
ਪਿਅਰੇ ਐਗੋਸਟੀਨੀ (ਅਮਰੀਕਾ), ਫੇਰੈਂਕ ਕਰੌਜ਼ (ਜਰਮਨੀ) ਅਤੇ ਐਨੇ ਲ'ਹੁਲੀਅਰ (ਸਵੀਡਨ) ਨੂੰ ਮਿਲਿਆ ਪੁਰਸਕਾਰ
ਭੌਤਿਕ ਵਿਗਿਆਨ ’ਚ ਨੋਬੇਲ ਪੁਰਸਕਾਰ ਜਿੱਤਣ ਵਾਲੀ ਪੰਜਵੀਂ ਔਰਤ ਬਣੀ ਐਨੇ ਲ'ਹੁਲੀਅਰ
ਨਵੀਂ ਦਿੱਲੀ: ਰੌਇਲ ਸਵੀਡਿਸ਼ ਅਕਾਦਮੀ ਆਫ਼ ਸਾਇੰਸਿਜ਼ ਨੇ ਮੰਗਲਵਾਰ ਨੂੰ ਪ੍ਰਕਾਸ਼ ਦੀ ਬਹੁਤ ਛੋਟੀਆਂ ਤਰੰਗਾਂ ਨਾਲ ਇਕਲੈਕਟ੍ਰਾਨਾਂ ਦੀ ਦੁਨੀਆਂ ਦੀ ਖੋਜ ਲਈ ਭੌਤਿਕ ਵਿਗਿਆਨ ’ਚ 2023 ਦਾ ਨੋਬੇਲ ਪੁਰਸਕਾਰ ਦਿਤਾ।
2023 ਦਾ ਇਹ ਨੋਬਲ ਪੁਰਸਕਾਰ ਅਮਰੀਕਾ ਦੀ ਓਹੀਓ ਸਟੇਟ ਯੂਨੀਵਰਸਿਟੀ ਤੋਂ ਪਿਏਰੇ ਐਗੋਸਟੀਨੀ ਨੂੰ; ਮੈਕਸ ਪਲੈਂਕ ਇੰਸਟੀਚਿਊਟ ਆਫ ਕੁਆਂਟਮ ਆਪਟਿਕਸ, ਜਰਮਨੀ ਤੋਂ ਫਰੈਂਕ ਕ੍ਰੌਜ਼; ਅਤੇ ਲੁੰਡ ਯੂਨੀਵਰਸਿਟੀ, ਸਵੀਡਨ ਤੋਂ ਐਨੇ ਲ’ਹੁਲੀਅਰ ਨੂੰ ਸਾਂਝੇ ਤੌਰ ’ਤੇ ਦਿਤਾ ਗਿਆ ਹੈ। 110 ਲੱਖ ਸਵੀਡਿਸ਼ ਕਰੋਨਾ ਦੀ ਇਨਾਮੀ ਰਕਮ ਪੁਰਸਕਾਰ ਜੇਤੂਆਂ ’ਚ ਬਰਾਬਰ ਸਾਂਝੀ ਕੀਤੀ ਜਾਵੇਗੀ।
ਨੋਬੇਲ ਪੁਰਸਕਾਰਾਂ ਦੇ 122 ਸਾਲਾਂ ਦੇ ਇਤਿਹਾਸ ’ਚ ਐਨੇ ਲ'ਹੁਲੀਅਰ ਨੋਬੇਲ ਪੁਰਸਕਾਰ ਜਿੱਤਣ ਵਾਲੀ ਸਿਰਫ਼ ਪੰਜਵੀਂ ਔਰਤ ਹਨ। ਇਸ ਤੋਂ ਪਹਿਲਾਂ ਮੇਰੀ ਕਿਊਰੀ, ਮਾਰੀਆ ਗੋਏਪਰਟ-ਮੇਅਰ (1963), ਡੋਨਾ ਸਟ੍ਰਿਕਲੈਂਡ (2018), ਐਂਡਰੀਆ ਗੇਜ਼ (2020) ਇਹ ਪੁਰਸਕਾਰ ਜਿੱਤ ਚੁਕੀਆਂ ਹਨ।
ਇਹ ਪੁਰਸਕਾਰ ਪ੍ਰਯੋਗਾਤਮਕ ਤਰੀਕਿਆਂ ਲਈ ਦਿਤਾ ਗਿਆ ਸੀ ਜਿਸ ’ਚ ਪਦਾਰਥ ਅੰਦਰ ਇਲੈਕਟ੍ਰੌਨਾਂ ਦੀ ਗਤੀਸ਼ੀਲਤਾ ਦਾ ਅਧਿਐਨ ਕਰਨ ਲਈ ਪ੍ਰਕਾਸ਼ ਦੇ ‘ਐਟੋਸੈਕੰਡ ਪਲਸ’ ਪੈਦਾ ਕੀਤੇ ਗਏ ਸਨ।
ਇਸ ਖੋਜ ਦਾ ਪ੍ਰਯੋਗ ਬਹੁਤ ਸਾਰੇ ਵੱਖ-ਵੱਖ ਅਹਿਮ ਖੇਤਰਾਂ ’ਚ ਹੋ ਸਕਦਾ ਹੈ। ਉਦਾਹਰਨ ਲਈ, ਇਲੈਕਟ੍ਰੋਨਿਕਸ ’ਚ ਇਹ ਸਮਝਣਾ ਅਤੇ ਕੰਟਰੋਲ ਕਰਨਾ ਮਹੱਤਵਪੂਰਨ ਹੈ ਕਿ ਇਲੈਕਟ੍ਰੋਨ ਕਿਸੇ ਸਮੱਗਰੀ ’ਚ ਕਿਵੇਂ ਵਿਵਹਾਰ ਕਰਦੇ ਹਨ। ਐਟੋਸੈਕੰਡ ਤਰੰਗਾਂ ਨੂੰ ਬਿਮਾਰੀਆਂ ਦੀ ਪਛਾਣ ’ਚ ਵੀ ਵਰਤਿਆ ਜਾ ਸਕਦਾ ਹੈ।
ਇਲੈਕਟ੍ਰੌਨਾਂ ਦੀ ਦੁਨੀਆਂ ’ਚ, ਇਕ ਐਟੋਸੈਕੰਡ ਦੇ ਕੁਝ ਦਸਵੇਂ ਹਿੱਸੇ ’ਚ ਤਬਦੀਲੀਆਂ ਹੁੰਦੀਆਂ ਹਨ, ਇਕ ਐਟੋਸੈਕੰਡ ਇੰਨਾ ਛੋਟਾ ਹੁੰਦਾ ਹੈ ਕਿ ਇਕ ਸਕਿੰਟ ਵਿਚ ਜਿੰਨੇ ਐਟੋਸੈਕੰਡ ਹੁੰਦੇ ਹਨ ਓਨੇ ਹੀ ਸੈਕਿੰਡ ਬ੍ਰਹਿਮੰਡ ਦੇ ਜਨਮ ਤੋਂ ਬਾਅਦ ਹੁਣ ਤਕ ਹੋ ਚੁੱਕੇ ਹਨ।
ਤਿੰਨਾਂ ਦੇ ਪ੍ਰਯੋਗਾਂ ਨੇ ਪ੍ਰਕਾਸ਼ ਦੀਆਂ ਇੰਨੀਆਂ ਛੋਟੀਆਂ ਤਰੰਗਾਂ ਪੈਦਾ ਕੀਤੀਆਂ ਹਨ ਕਿ ਉਨ੍ਹਾਂ ਨੂੰ ਐਟੋਸੈਕੰਡਾਂ ’ਚ ਮਾਪਿਆ ਜਾਂਦਾ ਹੈ। ਇਨ੍ਹਾਂ ਤਰੰਗਾਂ ਨੂੰ ਪਰਮਾਣੂਆਂ ਅਤੇ ਅਣੂਆਂ ਦੇ ਅੰਦਰ ਹੋਣ ਵਾਲੀਆਂ ਪ੍ਰਕਿਰਿਆਵਾਂ ਦੀਆਂ ਤਸਵੀਰਾਂ ਖਿੱਚਣ ਲਈ ਵਰਤਿਆ ਜਾ ਸਕਦਾ ਹੈ।
ਅਕੈਡਮੀ ਨੇ ਇਕ ਬਿਆਨ ’ਚ ਕਿਹਾ, ‘‘ਭੌਤਿਕ ਵਿਗਿਆਨ 2023 ’ਚ ਤਿੰਨ ਨੋਬਲ ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਪ੍ਰਯੋਗਾਂ ਲਈ ਮਾਨਤਾ ਦਿਤੀ ਜਾ ਰਹੀ ਹੈ ਜਿਨ੍ਹਾਂ ਨੇ ਮਨੁੱਖਤਾ ਨੂੰ ਪਰਮਾਣੂਆਂ ਅਤੇ ਅਣੂਆਂ ਦੇ ਅੰਦਰ ਇਲੈਕਟ੍ਰੌਨਾਂ ਦੀ ਦੁਨੀਆਂ ਦੀ ਖੋਜ ਕਰਨ ਲਈ ਨਵੇਂ ਸਾਧਨ ਦਿਤੇ ਹਨ।’’
ਪੀਅਰੇ ਔਗਸਟਿਨੀ, ਫੇਰੈਂਕ ਕਰੌਜ਼ ਅਤੇ ਐਨੇ ਲ'ਹੁਲੀਅਰ ਨੇ ਪ੍ਰਕਾਸ਼ ਦੀਆਂ ਬਹੁਤ ਛੋਟੀਆਂ ਤਰੰਗਾਂ ਬਣਾਉਣ ਦਾ ਇਕ ਤਰੀਕਾ ਪ੍ਰਦਰਸ਼ਿਤ ਕੀਤਾ ਹੈ ਜੋ ਤੇਜ਼ ਪ੍ਰਕਿਰਿਆਵਾਂ ਨੂੰ ਮਾਪਣ ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ’ਚ ਇਲੈਕਟ੍ਰੋਨ ਚਲਦੇ ਹਨ।’’
ਭੌਤਿਕ ਵਿਗਿਆਨ ਲਈ ਨੋਬਲ ਕਮੇਟੀ ਦੀ ਚੇਅਰ ਈਵਾ ਓਲਸਨ ਨੇ ਕਿਹਾ, ‘‘ਹੁਣ ਅਸੀਂ ਇਲੈਕਟ੍ਰੌਨਾਂ ਦੀ ਦੁਨੀਆਂ ਦਾ ਦਰਵਾਜ਼ਾ ਖੋਲ੍ਹ ਸਕਦੇ ਹਾਂ। ਐਟੋਸੈਕੰਡ ਭੌਤਿਕ ਵਿਗਿਆਨ ਸਾਨੂੰ ਉਨ੍ਹਾਂ ਵਿਧੀਆਂ ਨੂੰ ਸਮਝਣ ਦਾ ਮੌਕਾ ਦਿੰਦਾ ਹੈ ਜੋ ਇਲੈਕਟ੍ਰੌਨਾਂ ਰਾਹੀਂ ਕੰਟਰੋਲ ਹੁੰਦੇ ਹਨ। ਅਗਲਾ ਕਦਮ ਉਨ੍ਹਾਂ ਦੀ ਵਰਤੋਂ ਕਰਨਾ ਹੋਵੇਗਾ।’’