਕੇਨ ਨੇ ਪੁਲਾੜ ਸਟੇਸ਼ਨ ਤੋਂ ਡ੍ਰੈਗਨ ਕੈਪਸੂਲ ਨੂੰ ਵੱਖ ਕਰ ਲਿਆ ਹੈ ਅਤੇ ਹੁਣ ਉਹ ਧਰਤੀ ਵਲ ਵਧ ਰਹੇ ਹਨ। ਨਾਸਾ ਨੇ ਇਸ ਦੇ ਨਾਲ ਇਕ ਵੀਡੀਉ ਵੀ ਸਾਂਝੀ ਕੀਤੀ ਹੈ। ਡੈਗਨ ਕੈਪਸੂਲ ਕਰੀਬ ਇਕ ਘੰਟੇ ਤੱਕ ਪਾਣੀ ਵਿਚ ਰਹੇਗਾ ਅਤੇ ਇਸ ਤੋਂ ਬਾਅਦ ਇਸ ਨੂੰ ਇਕ ਕਰੇਨ ਜ਼ਰੀਏ ਕੱਢ ਕੇ ਸਪੇਸ ਐਕਸ ਰਿਕਵਰੀ ਸ਼ਿਪ 'ਤੇ ਰਖਿਆ ਜਾਏਗਾ। ਇਸ ਦੌਰਾਨ ਫਲਾਈਟ ਸਰਜਨ ਅਤੇ ਰਿਕਵਰੀ ਦਲ ਦੇ ਮੈਂਬਰ ਮੌਜੂਦ ਰਹਿਣਗੇ।
ਹਰਲੀ ਨੇ ਪੁਲਾੜ ਕੇਂਦਰ ਨੂੰ ਕਿਹਾ, '2 ਮਹੀਨੇ ਸ਼ਾਨਦਾਰ ਰਹੇ।' ਨਾਸਾ ਦੇ ਕੈਨੇਡੀ ਪੁਲਾੜ ਕੇਂਦਰ ਤੋਂ ਹਰਲੀ ਅਤੇ ਬੇਨਕੇਨ ਦੇ 30 ਮਈ ਨੂੰ ਰਵਾਨਾ ਹੋਣ ਦੇ ਨਾਲ ਹੀ ਸਪੇਸ ਐਕਸ ਪੁਲਾੜ ਵਿਚ ਲੋਕਾਂ ਨੂੰ ਭੇਜਣ ਵਾਲੀ ਪਹਿਲੀ ਨਿੱਜੀ ਕੰਪਨੀ ਬਣ ਗਈ। ਹੁਣ ਸਪੇਸ ਐਕਸ ਪੁਲਾੜ ਤੋਂ ਲੋਕਾਂ ਨੂੰ ਵਾਪਸ ਧਰਤੀ 'ਤੇ ਲਿਆਉਣ ਵਾਲੀ ਪਹਿਲੀ ਕੰਪਨੀ ਬਨਣ ਦੀ ਕਗਾਰ 'ਤੇ ਹੈ।
(ਪੀਟੀਆਈ)
ਸਮੁੰਦਰ 'ਤੇ ਉਤਰਨ ਲਈ ਸੱਤ ਸਥਾਨਾਂ ਦੀ ਚੋਣ ਕੀਤੀ
ਕਰੂ ਡਰੈਗਨ ਫਲੋਰਿਡਾ ਦੇ ਨੇੜੇ ਸਮੁੰਦਰ 'ਤੇ ਉੱਤਰ ਸਕਦੇ ਹਨ। ਫਲੋਰਿਡਾ ਦੇ ਤੱਟ 'ਤੇ ਇਸ ਦੇ ਲਈ ਸੱਤ ਥਾਵਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਵਿਚ ਪੈਨਸਕੋਲਾ, ਟੈਂਪਾ, ਟੱਲਹਲਾਸੀ, ਪਨਾਮਾ ਸਿਟੀ, ਕੇਪ ਕੈਨੈਵਰਲ, ਡਾਈਟੋਨਾ ਅਤੇ ਜੈਕਸਨਵਿਲ ਕੋਸਟ ਸ਼ਾਮਲ ਹਨ। ਹਾਲਾਂਕਿ, ਮੌਸਮ ਦੇ ਮੱਦੇਨਜ਼ਰ, ਉਤਰਨ ਤੋਂ ਦੋ ਤੋਂ ਢਾਈ ਘੰਟੇ ਪਹਿਲਾਂ ਅੰਤਮ ਫ਼ੈਸਲਾ ਲਿਆ ਜਾਵੇਗਾ। ਪੁਲਾੜ ਯਾਨ ਨੂੰ ਲੈਂਡਿੰਗ ਲਈ ਚਾਰ ਪੈਰਾਸ਼ੂਟਸ ਨਾਲ ਫਿੱਟ ਕੀਤਾ ਗਿਆ ਹੈ।
ਇਸਾਯਸ ਚੱਕਰਵਾਤ 'ਤੇ ਨਜ਼ਰ ਰੱਖ ਰਹੇ ਵਿਗਿਆਨੀ
ਫਲੋਰਿਡਾ ਦੇ ਤੱਟ ਉੱਤੇ ਉਤਰਨ ਵਿਚ ਇਸਾਯਸ ਚੱਕਰਵਾਤ ਨਾਲ ਕੁਝ ਮੁਸ਼ਕਲ ਹੋ ਸਕਦੀ ਹੈ। ਇਸ ਚੱਕਰਵਾਤ ਦਾ ਅਸਰ ਸਨਿਚਰਵਾਰ ਨੂੰ ਬਹਾਮਾਸ ਵਿਚ ਦੇਖਣ ਨੂੰ ਮਿਲਿਆ। ਫਿਲਹਾਲ ਇਹ ਫਲੋਰਿਡਾ ਵਲ ਵਧਿਆ ਹੈ। ਅਜਿਹੀ ਸਥਿਤੀ ਵਿਚ ਵਿਗਿਆਨੀਆਂ ਦੀ ਇਸ ਉੱਤੇ ਪੂਰੀ ਨਜ਼ਰ ਹੈ। ਸਨਿਚਰਵਾਰ ਨੂੰ ਪੁਲਾੜ ਯਾਤਰੀ ਹਰਲੀ ਨੇ ਅਸਮਾਨ ਤੋਂ ਲਏ ਗਏ ਇਸ ਚੱਕਰਵਾਤ ਦੀ ਇਕ ਤਸਵੀਰ ਟਵੀਟ ਕੀਤੀ। ਉਸਨੇ ਇਸਦੇ ਨਾਲ ਲਿਖਿਆ, ''ਉਮੀਦ ਹੈ, ਇਸ ਰਾਹ ਆਉਣ ਵਾਲੇ ਲੋਕ ਸੁਰੱਖਿਅਤ ਰਹਿਣਗੇ ਅਤੇ ਇਸ ਨਾਲ ਧਰਤੀ 'ਤੇ ਸਾਡੀ ਵਾਪਸੀ 'ਚ ਕੋਈ ਰੁਕਾਵਟ ਨਹੀਂ ਆਵੇਗੀ।''