
ਕਿਹਾ - ਜੇ ਜੰਗ ਹੋਈ ਤਾਂ ਧਰਤੀ 'ਤੇ ਪਹੁੰਚਣ ਵਾਲੀ ਸੂਰਜੀ ਰੌਸ਼ਨੀ 'ਚ 20 ਤੋਂ 35 ਫ਼ੀਸਦੀ ਤਕ ਦੀ ਕਮੀ ਆ ਜਾਵੇਗੀ।
ਵਾਸ਼ਿੰਗਟਨ : ਭਾਰਤ ਅਤੇ ਪਾਕਿਸਤਾਨ ਵਿਚਕਾਰ ਜੇ ਪ੍ਰਮਾਣੂ ਜੰਗ ਹੋਈ ਤਾਂ ਇਕ ਹਫ਼ਤੇ ਅੰਦਰ 50 ਲੱਖ ਤੋਂ 12.5 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਹੈ। ਇਹ ਗਿਣਤੀ 6 ਸਾਲ ਚਲੀ ਦੂਜੀ ਵਿਸ਼ਵ ਜੰਗ 'ਚ ਮਾਰੇ ਗਏ ਲੋਕਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੋਵੇਗੀ। ਇੰਨਾ ਹੀ ਨਹੀਂ, ਇਸ ਨਾਲ ਦੁਨੀਆ ਭਰ 'ਚ ਜਲਵਾਯੂ ਸਬੰਧੀ ਮੁਸ਼ਕਲਾਂ ਪੈਦਾ ਹੋ ਜਾਣਗੀਆਂ।
India-Pakistan nuclear war
ਕੋਲਰਾਡੋ ਬੋਲਡਰ ਯੂਨੀਵਰਸਿਟੀ ਅਤੇ ਰੁਤਗੇਸਰਜ਼ ਯੂਨੀਵਰਸਿਟੀ ਦੇ ਮਾਹਰਾਂ ਦੀ ਇਕ ਰਿਪੋਰਟ 'ਚ ਅੰਦਾਜਾ ਲਗਾਇਆ ਗਿਆ ਹੈ ਕਿ ਜੇ ਭਵਿੱਖ 'ਚ ਅਜਿਹੀ ਜੰਗ ਹੋਈ ਤਾਂ ਉਸ ਦੀ ਤਬਾਹੀ ਅਤੇ ਕੁਪ੍ਰਭਾਵ ਕਿਹੋ ਜਿਹਾ ਅਤੇ ਕੀ ਹੋਵੇਗਾ। ਨਵੀਂ ਦਿੱਲੀ ਵੱਲੋਂ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਵਧੇ ਤਣਾਅ ਨੂੰ ਵੇਖਦਿਆਂ ਮਾਹਰਾਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਕੋਲ ਫਿਲਹਾਲ ਲਗਭਗ 150-150 ਪ੍ਰਮਾਣੂ ਹਥਿਆਰ ਹਨ ਅਤੇ ਸਾਲ 2025 ਤਕ ਇਨ੍ਹਾਂ ਦੀ ਗਿਣਤੀ ਵੱਧ ਕੇ ਦੋਹਾਂ ਦੇਸ਼ਾਂ ਕੋਲ ਲਗਭਗ 200-200 ਤਕ ਹੋ ਸਕਦੀ ਹੈ।
India-Pakistan nuclear war
ਕੋਲਰਾਡੋ ਬੋਲਡਰ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਬ੍ਰਾਇਨ ਟੂਨ ਨੇ ਕਿਹਾ, "ਭਾਰਤ-ਪਾਕਿਸਤਾਨ ਵਿਚਕਾਰ ਜੰਗ ਦੁਨੀਆ 'ਚ ਮੌਤ ਦਰ ਨੂੰ ਦੁਗਣਾ ਕਰ ਸਕਦੀ ਹੈ। ਇਹ ਅਜਿਹਾ ਹੋਵੇਗਾ, ਜਿਸ ਦਾ ਮਨੁੱਖੀ ਅਨੁਭਵ 'ਚ ਕੋਈ ਉਦਾਹਰਣ ਨਹੀਂ ਹੋਵੇਗਾ।" ਰੁਤਗੇਸਰਜ਼ ਯੂਨੀਵਰਸਿਟੀ ਦੇ ਏਲਨ ਰੇਬੋਕ ਨੇ ਕਿਹਾ, "ਅਜਿਹੀ ਜੰਗ ਨਾਲ ਸਿਰਫ਼ ਉਨ੍ਹਾਂ ਥਾਵਾਂ ਨੂੰ ਖ਼ਤਰਾ ਨਹੀਂ ਹੋਵੇਗਾ, ਜਿਥੇ ਬੰਬ ਸੁੱਟੇ ਜਾਣਗੇ, ਸਗੋਂ ਪੂਰੀ ਦੁਨੀਆ ਨੂੰ ਖ਼ਤਰਾ ਹੋਵੇਗਾ।"
India-Pakistan nuclear war
ਰਿਪੋਰਟ 'ਚ ਕਿਹਾ ਗਿਆ ਹੈ ਕਿ ਉਂਜ ਦੋਹਾਂ ਦੇਸ਼ਾਂ ਵਿਚਕਾਰ ਕਸ਼ਮੀਰ ਨੂੰ ਲੈ ਕੇ ਕਈ ਲੜਾਈਆਂ ਹੋਈਆਂ ਹਨ ਪਰ 2025 ਤਕ ਉਨ੍ਹਾਂ ਕੋਲ ਕੁਲ ਮਿਲਾ ਕੇ 400 ਤੋਂ 500 ਪ੍ਰਮਾਣੂ ਹਥਿਆਰ ਹੋਣਗੇ। ਇਸ 'ਚ ਕਿਹਾ ਗਿਆ ਹੈ ਕਿ ਜੇ ਜੰਗ ਹੋਈ ਤਾਂ ਧਰਤੀ 'ਤੇ ਪਹੁੰਚਣ ਵਾਲੀ ਸੂਰਜੀ ਰੌਸ਼ਨੀ 'ਚ 20 ਤੋਂ 35 ਫ਼ੀਸਦੀ ਤਕ ਦੀ ਕਮੀ ਆ ਜਾਵੇਗੀ ਅਤੇ ਇਸ ਗ੍ਰਹਿ ਦਾ ਤਾਪਮਾਨ 2 ਤੋਂ 5 ਡਿਗਰੀ ਸੈਲਸੀਅਸ ਤਕ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ ਜੰਗ ਹੋਣ 'ਤੇ ਪੂਰੀ ਦੁਨੀਆ 'ਚ ਮੀਂਹ ਵਿਚ 15 ਤੋਂ 30 ਫ਼ੀਸਦੀ ਦੀ ਕਮੀ ਆ ਸਕਦੀ ਹੈ। ਧਰਤੀ 'ਤੇ ਦਰੱਖਤ-ਪੌਦਿਆਂ ਦੀ ਗਿਣਤੀ 'ਚ ਵੀ 15 ਤੋਂ 30 ਫ਼ੀਸਦੀ ਤਕ ਦੀ ਕਮੀ ਆ ਸਕਦੀ ਹੈ ਅਤੇ ਸਮੁੰਦਰੀ ਜੀਵਨ 'ਚ 5 ਤੋਂ 15 ਫ਼ੀਸਦੀ ਤਕ ਦੀ ਕਮੀ ਆ ਸਕਦੀ ਹੈ।
India-Pakistan nuclear war
ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਜੰਗ ਦੇ ਸਿੱਧੇ ਪ੍ਰਭਾਅ ਕਾਰਨ ਇਕ ਹਫ਼ਤੇ ਅੰਦਰ ਘੱਟੋ-ਘੱਟ 50 ਲੱਖ ਤੋਂ 12.5 ਕਰੋੜ ਲੋਕਾਂ ਦੀ ਜਾਨ ਜਾ ਸਕਦੀ ਹੈ। ਇਸ ਦੇ ਨਾਲ ਹੀ ਦੁਨੀਆ 'ਚ ਫੈਲਣ ਵਾਲੀ ਭੁਖਮਰੀ ਕਾਰਨ ਵੀ ਮੌਤਾਂ ਦੀ ਗਿਣਤੀ 'ਚ ਵਾਧਾ ਹੋ ਸਕਦਾ ਹੈ।